ਮਾਰੇ ਗਏ ਪ੍ਰਦੀਪ ਦੇ ਮਾਪਿਆਂ ਦੇ ਪਰਿਵਾਰ ਦੀ ਡਾ ਉਬਰਾਏ ਨੇ ਫੜੀ ਬਾਂਹ
ਡਾ. ਓਬਰਾਏ, ਜੋ ਦੁਨੀਆ ਭਰ 'ਚ ਰੱਬੀ ਫਰਿਸ਼ਤੇ ਵਜੋਂ ਮਸ਼ਹੂਰ ਹਨ, ਨੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਪ੍ਰਦੀਪ

ਭੈਣ ਦੇ ਵਿਆਹ ਲਈ 2 ਲੱਖ ਰੁਪਏ, ਮਾਪਿਆਂ ਲਈ 2500 ਰੁਪਏ ਮਹੀਨਾ ਪੈਨਸ਼ਨ; ਮਾਂ ਦੇ ਵਿਰਲਾਪ ਨੇ ਹਰ ਅੱਖ ਨਮ ਕਰ ਦਿੱਤੀ
ਅੰਮ੍ਰਿਤਸਰ, 3 ਮਈ –
ਦੁਬਈ 'ਚ ਹੋਏ ਭਿਆਨਕ ਸੜਕ ਹਾਦਸੇ 'ਚ ਜ਼ਿੰਦਗੀ ਗੁਆ ਬੈਠੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਦੇ 27 ਸਾਲਾ ਪ੍ਰਦੀਪ ਸਿੰਘ ਦਾ ਮ੍ਰਿਤਕ ਸਰੀਰ ਅੱਜ ਡਾ. ਐੱਸ.ਪੀ. ਸਿੰਘ ਓਬਰਾਏ ਦੀ ਕੋਸ਼ਿਸ਼ਾਂ ਨਾਲ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ 'ਤੇ ਪਹੁੰਚਿਆ। ਪ੍ਰਦੀਪ, ਜੋ ਆਪਣੇ ਪਰਿਵਾਰ ਦੇ ਸੁਨਹਿਰੀ ਭਵਿੱਖ ਦੀ ਆਸ ਨਾਲ ਛੇ ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ, 10 ਅਪ੍ਰੈਲ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਲੱਗੀ ਅੱਗ 'ਚ ਬਹੁਤ ਬੁਰੀ ਤਰ੍ਹਾਂ ਝੁਲਸ ਗਿਆ ਸੀ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।
ਡਾ. ਓਬਰਾਏ, ਜੋ ਦੁਨੀਆ ਭਰ 'ਚ ਰੱਬੀ ਫਰਿਸ਼ਤੇ ਵਜੋਂ ਮਸ਼ਹੂਰ ਹਨ, ਨੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਪ੍ਰਦੀਪ ਦਾ ਸਰੀਰ ਮੁਫ਼ਤ ਐਂਬੂਲੈਂਸ ਰਾਹੀਂ ਪਰਿਵਾਰ ਤੱਕ ਪਹੁੰਚਾਇਆ। ਘਰ ਪਹੁੰਚ ਕੇ, ਜਦੋਂ ਉਨ੍ਹਾਂ ਨੇ ਪ੍ਰਦੀਪ ਦੇ ਮਾਪਿਆਂ ਦਾ ਦੁੱਖ ਵੇਖਿਆ, ਉਹ ਖੁਦ ਵੀ ਭਾਵੁਕ ਹੋ ਗਏ। ਪਰਿਵਾਰ ਦੀ ਆਰਥਿਕ ਹਾਲਤ ਨੂੰ ਵੇਖਦਿਆਂ, ਡਾ. ਓਬਰਾਏ ਨੇ ਪ੍ਰਦੀਪ ਦੀ ਵੱਡੀ ਭੈਣ ਦੇ ਵਿਆਹ ਲਈ 2 ਲੱਖ ਰੁਪਏ ਅਤੇ ਬੇਵੱਸ ਪਿਤਾ ਲਈ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸੰਧੂ, ਨਵਜੀਤ ਸਿੰਘ ਘਈ, ਹਰਜਿੰਦਰ ਸਿੰਘ ਹੇਰ ਅਤੇ ਹੋਰ ਮੈਂਬਰ ਵੀ ਮੌਜੂਦ ਸਨ। ਪਰਿਵਾਰ ਨੇ ਡਾ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਔਖੀ ਘੜੀ 'ਚ ਉਨ੍ਹਾਂ ਵੱਲੋਂ ਮਿਲੀ ਮਦਦ ਉਨ੍ਹਾਂ ਲਈ ਅਮੂਲ ਹੈ। ਜ਼ਿਕਰਯੋਗ ਹੈ ਕਿ ਡਾ. ਓਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਹੁਣ ਤੱਕ 411 ਦੇ ਕਰੀਬ ਵਿਦੇਸ਼ਾਂ 'ਚ ਮਰੇ ਨੌਜਵਾਨਾਂ ਦੇ ਸਰੀਰ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾ ਚੁੱਕੀ ਹੈ।