ਦਿਲਜੀਤ ਦੋਸਾਂਝ ਨੂੰ ਬਾਰਡਰ 2 ਫਿਲਮ ਵਿਚੋਂ ਨਹੀਂ ਕੱਢਿਆ, ਨਿਕਲੀ ਅਫ਼ਵਾਹ
ਰਿਪੋਰਟਾਂ ਆਈਆਂ ਕਿ 'ਬਾਰਡਰ 2' ਤੋਂ ਦਿਲਜੀਤ ਨੂੰ ਹਟਾਇਆ ਜਾ ਸਕਦਾ ਹੈ, ਤੇ ਉਨ੍ਹਾਂ ਦੇ ਸੀਨ ਕਿਸੇ ਹੋਰ ਅਦਾਕਾਰ ਨਾਲ ਮੁੜ-ਸ਼ੂਟ ਹੋਣਗੇ।

ਦਿਲਜੀਤ ਦੋਸਾਂਝ ਇਨ੍ਹਾਂ ਦਿਨੀਂ ਆਪਣੀ ਫਿਲਮ 'ਸਰਦਾਰਜੀ 3' ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਇਹ ਅਫਵਾਹਾਂ ਵਾਪਰ ਰਹੀਆਂ ਸਨ ਕਿ 'ਸਰਦਾਰਜੀ 3' ਨਾਲ ਜੁੜੇ ਵਿਵਾਦਾਂ ਦੇ ਚਲਦੇ ਦਿਲਜੀਤ ਨੂੰ 'ਬਾਰਡਰ 2' ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਖ਼ਬਰਾਂ ਵਿਚ ਦੱਸਿਆ ਜਾ ਰਿਹਾ ਸੀ ਕਿ ਐਮੀ ਵਿਰਕ ਨੂੰ ਦਿਲਜੀਤ ਦੀ ਥਾਂ ਲਿਆ ਜਾ ਸਕਦਾ ਹੈ, ਪਰ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਦਿਲਜੀਤ ਅਜੇ ਵੀ 'ਬਾਰਡਰ 2' ਦਾ ਹਿੱਸਾ ਹਨ।
ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਫਿਲਮ ਦੀ ਟੀਮ ਨਾਲ ਜੁੜੇ ਹੋਏ ਹਨ। ਵੀਡੀਓ ਵਿੱਚ ਦਿਲਜੀਤ ਫੌਜੀ ਅਫਸਰ ਦੀ ਵਰਦੀ ਵਿੱਚ ਵੈਨਿਟੀ ਵੈਨ ਤੋਂ ਉਤਰਦੇ ਨਜ਼ਰ ਆਉਂਦੇ ਹਨ, ਜਦਕਿ ਪਿੱਛੇ 'ਘਰ ਕਬ ਆਓਗੇ' ਗੀਤ ਚੱਲ ਰਿਹਾ ਹੈ। ਉਨ੍ਹਾਂ ਦੇ ਆਸ-ਪਾਸ ਕਈ ਲੋਕ ਹਨ ਜੋ ਉਨ੍ਹਾਂ ਦੇ ਕੱਪੜੇ ਤੇ ਮੇਕਅੱਪ ਦੀ ਤਿਆਰੀ ਕਰ ਰਹੇ ਹਨ। ਦਿਲਜੀਤ ਵੀ ਸ਼ੀਸ਼ੇ ਵਿੱਚ ਆਪਣੀਆਂ ਮੁੱਛਾਂ ਵਧੀਆ ਕਰਦੇ ਦਿਖਦੇ ਹਨ।
ਇਹ ਵੀਡੀਓ ਦੇਖ ਕੇ ਉਹ ਪ੍ਰਸ਼ੰਸਕ, ਜੋ ਪਹਿਲਾਂ ਦਿਲਜੀਤ ਦੀ ਆਲੋਚਨਾ ਕਰ ਰਹੇ ਸਨ, ਹੁਣ ਉਨ੍ਹਾਂ ਦੀ ਵਾਪਸੀ 'ਤੇ ਖੁਸ਼ੀ ਜਤਾਉਂਦੇ ਨਜ਼ਰ ਆ ਰਹੇ ਹਨ। ਕਈ ਲੋਗ ਉਨ੍ਹਾਂ ਨੂੰ ਮੁਬਾਰਕਾਂ ਦੇ ਰਹੇ ਹਨ ਅਤੇ ਆਉਣ ਵਾਲੀ ਫਿਲਮ ਲਈ ਉਤਸ਼ਾਹਤ ਹਨ।
'ਸਰਦਾਰਜੀ 3' ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਮੌਜੂਦਗੀ ਕਰਕੇ ਫਿਲਮ ਵੱਡੇ ਵਿਵਾਦ 'ਚ ਆ ਗਈ ਸੀ, ਜਿਸ ਕਾਰਨ ਇਸਨੂੰ ਭਾਰਤ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਇਸ ਮਾਮਲੇ 'ਚ ਦਿਲਜੀਤ ਨੂੰ ਸੋਸ਼ਲ ਮੀਡੀਆ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਸਾਰੇ ਹਲਾਤਾਂ ਵਿਚ ਕਈ ਰਿਪੋਰਟਾਂ ਆਈਆਂ ਕਿ 'ਬਾਰਡਰ 2' ਤੋਂ ਦਿਲਜੀਤ ਨੂੰ ਹਟਾਇਆ ਜਾ ਸਕਦਾ ਹੈ, ਤੇ ਉਨ੍ਹਾਂ ਦੇ ਸੀਨ ਕਿਸੇ ਹੋਰ ਅਦਾਕਾਰ ਨਾਲ ਮੁੜ-ਸ਼ੂਟ ਹੋਣਗੇ।
ਹਾਲਾਂਕਿ, NDTV ਦੀ ਰਿਪੋਰਟ ਅਨੁਸਾਰ, ਫਿਲਮ ਨਿਰਮਾਤਾਵਾਂ ਦੇ ਇੱਕ ਸਰੋਤ ਨੇ ਪੁਸ਼ਟੀ ਕੀਤੀ ਹੈ ਕਿ ਦਿਲਜੀਤ ਦੋਸਾਂਝ ਅਜੇ ਵੀ 'ਬਾਰਡਰ 2' ਦੀ ਕਾਸਟ ਦਾ ਹਿੱਸਾ ਹਨ ਅਤੇ ਉਨ੍ਹਾਂ ਨੂੰ ਫਿਲਮ ਤੋਂ ਨਹੀਂ ਹਟਾਇਆ ਗਿਆ।