Donkey Route tragedy: ਮੈਕਸੀਕੋ 'ਚ ਭੁੱਖ-ਪਿਆਸ ਨਾਲ ਦਮ ਤੋੜਨ ਵਾਲੇ ਮੋਹਾਲੀ ਦੇ ਨੌਜਵਾਨ ਦਾ 4 ਮਹੀਨਿਆਂ ਬਾਅਦ ਹੋਇਆ ਅੰਤਿਮ ਸੰਸਕਾਰ
ਜਿਸ ਕਾਰਨ ਉਸ ਦੀ ਲਾਸ਼ ਨੂੰ ਭਾਰਤੀ ਸਾਬਤ ਕਰਨ ਅਤੇ ਦੇਸ਼ ਵਾਪਸ ਲਿਆਉਣ ਵਿੱਚ ਪਰਿਵਾਰ ਨੂੰ ਚਾਰ ਮਹੀਨਿਆਂ ਦੀ ਲੰਬੀ ਕਾਨੂੰਨੀ ਲੜਾਈ ਲੜਨੀ ਪਈ।

By : Gill
ਮੋਹਾਲੀ: 14 ਫਰਵਰੀ, 2026
ਮੋਹਾਲੀ ਦੇ ਪਿੰਡ ਸਮਗੋਲੀ ਦੇ 28 ਸਾਲਾ ਨੌਜਵਾਨ ਹਰਦੀਪ ਸਿੰਘ ਦੀ ਮੈਕਸੀਕੋ ਵਿੱਚ ਹੋਈ ਦਰਦਨਾਕ ਮੌਤ ਤੋਂ ਚਾਰ ਮਹੀਨਿਆਂ ਬਾਅਦ ਅੱਜ ਉਸ ਦੀ ਦੇਹ ਪਿੰਡ ਪਹੁੰਚੀ, ਜਿੱਥੇ ਨਮ ਅੱਖਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅਮਰੀਕਾ ਜਾ ਕੇ ਸੁਪਨੇ ਪੂਰੇ ਕਰਨ ਦੀ ਚਾਹਤ ਵਿੱਚ ਹਰਦੀਪ ਸਿੰਘ ਜੁਲਾਈ 2024 ਵਿੱਚ 'ਡੌਂਕੀ ਰੂਟ' ਰਾਹੀਂ ਘਰੋਂ ਨਿਕਲਿਆ ਸੀ, ਪਰ ਏਜੰਟਾਂ ਦੀ ਧੋਖਾਧੜੀ ਅਤੇ ਮੈਕਸੀਕੋ ਦੇ ਜੰਗਲਾਂ ਵਿੱਚ ਭੁੱਖ-ਪਿਆਸ ਦੀ ਮਾਰ ਨੇ ਉਸ ਦੀ ਜਾਨ ਲੈ ਲਈ। ਇਸ ਮਾਮਲੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਇਹ ਰਹੀ ਕਿ ਏਜੰਟਾਂ ਨੇ ਹਰਦੀਪ ਦੇ ਨੇਪਾਲੀ ਦਸਤਾਵੇਜ਼ ਜਾਅਲੀ ਤੌਰ 'ਤੇ ਤਿਆਰ ਕੀਤੇ ਸਨ, ਜਿਸ ਕਾਰਨ ਉਸ ਦੀ ਲਾਸ਼ ਨੂੰ ਭਾਰਤੀ ਸਾਬਤ ਕਰਨ ਅਤੇ ਦੇਸ਼ ਵਾਪਸ ਲਿਆਉਣ ਵਿੱਚ ਪਰਿਵਾਰ ਨੂੰ ਚਾਰ ਮਹੀਨਿਆਂ ਦੀ ਲੰਬੀ ਕਾਨੂੰਨੀ ਲੜਾਈ ਲੜਨੀ ਪਈ।
ਪਰਿਵਾਰ ਮੁਤਾਬਕ ਉਨ੍ਹਾਂ ਨੇ ਹਰਦੀਪ ਨੂੰ ਅਮਰੀਕਾ ਭੇਜਣ ਲਈ ਏਜੰਟਾਂ ਨੂੰ ਲਗਭਗ 38 ਲੱਖ ਰੁਪਏ ਦਿੱਤੇ ਸਨ, ਪਰ ਮੈਕਸੀਕੋ ਪਹੁੰਚਣ ਤੋਂ ਬਾਅਦ ਏਜੰਟਾਂ ਨੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਕੋਈ ਸਹਾਇਤਾ ਨਹੀਂ ਦਿੱਤੀ। ਮ੍ਰਿਤਕ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਹਰਦੀਪ ਨੇ ਮੌਤ ਤੋਂ ਕੁੱਝ ਦਿਨ ਪਹਿਲਾਂ ਇੱਕ ਵੀਡੀਓ ਭੇਜ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਵੀ ਲਗਾਈ ਸੀ। ਲਾਸ਼ ਨੂੰ ਭਾਰਤ ਲਿਆਉਣ ਲਈ ਪੁਲਿਸ ਅਤੇ ਦੂਤਾਵਾਸ ਦੀ ਮਦਦ ਨਾਲ ਹਰਦੀਪ ਦੇ ਫਿੰਗਰਪ੍ਰਿੰਟ ਭਾਰਤ ਤੋਂ ਮੈਕਸੀਕੋ ਭੇਜੇ ਗਏ, ਜਿਸ ਤੋਂ ਬਾਅਦ ਉਸ ਦੀ ਭਾਰਤੀ ਨਾਗਰਿਕਤਾ ਦੀ ਪੁਸ਼ਟੀ ਹੋਈ। ਡੇਰਾਬੱਸੀ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਟ੍ਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਹੈ।


