Begin typing your search above and press return to search.

ਭਾਰਤ ਨਾਲ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਵਪਾਰ ਸਮਝੌਤਿਆਂ ਵਿੱਚ ਫਰਕ

ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਐਸੇ ਸਮਝੌਤੇ ਦਾ ਜ਼ਿਕਰ ਨਹੀਂ ਕੀਤਾ ਪਰ ਆਪਣੇ ਐਕਸ ਅਕਾਊਂਟ ਤੇ ਇਹ ਜਾਣਕਾਰੀ ਦਿੱਤੀ ਕਿ ਅਮਰੀਕਾ ਨੇ ਭਾਰਤੀ ਨਿਰਯਾਤ ਵਸਤਾਂ ਤੇ ਟੈਰਫ 50% ਤੋਂ ਘਟਾ ਕੇ 18 ਪ੍ਰਤੀਸ਼ਤ ਕਰ ਦਿੱਤਾ ਹੈ।

ਭਾਰਤ ਨਾਲ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਵਪਾਰ ਸਮਝੌਤਿਆਂ ਵਿੱਚ ਫਰਕ
X

GillBy : Gill

  |  10 Feb 2026 8:03 AM IST

  • whatsapp
  • Telegram

ਦਰਬਾਰਾ ਸਿੰਘ ਕਾਹਲੋਂ

ਪਿਛਲੇ ਦਿਨੀ ਭਾਰਤ ਨੇ ਦੋ ਵਪਾਰਕ ਸਮਝੌਤੇ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨਾਲ ਕੀਤੇ ।ਇੱਕ ਸਮਝੌਤਾ 27 ਜਨਵਰੀ 2026 ਨੂੰ ਯੂਰਪੀਨ ਯੂਨੀਅਨ ਨਾਲ ਦਿੱਲੀ ਵਿਖੇ ਯੂਰਪੀਅਨ ਯੂਨੀਅਨ ਦੀ ਪ੍ਰਧਾਨ ਉਰਸਲਾ ਵਨ ਡਰ ਲੇਨ ਅਤੇ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਕੀਤਾ ਗਿਆ ।ਦੂਸਰਾ ਸਮਝੌਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਟੈਲੀਫੋਨਿਕ ਗੱਲਬਾਤ ਰਾਹੀਂ ਕੀਤਾ ਗਿਆ ।

ਹੈਰਾਨਗੀ ਇਸ ਗੱਲ ਦੀ ਹੈ ਕਿ ਜਿਵੇਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਪਰੇਸ਼ਨ ਸੰਦੂਰ ਅਧੀਨ ਚਾਰ ਰੋਜ਼ਾ ਜੰਗ ਦੀ ਜੰਗਬੰਦੀ ਦਾ ਖੁਲਾਸਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੀਤਾ ਗਿਆ ਸੀ ਉਵੇਂ ਹੀ ਦੋ ਫਰਵਰੀ ਨੂੰ ਉਹਨਾਂ ਵੱਲੋਂ ਉਨਾਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨਿਕ ਗੱਲਬਾਤ ਰਾਹੀਂ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰਕ ਸਮਝੌਤੇ ਬਾਰੇ ਖੁਲਾਸਾ ਉਹਨਾਂ ਨੇ ਖੁਸ਼ੀ ਖੁਸ਼ੀ ਆਪਣੇ ਟਰੁਥ ਸੋਸ਼ਲ ਅਕਾਊਂਟ ਰਾਹੀਂ ਦਿੱਤਾ ਜਿਸ ਨੂੰ ਬਾਅਦ ਵਿੱਚ ਭਾਰਤੀ ਅਧਿਕਾਰੀਆਂ ਕੈਬਨਟ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਵਣਜ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਤਸਦੀਕ ਕਰਦਿਆਂ ਭਾਰਤੀ ਲੋਕਾਂ ਨੂੰ ਦੱਸਿਆ।

ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਐਸੇ ਸਮਝੌਤੇ ਦਾ ਜ਼ਿਕਰ ਨਹੀਂ ਕੀਤਾ ਪਰ ਆਪਣੇ ਐਕਸ ਅਕਾਊਂਟ ਤੇ ਇਹ ਜਾਣਕਾਰੀ ਦਿੱਤੀ ਕਿ ਅਮਰੀਕਾ ਨੇ ਭਾਰਤੀ ਨਿਰਯਾਤ ਵਸਤਾਂ ਤੇ ਟੈਰਫ 50% ਤੋਂ ਘਟਾ ਕੇ 18 ਪ੍ਰਤੀਸ਼ਤ ਕਰ ਦਿੱਤਾ ਹੈ।

ਜਾਣਕਾਰੀ :

ਦੋਹਾਂ ਦੇਸ਼ਾਂ ਨੇ ਇਸ ਵਪਾਰਕ ਸਮਝੌਤੇ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਨਾ ਹੀ ਵਾਸ਼ਿੰਗਟਨ ਜਾਂ ਦਿੱਲੀ ਵਿਖੇ ਅਧਿਕਾਰੀਆਂ ਅਤੇ ਮੰਤਰੀਆਂ ਦਰਮਿਆਨ ਅਜਿਹੇ ਦਸਤਾਵੇਜਾਂ ਦੇ ਅਦਾਨ ਪ੍ਰਦਾਨ ਦਾ ਜ਼ਿਕਰ ਆਇਆ। ਇੰਝ ਲੱਗਦਾ ਹੈ ਕਿ ਜਿਵੇਂ ਅਮਰੀਕੀ ਆਪ ਹੁਦਰੇ , ਪਥਾੜੇਬਾਜ ,ਧਾਕੜ ਅਤੇ ਵਿਸ਼ਵ ਥਾਣੇਦਾਰ ਰਾਸ਼ਟਰਪਤੀ ਟਰੰਪ ਨੇ ਜਿਵੇਂ ਕਹਿ ਦਿੱਤਾ ਉਵੇਂ ਹੀ ਸਾਡੇ ਪ੍ਰਧਾਨ ਮੰਤਰੀ ਨੇ ਸਿਰ ਹਿਲਾਉਂਦਿਆਂ "ਤਥਾ ਅਸਤੂ "ਕਹਿ ਦਿੱਤਾ। ਜਿਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਡੈਵੋਸ ਵਿਖੇ ਇਤਿਹਾਸਕ ਅਤੇ ਸ਼ਾਨਦਾਰ ਭਾਸ਼ਣ ਵਿੱਚ ਅਜੋਕੇ ਗਲ ਸੜ ਚੁਕੇ ਗਲੋਬਲ ਨਿਜ਼ਾਮ ਬਾਰੇ ਕਿਹਾ ਸੀ ਕਿ ਇਸ ਵਿੱਚ ਤਾਂ ਜੋਰਾਵਰ ਦਾ ਸਤੀ ਵੀਂਹ ਸੌ ਚਲਦਾ ਹੈ ।ਕੁਝ ਐਸਾ ਹੀ ਅਮਰੀਕਾ ਵੱਲੋਂ ਭਾਰਤ ਨਾਲ ਕੀਤਾ ਗਿਆ ਹੈ ਇਹ ਸਮਝੌਤਾ ਭਾਰਤ ਤੇ ਲੱਦਿਆ ਗਿਆ ਹੈ ।ਭਾਰਤ ਦੀ ਪ੍ਰਭੂ ਸੱਤਾ ਨਾਲ ਖਿਲਵਾੜ ਕੀਤਾ ਗਿਆ ਹੈ ।

ਟਰੰਪ ਦੇ ਦਾਅਵੇ :

ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰੂਸ ਤੋਂ ਤੇਲ ਲੈਣਾ ਬੰਦ ਕਰਨ ਅਤੇ ਇਸ ਦੀ ਥਾਂ ਅਮਰੀਕਾ ਤੇ ਵੈਨਜੂਵੇਲਾ ਤੋਂ ਲੈਣ ਦੀ ਸਹਿਮਤੀ ਦੇ ਦਿੱਤੀ ਹੈ। ਪਹਿਲਾਂ ਅਮਰੀਕਾ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਲੈਣ ਦੇ ਵਿਰੋਧ ਵਿੱਚ ਭਾਰਤੀ ਵਸਤਾਂ ਤੇ ਜੋ ਅਮਰੀਕਾ ਨੂੰ ਨਿਰਯਾਤ ਹੁੰਦੀਆਂ ਸਨ ਤੇ 25 ਪ੍ਰਤੀਸ਼ਤ ਜੁਰਮਾਨੇ ਵਜੋਂ ਟੈਰਫ ਠੋਕ ਦਿੱਤਾ ਸੀ ।ਪਰ ਭਾਰਤ ਨੇ ਇਸ ਦੀ ਜਰਾ ਪਰਵਾਹ ਨਾ ਕਰਦਿਆਂ ਰੂਸ ਤੋਂ ਸਸਤਾ ਤੇ ਵੱਡੀ ਪੱਧਰ ਤੇ ਤੇਲ ਖਰੀਦਣਾ ਜਾਰੀ ਰੱਖਿਆ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਐਸੇ ਜੁਰਮਾਨੇ ਨੂੰ ਗੈਰ ਵਾਜਬ, ਗੈਰ ਮੁਨਸਫਾਨਾ ਅਤੇ ਤਰਕਹੀਨ ਦਰਸਾਇਆ ਸੀ ।ਵੈਨਜੁਏਲਾ ਦਾ ਤੇਲ ਸਭ ਤੋਂ ਗੰਦਾ ਹੈ ਅਤੇ ਇਸ ਨੂੰ ਸਾਫ ਕਰਨ ਵਾਲੀਆਂ ਰਿਫਾਇਨਰੀਆਂ ਵੀ ਅਮਰੀਕਾ ਵਿੱਚ ਹੀ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਭਾਰਤ ਨੂੰ ਵੈਨਜਵੇਲਾ ਦਾ ਤੇਲ ਵੀ ਅਮਰੀਕਾ ਤੋਂ ਹੀ ਖਰੀਦਣਾ ਪਵੇਗਾ। ਕਿਆ ਗੁਲਾਮੀ ਹੈ ?

ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਤੋਂ ਊਰਜਾ ,ਤਕਨੀਕ ,ਖੇਤੀ ਵਸਤਾਂ ,ਕੋਲਾ ਅਤੇ ਹੋਰ ਕਈ ਵਸਤਾਂ 500 ਬਿਲੀਅਨ ਡਾਲਰ ਭਾਵ 45.5 ਲੱਖ ਕਰੋੜ ਰੁਪਏ ਦੀਆਂ ਸਲਾਨਾ ਖਰੀਦਣ ਦਾ ਵਾਅਦਾ ਕੀਤਾ ਹੈ ।ਲੇਕਿਨ ਭਾਰਤ ਨੇ ਐਸੇ ਕਿਸੇ ਵਾਅਦੇ ਦਾ ਜ਼ਿਕਰ ਨਹੀਂ ਕੀਤਾ। ਅਖੇ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਿਉਣ ।

ਭਾਰਤ ਪਹਿਲਾਂ ਅਮਰੀਕੀ ਵਸਤਾਂ ਤੇ 10 ਤੋਂ 110 ਪ੍ਰਤੀਸ਼ਤ ਟੈਰਫ ਲਗਾਉਂਦਾ ਸੀ ਪਰ ਨਵੇਂ ਸਮਝੌਤੇ ਅਧੀਨ ਅਮਰੀਕੀ ਵਸਤਾਂ ਤੇ ਜੀਰੋ ਪ੍ਰਤੀਸ਼ਤ ਲਗਾਏਗਾ ਜਦਕਿ ਅਮਰੀਕਾ ਭਾਰਤੀ ਵਸਤਾ ਤੇ 18% ਟੈਰਫ ਲਗਾਏਗਾ। ਭਲਾ ਇਹ ਕੈਸੀ ਡੀਲ ਹੈ ?ਟਰੰਪ ਦੇ 45ਵੇਂ ਰਾਸ਼ਟਰਪਤੀ ਕਾਲ ਸਮੇਂ ਭਾਰਤੀ ਵਸਤਾ ਤੇ 15 ਪ੍ਰਤੀਸ਼ਤ ਟੈਰਫ ਲੱਗਦਾ ਸੀ ਜੋ ਹੁਣ ਉਸਨੇ 18 ਪ੍ਰਤੀਸ਼ਤ ਕਰ ਦਿੱਤਾ ਹੈ ।

ਹਕੀਕਤ :

ਇੱਕ ਪਾਸੇ ਕੈਬਨਟ ਮੰਤਰੀ ਪਿਊਸ਼ ਗੋਇਲ ਸੰਸਦ ਵਿੱਚ ਇਕ ਤਾਂ ਇਸ ਸਮਝੌਤੇ ਨੂੰ ਬਹੁਤ ਵਧੀਆ ਅਤੇ ਵਿਕਾਸ ਮਈ ਦੱਸਦੇ ਹਨ ਅਤੇ ਦੂਸਰੇ ਪਾਸੇ ਇਹ ਦਾਵਾ ਕਰਦੇ ਹਨ ਕਿ ਇਸ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਰੱਖਿਆ ਗਿਆ ਹੈ ਜਦਕਿ ਅਮਰੀਕੀ ਖੇਤੀ ਸਕੱਤਰ ਬਰੁਕ ਰਾਲਿਨਜ ਦਾ ਕਹਿਣਾ ਹੈ ਕਿ ਇਸ ਸਮਝੌਤੇ ਅਧੀਨ ਭਾਰਤ ਦੀ ਵੱਡੀ ਮਾਰਕੀਟ ਵਿੱਚ ਅਮਰੀਕੀ ਖੇਤੀ ਵਸਤਾਂ ਦਾ ਨਿਰਯਾਤ ਕੀਤਾ ਜਾਵੇਗਾ ।ਇਸ ਵਿੱਚ ਅਮਰੀਕੀ ਬੀਜ ਰਸਾਇਣਕ ਖਾਦਾਂ ਕੀੜੇ ਮਾਰ ਦਵਾਈਆਂ ਅਤੇ ਡੇਅਰੀ ਆਦਿ ਵਸਤਾਂ ਦੀ ਸਪਲਾਈ ਵੀ ਸ਼ਾਮਿਲ ਹੈ।ਇਸ ਨਾਲ ਮੋਦੀ ਸਰਕਾਰ ਵੱਲੋਂ ਭਾਰਤੀ ਕਿਸਾਨੀ ਨੂੰ ਗੁਮਰਾਹ ਕਰਨ ਦਾ ਪੋਲ ਖੁੱਲ ਗਿਆ ।ਇਸ ਨਾਲ ਭਾਰਤ ਦੀ ਕਿਸਾਨੀ ਬੁਰੀ ਤਰਹਾਂ ਪ੍ਰਭਾਵਿਤ ਹੋਏਗੀ ਕਿਸਾਨੀ ਨੇ ਜੋ ਸ੍ਰੀ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਲੇ ਕਾਨੂੰਨ 750 ਕਿਸਾਨਾਂ ਦੀ ਬਲੀ ਬਾਅਦ ਵਾਪਸ ਲਏ ਸਨ ਉਨਾਂ ਨੂੰ ਹੁਣ ਅਸਿੱਧੇ ਢੰਗ ਨਾਲ ਲਾਗੂ ਕਰਨ ਲਈ ਵੱਡਾ ਧਾੜਵੀ ਸੱਦ ਲਿਆ ਹੈ ਜੋ ਉਹਨਾਂ ਤੋਂ ਕਈ ਗੁਣਾ ਵੱਧ ਨੁਕਸਾਨ ਕਰੇਗਾ ।ਕਿਸਾਨੀ ਦੀਆਂ ਵਸਤਾਂ ਆਉਣੇ ਪੌਣੇ ਮੁੱਲ ਤੇ ਰੁਲਣਗੀਆਂ ।ਕਿਸਾਨੀ ਮੁੜ ਸੜਕਾਂ ਤੇ ਉਤਰੇਗੀ ਅਤੇ ਭਾਰਤ ਅੰਦਰ ਸਮਾਜਿਕ ਰਾਜਨੀਤਿਕ ਆਰਥਿਕ ਇੰਤਸਾਰ ਫੈਲੇਗਾ ।

ਭਾਰਤ ਲਈ ਇਸ ਸਮਝੌਤੇ ਨੂੰ ਲਾਹੇਵੰਦ ਦਰਸਾਉਂਦੇ ਸ੍ਰੀ ਗੋਇਲ ਕਹਿੰਦੇ ਹਨ ਕਿ ਜਿੱਥੇ ਅਮਰੀਕਾ ਨੇ ਪਾਕਿਸਤਾਨ ਅਤੇ ਇੰਡੋਨੇਸ਼ੀਆ ਤੇ 19 ਜਪਾਨ ਅਤੇ ਕੋਰੀਆ ਤੇ 24 ਅਤੇ ਚੀਨ ਤੇ 34ਪ੍ਰਤੀਸ਼ਤ ਟੈਰਫ ਲਗਾਇਆ ਹੋਇਆ ਹੈ ਉੱਥੇ ਭਾਰਤੀ ਵਸਤਾਂ ਤੇ 18% ਟੈਰਫ ਲਗਾਇਆ ਜਾਏਗਾ।ਭਾਰਤੀ ਮਾਰਕੀਟ ਤੇ ਇੱਕ ਪ੍ਰਤੀਸ਼ਤ ਟੈਰਫ ਦਾ ਮਤਲਬ ਹੈ ਇਕ ਸਾਲ ਵਿੱਚ ਇਕ ਬਿਲੀਅਨ ਡਾਲਰ ਦਾ ਘਾਟਾ। ਹੈਰਾਨਗੀ ਦੀ ਗੱਲ ਇਹ ਸੀ ਕਿ ਇਸ ਸਮੇਂ ਸੰਸਦ ਵਿੱਚ ਕਿਸਾਨੀ ਨਾਲ ਸੰਬੰਧਿਤ 147 ਸਾਂਸਦ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਰਹੇ ।ਦਰਅਸਲ ਸ਼ਾਇਦ ਉਹਨਾਂ ਨੂੰ ਸਮਝ ਹੀ ਨਹੀਂ ਕਿ ਇਹ ਸਮਝੌਤਾ ਆਖਰ ਕੀ ਬਲਾ ਹੈ ?

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਮਝੌਤਾ ਗੌਤਮ ਅਡਾਨੀ ਨੂੰ ਅਮਰੀਕਾ ਅੰਦਰ ਭਰਿਸ਼ਟਾਚਾਰ ਦੋਸ਼ਾਂ ਤੋਂ ਬਚਾਉਣ ਲਈ ਕੀਤਾ ਗਿਆ ਹੈ ਗ੍ਰਿਹ ਮੰਤਰੀ ਅਮਿਤ ਸ਼ਾਹ ਅਨੁਸਾਰ ਇਹ ਸਮਝੌਤਾ ਮੇਕ ਇਨ ਇੰਡੀਆ ਪ੍ਰੋਗਰਾਮ ਨੂੰ ਹੋਰ ਮਜਬੂਤ ਬਣਾਏਗਾ ਭਾਰਤ ਨੂੰ ਤੀਸਰੀ ਵਿਸ਼ਵ ਅਰਥ ਵਿਵਸਥਾ ਵਜੋਂ ਉਭਰਨ ਵਿੱਚ ਸਹਾਈ ਹੋਵੇਗਾ ।

ਪੰਜਾਬ ਮਾਰੂ :

ਇਹ ਸਮਝੌਤਾ ਭਾਰਤ ਦੇ ਖੇਤੀ ਪ੍ਰਧਾਨ ਪੰਜਾਬ ਰਾਜ ਲਈ ਅਤੀ ਮਾਰੂ ਸਾਬਤ ਹੋਵੇਗਾ ।ਭਾਰਤ ਸਰਕਾਰ ਨੇ ਇਸ ਦਾ ਪ੍ਰਬੰਧ ਪਹਿਲਾ ਹੀ ਕਰ ਰੱਖਿਆ ਹੈ ਜਿਵੇਂ ਪੰਜਾਬ ਵਿੱਚ ਵਧੀਆ ਮੰਡੀਕਰਨ ਲਈ ਮੁੱਖ ਮੰਤਰੀ ਲਛਮਣ ਸਿੰਘ ਨੇ ਪੇਂਡੂ ਲਿੰਕ ਸੜਕਾਂ ਦਾ ਜਾਲ ਵਿਛਾਇਆ ਸੀ ਉਵੇਂ ਹੀ ਗਲੋਬਲ ਮੰਡੀਕਰਨ ਜੋ ਹੁਣ ਅਮਰੀਕਾ ਵੱਲੋਂ ਲੁੱਟ ਦਾ ਕਾਰਨ ਬਣੇਗਾ ਪੰਜਾਬ ਵਿੱਚ 2700 ਕਿਲੋਮੀਟਰ ਚਾਰ ਮਾਰਗੀ ਸੜਕਾਂ ਦਾ ਜਾਲ 48000 ਏਕੜ ਜਮੀਨ ਤੇ ਉਸਾਰ ਰੱਖਿਆ ਹੈ ।ਪੰਜਾਬ ਦੀ ਕਿਸਾਨੀ ਇਸ ਸਮਝੌਤੇ ਨੂੰ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਕਰੇਗੀ ।

ਯੂਰਪੀਅਨ ਯੂਨੀਅਨ ਸਮਝੌਤਾ :

ਦੂਸਰੇ ਪਾਸੇ ਯੂਰਪੀਅਨ ਯੂਨੀਅਨ ਨਾਲ ਭਾਰਤ ਵੱਲੋਂ ਕੀਤਾ ਗਿਆ ਵਪਾਰ ਸਮਝੌਤਾ ਇਸ ਨਾਲੋਂ ਹਰ ਪੱਖੋਂ ਵਧੀਆ ਸੰਤੁਲਿਤ ਅਤੇ ਆਪਸੀ ਵਿਕਾਸ ਦਾ ਜਾਮਨ ਹੈ। ਇਹ ਸਮਝੌਤਾ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਯੂਰਪੀਅਨ ਯੂਨੀਅਨ ਦੀ ਚੇਅਰਪਰਸਨ ਉਰਸਲਾ ਵਾਨ ਡਰ ਲੇਨ ਦੀ ਹਾਜਰੀ ਵਿੱਚ ਦਿੱਲੀ ਵਿਖੇ ਸੰਪੰਨ ਹੋਇਆ ।ਦਰਅਸਲ ਭਾਰਤ ਅਤੇ ਯੂਰਪੀਅਨ ਯੂਨੀਅਨ ਦਰਮਿਆਨ ਖੁੱਲੇ ਵਪਾਰ ਬਾਰੇ ਸਮਝੌਤਾ ਕਰਨ ਦੀ ਗੱਲਬਾਤ ਪਿਛਲੇ ਦੋ ਦਹਾਕਿਆਂ ਤੋਂ ਜਾਰੀ ਸੀ ਜੋ ਹੁਣ ਸਿਰੇ ਚੜ ਗਈ ਹੈ ।ਅਜੇ ਸਹਿਮਤੀ ਹੋਈ ਹੈ ਅਗਲੇ ਛੇ ਸੱਤ ਮਹੀਨਿਆਂ ਵਿੱਚ ਇਸ ਤੇ ਅਮਲ ਜਾਰੀ ਹੋਏਗਾ ਜਦੋਂ ਯੂਰਪੀਅਨ ਯੂਨੀਅਨ ਜਿਸ ਵਿੱਚ 27 ਦੇਸ਼ ਸ਼ਾਮਿਲ ਹਨ ਆਪੋ ਆਪਣੀਆਂ ਪਾਰਲੀਮੈਂਟਾਂ ਅਤੇ ਭਾਰਤ ਇਸ ਨੂੰ ਆਪਣੀ ਪਾਰਲੀਮੈਂਟ ਵਿੱਚ ਪਾਸ ਕਰਾਉਣਗੇ ।ਇੱਥੇ ਇਹ ਵਰਣਨ ਯੋਗ ਹੈ ਕਿ ਯੂਰਪੀਅਨ ਯੂਨੀਅਨ ਦੇ ਸਾਰੇ ਦੇਸ਼ ਇਕੋ ਕਾਨੂੰਨ ਤਹਿਤ ਸਮਝੌਤੇ ਕਰਦੇ ਹਨ ।

ਭਾਰਤ ਅਤੇ ਯੂਰਪੀਨ ਯੂਨੀਅਨ ਸਮਝੌਤਾ ਵਿਸ਼ਵ ਦੀ 25ਪ੍ਰਤੀਸ਼ਤ ਜੀਡੀਪੀ ਅਧਾਰਤ ਬਹੁਤ ਵੱਡਾ ਸਮਝੌਤਾ ਹੈ ਜੋ ਦੁਨੀਆ ਦੇ ਕੁਲ ਵਪਾਰ ਦਾ 33% ਹੋਵੇਗਾ ।ਯੂਰਪੀਅਨ ਯੂਨੀਅਨ ਵਿਸ਼ਵ ਦੀ ਦੂਸਰੀ ਅਤੇ ਭਾਰਤ ਚੌਥੀ ਵੱਡੀ ਆਰਥਿਕਤਾ ਹਨ ।ਇਹਨਾਂ ਦੋਵਾਂ ਧਿਰਾਂ ਦੀ ਕੁੱਲ ਆਬਾਦੀ ਵਿਸ਼ਵ ਦੀ 25 ਪ੍ਰਤੀਸ਼ਤ ਹੈ ਭਾਵ ਭਾਰਤ ਦੀ 140 ਕਰੋੜ ਅਤੇ ਯੂਰਪੀਅਨ ਯੂਨੀਅਨ ਦੀ 45 ਕਰੋੜ ।ਇਸ ਸਮਝੌਤੇ ਤਹਿਤ ਯੂਰਪੀਅਨ ਯੂਨੀਅਨ ਭਾਰਤ ਨੂੰ 99.5% ਅਤੇ ਭਾਰਤ ਯੂਰਪੀਅਨ ਯੂਨੀਅਨ ਨੂੰ 97.5% ਵਪਾਰ ਤੇ ਛੋਟ ਦੇਵੇਗਾ ਭਾਰਤ ਦੇ 93 ਪ੍ਰਤੀਸ਼ਤ ਵਪਾਰ ਤੇ ਜ਼ੀਰੋ ਪ੍ਰਤੀਸ਼ਤ ਟੈਰਫ ਹੋਵੇਗਾ ਅਤੇ ਤਿੰਨ ਪ੍ਰਤੀਸ਼ਤ ਤੇ ਹੌਲੀ ਹੌਲੀ ਘਟਾਇਆ ਜਾਏਗਾ ।ਇਵੇਂ ਹੀ ਯੂਰਪੀਅਨ ਯੂਨੀਅਨ ਦੇ 90% ਤੇ ਜੀਰੋ ਪ੍ਰਤੀਸ਼ਤ ਅਤੇ ਤਿੰਨ ਪ੍ਰਤੀਸ਼ਤ ਤੇ ਹੌਲੀ ਹੌਲੀ ਟੈਰਫ ਘਟਾਇਆ ਜਾਏਗਾ ।ਭਾਰਤ 76 ਬਿਲੀਅਨ ਡਾਲਰ ਦਾ ਨਿਰਯਾਤ ਅਤੇ 61 ਬਿਲੀਅਨ ਡਾਲਰ ਦਾ ਆਯਾਤ ਯੂਰਪੀਅਨ ਯੂਨੀਅਨ ਨਾਲ ਕਰੇਗਾ । ਯੂਰਪ ਦੇ ਕੁੱਲ ਵਪਾਰ ਦਾ 17ਪ੍ਰਤੀਸ਼ਤ ਭਾਰਤ ਨਿਰਯਾਤ ਕਰੇਗਾ। ਯੂਰਪ ਭਾਰਤ ਨੂੰ ਨੌ ਪ੍ਰਤੀਸ਼ਤ ਨਿਰਯਾਤ ਕਰਦਾ ਹੈ ।

ਖੇਤੀ ਸੈਕਟਰ ਵਿੱਚ ਡੇਅਰੀ , ਚਾਵਲ ਅਤੇ ਕੁਝ ਹੋਰ ਵਸਤਾਂ ਨੂੰ ਬਾਹਰ ਰੱਖਿਆ ਗਿਆ ਹੈ ।ਪ੍ਰੋਸੈਸਡ ਫੂਡ ਜੋ ਯੂਰਪ ਤੋਂ ਆਉਂਦੀ ਹੈ ਉਸਦੇ 50 ਪ੍ਰਤੀਸ਼ਤ ਤੋਂ ਟੈਰਫ ਘਟਾ ਕੇ ਜੀਰੋ ਪ੍ਰਤੀਸ਼ਤ ਕੀਤਾ ਗਿਆ ਹੈ। ਸ਼ੀਪ ਮੀਟ ਤੇ 33 ਤੋਂ ਘਟਾ ਕੇ 0% ਕੀਤਾ ਗਿਆ ਹੈ।ਚਟਣੀਆਂ ਤੇ 150 ਤੋਂ ਘਟਾ ਕੇ 50 ,ਲਗਜ਼ਰੀ ਕਾਰਾਂ ਤੇ 110 ਤੋਂ ਘਟਾ ਕੇ 40% ਜੋ ਅੱਗੋਂ ਪਹਿਲਾਂ 10ਅਤੇ ਫਿਰ ਤਿੰਨ ਪ੍ਰਤੀਸ਼ਤ ਤੱਕ ਘਟਾਇਆ ਜਾਏਗਾ। ਇਲੈਕਟਰਿਕ ਕਾਰਾਂ ਦੇ ਭਾਰਤੀ ਬਾਜ਼ਾਰ ਨੂੰ ਬਚਾਉਣ ਲਈ ਬਾਹਰ ਰੱਖਿਆ ਗਿਆ ਹੈ ।ਯੂਰਪੀਅਨ ਵਾਈਨ ਤੇ 150 ਤੋਂ ਘਟਾ ਕੇ 20ਪ੍ਰਤੀਸ਼ਤ ਕੀਤਾ ਗਿਆ ਹੈ । ਲੇਕਿਨ ਢਾਈ ਪੌਂਡ ਤੋਂ ਘੱਟ ਕੀਮਤ ਵਾਈਨ ਤੇ ਕੋਈ ਛੋਟ ਨਹੀਂ ਭਾਵ ਭਾਰਤੀ ਸ਼ਰਾਬ ਇੰਡਸਟਰੀ ਦੀ ਸੁਰੱਖਿਆ ਕਰਨਾ ।ਬੀਅਰ ਤੇ 110% ਟੈਰਫ ਘਟਾ ਕੇ 50 ਕੀਤਾ ਜਾਵੇਗਾ ਭਾਰਤ ਵਿੱਚ ਆਲਵ ਆਇਲ, ਮਾਰਗਰੇਨ ,ਵੈਜੀਟੇਬਲ ਆਇਲ ਜੋ ਘੱਟ ਹਨ ਤੇ 45 ਤੋਂ ਟੈਰਫ ਘਟਾ ਕੇ 0% ਕੀਤਾ ਜਾਵੇਗਾ ।ਕੈਮੀਕਲਜ ਤੇ 22ਪ੍ਰਤੀਸ਼ਤ ਤੋਂ ਘਟਾ ਕੇ ਜੀਰੋ ਪ੍ਰਤੀਸ਼ਤ ਕੀਤਾ ਜਾਵੇਗਾ ।ਡਿਜੀਟਲ ਸੇਵਾਵਾਂ ਦੀ ਤਜਾਰਤ 26 ਬਿਲੀਅਨ ਡਾਲਰ ਹੋਵੇਗੀ ।ਇਲੈਕਟਰੋਨਿਕ ਵਪਾਰ ਜੋ 50 ਬਿਲੀਅਨ ਡਾਲਰ ਹੈ ਅਗਲੇ 10 ਸਾਲਾਂ ਵਿੱਚ 100 ਬਿਲੀਅਨ ਡਾਲਰ ਹੋਣ ਦੀ ਸੰਭਾਵਨਾ ਹੈ ।ਕਦੇ ਇਸ ਵਿੱਚ ਪਹਿਲਾਂ ਜਪਾਨ ਫਿਰ ਸਾਊਥ ਕੋਰੀਆ ,ਚੀਨ ਅਤੇ ਤਾਈਵਾਨ ਦੀ ਸਰਦਾਰੀ ਸੀ ਜੋ ਅੱਜ ਭਾਰਤ ਕੋਲ ਹੈ। ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਇਹ ਪੂਰੇ ਵਿਸ਼ਵ ਵਿੱਚ ਫੈਲੇਗਾ ।ਜਲਵਾਯੂ, ਮਾਨਵ ਅਧਿਕਾਰ, ਆਪਸੀ ਝਗੜਿਆਂ ਦਾ ਨਿਪਟਾਰਾ ਅਤੇ ਜੈਨਰਕ ਦਵਾਈਆਂ ਦੇ ਸਟੈਂਡਰਡ ਸਬੰਧੀ ਮਸਲੇ ਆਪਸੀ ਸਹਿਮਤੀ ਨਾਲ ਤਹਿ ਕੀਤੇ ਜਾਣਗੇ ।

ਕਮਾਲ ਦੀ ਗੱਲ ਇਹ ਹੈ ਕਿ ਅਮਰੀਕਾ ਅਤੇ ਇਸ ਤੇ ਵੱਡੇ ਕਾਰਪੋਰੇਟਰ ਸੈਕਟਰ ਇਸ ਸਮਝੌਤੇ ਵੱਲ ਗਉ ਨਾਲ ਝਾਕ ਰਹੇ ਹਨ ।ਦਰਅਸਲ ਜਿਨਾਂ ਰਾਸ਼ਟਰਾਂ ਨਾਲ ਕਿਸੇ ਰਾਸ਼ਟਰ ਦੇ ਆਰਥਿਕ ਸਬੰਧ ਗੂੜੇ ਹੋ ਜਾਂਦੇ ਹਨ ਉਹ ਉਹਨਾਂ ਨਾਲ ਲੜਨ ਤੋਂ ਪਹਿਲਾਂ 100 ਵਾਰੀ ਸੋਚੇਗਾ ।ਭਵਿੱਖ ਵਿੱਚ ਜੇਕਰ ਭਾਰਤ ,ਯੂਰਪੀਅਨ ਯੂਨੀਅਨ, ਚੀਨ ,ਰੂਸ ,ਈਰਾਨ ,ਦੱਖਣੀ ਅਫਰੀਕਾ, ਬਰਾਜੀਲ ਆਦਿ ਵੱਡੇ ਆਰਥਿਕ ਭਾਈਵਾਲ ਬਣ ਜਾਂਦੇ ਹਨ ਤਾਂ ਅਮਰੀਕਾ ਜੋ ਹਰ ਵਕਤ ਅੱਗ ਉਗਲਦਾ ਰਹਿੰਦਾ ਹੈ ਨੂੰ ਛੇਤੀ ਹੀ ਠੰਡ ਪੈ ਜਾਵੇਗੀ ।ਉਸ ਦੀ ਥਾਣੇਦਾਰੀ ਨੂੰ ਲਗਾਮ ਲੱਗੇਗੀ ਅਤੇ ਇਸ ਵਿਸ਼ਵ ਅੰਦਰ ਡਾਕਟਰ ਮਨਮੋਹਨ ਸਿੰਘ ਤੋਂ ਬਾਅਦ ਕੈਨੇਡਾ ਦੇ ਮਹਾਨ ਅਰਥ ਸ਼ਾਸਤਰੀ ਅਤੇ ਦੂਰ ਅੰਦੇਸ਼ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਨੁਸਾਰ ਇੱਕ ਨਵ ਵਿਸ਼ਵ ਵਿਵਸਥਾ ਲਾਗੂ ਹੋਵੇਗੀ ।

ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ

ਕਿੰਗਸਟਨ -ਕੈਨੇਡਾ

+12898292929

Next Story
ਤਾਜ਼ਾ ਖਬਰਾਂ
Share it