ਪਤਨੀ ਨੂੰ ਜ਼ਿੰਦਾ ਸਾੜਨ ਦੇ ਦੋਸ਼ੀ ਵਿਪਿਨ ਭਾਟੀ ਦਾ ਐਨਕਾਊਂਟਰ
ਪੁਲਿਸ ਮੁਤਾਬਕ, ਜਦੋਂ ਦੋਸ਼ੀ ਪੁਲਿਸ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੀ ਲੱਤ 'ਚ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਸਿਰਸਾ ਚੌਰਾਹੇ ਨੇੜੇ ਵਾਪਰੀ।

By : Gill
ਦੋਸ਼ੀ ਵਿਪਿਨ ਭਾਟੀ ਦਾ ਐਨਕਾਊਂਟਰ, ਪੁਲਿਸ ਨੇ ਲੱਤ 'ਚ ਮਾਰੀ ਗੋਲੀ
ਗ੍ਰੇਟਰ ਨੋਇਡਾ ਵਿੱਚ ਆਪਣੀ ਪਤਨੀ ਨਿੱਕੀ ਨੂੰ ਦਾਜ ਲਈ ਜ਼ਿੰਦਾ ਸਾੜਨ ਦੇ ਦੋਸ਼ੀ ਵਿਪਿਨ ਭਾਟੀ ਦਾ ਪੁਲਿਸ ਨਾਲ ਮੁਕਾਬਲਾ ਹੋਇਆ। ਪੁਲਿਸ ਮੁਤਾਬਕ, ਜਦੋਂ ਦੋਸ਼ੀ ਪੁਲਿਸ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੀ ਲੱਤ 'ਚ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਸਿਰਸਾ ਚੌਰਾਹੇ ਨੇੜੇ ਵਾਪਰੀ।
ਦੋਸ਼ੀ ਨੂੰ ਅਦਾਲਤ ਲਿਜਾਂਦੇ ਸਮੇਂ ਹੋਇਆ ਮੁਕਾਬਲਾ
ਪੁਲਿਸ ਨੇ ਦੱਸਿਆ ਕਿ ਦੋਸ਼ੀ ਵਿਪਿਨ ਨੂੰ ਅਦਾਲਤ 'ਚ ਪੇਸ਼ੀ ਲਈ ਲਿਜਾਇਆ ਜਾ ਰਿਹਾ ਸੀ, ਜਦੋਂ ਉਸ ਨੇ ਇੰਸਪੈਕਟਰ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਦੀ ਲੱਤ 'ਚ ਗੋਲੀ ਮਾਰ ਦਿੱਤੀ। ਇਸ ਘਟਨਾ ਤੋਂ ਪਹਿਲਾਂ, ਪੁਲਿਸ ਨੇ ਕੱਲ੍ਹ ਸ਼ਾਮ ਹੀ ਵਿਪਿਨ ਭਾਟੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਘਟਨਾ ਦੀ ਵੀਡੀਓ ਸਾਹਮਣੇ ਆਈ ਸੀ।
ਪਤਨੀ ਨੂੰ ਆਪਣੇ ਪੁੱਤਰ ਦੇ ਸਾਹਮਣੇ ਸਾੜਿਆ
ਪਿਛਲੇ ਵੀਰਵਾਰ ਨੂੰ ਨਿੱਕੀ ਨੂੰ ਉਸ ਦੇ ਸਹੁਰਿਆਂ ਨੇ ਕਥਿਤ ਤੌਰ 'ਤੇ ਕੁੱਟਿਆ ਅਤੇ ਫਿਰ ਉਸ ਦੇ ਵਾਲਾਂ ਤੋਂ ਫੜ ਕੇ ਉਸ ਦੀ ਭੈਣ ਅਤੇ ਛੇ ਸਾਲ ਦੇ ਪੁੱਤਰ ਦੇ ਸਾਹਮਣੇ ਅੱਗ ਲਗਾ ਦਿੱਤੀ। ਨਿੱਕੀ ਦੇ ਪੁੱਤਰ ਨੇ ਦੱਸਿਆ, "ਉਨ੍ਹਾਂ ਨੇ ਮੇਰੀ ਮਾਂ 'ਤੇ ਕੁਝ ਪਾਇਆ, ਉਸ ਨੂੰ ਥੱਪੜ ਮਾਰਿਆ ਅਤੇ ਫਿਰ ਲਾਈਟਰ ਨਾਲ ਅੱਗ ਲਗਾ ਦਿੱਤੀ।" ਇਸ ਘਟਨਾ ਤੋਂ ਬਾਅਦ, ਨਿੱਕੀ ਦੇ ਪਿਤਾ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਦੋਸ਼ੀਆਂ ਦੇ ਐਨਕਾਊਂਟਰ ਦੀ ਮੰਗ ਵੀ ਕੀਤੀ ਸੀ।
ਘਟਨਾ ਦੇ ਦੋ ਵੀਡੀਓ ਹੋਏ ਵਾਇਰਲ
ਇਸ ਮੰਦਭਾਗੀ ਘਟਨਾ ਦੇ ਦੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇੱਕ ਵੀਡੀਓ ਵਿੱਚ, ਵਿਪਿਨ ਨੂੰ ਨਿੱਕੀ 'ਤੇ ਹਮਲਾ ਕਰਦੇ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਖਿੱਚਦੇ ਦੇਖਿਆ ਜਾ ਸਕਦਾ ਹੈ, ਜਦੋਂ ਕਿ ਦੂਜੇ ਵੀਡੀਓ ਵਿੱਚ, ਨਿੱਕੀ ਸੜਨ ਤੋਂ ਬਾਅਦ ਪੌੜੀਆਂ ਚੜ੍ਹਦੀ ਦਿਖਾਈ ਦੇ ਰਹੀ ਹੈ।
ਨਿੱਕੀ ਦੀ ਭੈਣ ਕੰਚਨ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਸਹੁਰਿਆਂ ਨੇ 36 ਲੱਖ ਰੁਪਏ ਦੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਉਸ ਦੀ ਭੈਣ ਨੂੰ ਮਾਰਿਆ। ਕੰਚਨ ਨੇ ਇਹ ਵੀ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਦਾਜ ਲਈ ਤੰਗ ਅਤੇ ਕੁੱਟਿਆ ਜਾ ਰਿਹਾ ਸੀ, ਅਤੇ ਘਟਨਾ ਸਮੇਂ ਬੱਚੇ ਵੀ ਉਸੇ ਘਰ ਵਿੱਚ ਮੌਜੂਦ ਸਨ।
ਇਲਾਜ ਦੌਰਾਨ ਨਿੱਕੀ ਦੀ ਹੋਈ ਮੌਤ
ਗ੍ਰੇਟਰ ਨੋਇਡਾ ਦੇ ਏਡੀਸੀਪੀ ਸੁਧੀਰ ਕੁਮਾਰ ਨੇ ਦੱਸਿਆ ਕਿ 21 ਅਗਸਤ ਨੂੰ ਫੋਰਟਿਸ ਹਸਪਤਾਲ ਤੋਂ ਜਾਣਕਾਰੀ ਮਿਲੀ ਸੀ ਕਿ ਇੱਕ ਔਰਤ ਗੰਭੀਰ ਰੂਪ 'ਚ ਸੜਨ ਕਾਰਨ ਦਾਖਲ ਹੈ। ਉਸ ਨੂੰ ਬਾਅਦ ਵਿੱਚ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ 'ਚ ਵਿਪਿਨ ਭਾਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਨਿੱਕੀ ਅਤੇ ਵਿਪਿਨ ਦਾ ਵਿਆਹ 2016 'ਚ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਸਾਰੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


