ਦੂਰਦਰਸ਼ਨ ਦੇ ਖੇਤਰੀ ਚੈਨਲਾਂ ਵਿਚੋਂ ਡੀ ਡੀ ਪੰਜਾਬੀ ਪਹਿਲੇ ਸਥਾਨ ’ਤੇ
ਦੂਰਦਰਸ਼ਨ ਦੇ ਸਾਰੇ ਖੇਤਰੀ ਚੈਨਲਾਂ ਵਿਚੋਂ ਡੀ ਡੀ ਪੰਜਾਬੀ ਹਰੇਕ ਹਫ਼ਤੇ ਪਹਿਲੇ ਸਥਾਨ ’ਤੇ ਆਉਂਦਾ ਹੈ। ਕੇਵਲ ਪਹਿਲੇ ਸਥਾਨ ’ਤੇ ਹੀ ਨਹੀਂ ਆਉਂਦਾ ਬਲ ਕਿ ਬਹੁਤ ਵੱਡੇ

ਪ੍ਰੋ. ਕੁਲਬੀਰ ਸਿੰਘ
ਡੀ ਡੀ ਪੰਜਾਬੀ ਦੀ ਹਰੇਕ ਹਫ਼ਤੇ ਤਿੰਨ ਤਰ੍ਹਾਂ ਨਾਲ ਟੀ ਆਰ ਪੀ (ਟੈਲੀਵਿਜ਼ਨ ਰੇਟਿੰਗ ਪੁਆਇੰਟ – ਦਰਸ਼ਕ ਗਿਣਤੀ) ਤਿਆਰ ਹੁੰਦੀ ਹੈ। ਦੂਰਦਰਸ਼ਨ ਦੇ ਸਾਰੇ ਖੇਤਰੀ ਚੈਨਲਾਂ ਦੇ ਪ੍ਰਸੰਗ ਵਿਚ, ਦੂਰਦਰਸ਼ਨ ਦੇ ਖੇਤਰੀ-ਕੌਮੀ ਤੇ ਕੌਮਾਂਤਰੀ ਚੈਨਲਾਂ ਦੇ ਪ੍ਰਸੰਗ ਵਿਚ ਅਤੇ ਸਾਰੇ ਪੰਜਾਬੀ ਚੈਨਲਾਂ ਦੇ ਪ੍ਰਸੰਗ ਵਿਚ।
ਦੂਰਦਰਸ਼ਨ ਦੇ ਸਾਰੇ ਖੇਤਰੀ ਚੈਨਲਾਂ ਵਿਚੋਂ ਡੀ ਡੀ ਪੰਜਾਬੀ ਹਰੇਕ ਹਫ਼ਤੇ ਪਹਿਲੇ ਸਥਾਨ ’ਤੇ ਆਉਂਦਾ ਹੈ। ਕੇਵਲ ਪਹਿਲੇ ਸਥਾਨ ’ਤੇ ਹੀ ਨਹੀਂ ਆਉਂਦਾ ਬਲ ਕਿ ਬਹੁਤ ਵੱਡੇ ਅੰਤਰ ਨਾਲ ਅੱਗੇ ਰਹਿੰਦਾ ਹੈ। ਦੂਰਦਰਸ਼ਨ ਦੇ ਸਮੁੱਚੇ ਚੈਨਲਾਂ ਵਿਚ ਵੀ ਇਸਦੀ ਸਥਿਤੀ ਕਾਫ਼ੀ ਮਜ਼ਬੂਤ ਰਹਿੰਦੀ ਹੈ ਅਤੇ ਸਾਰੇ ਪੰਜਾਬੀ ਚੈਨਲਾਂ ਵਿਚੋਂ ਅਕਸਰ ਦੂਸਰੇ ਤੀਸਰੇ ਸਥਾਨ ’ਤੇ ਰਹਿੰਦਾ ਹੈ। ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਕਾਰਨ ਪੀ ਟੀ ਸੀ ਪੰਜਾਬੀ ਹਰੇਕ ਹਫ਼ਤੇ ਪਹਿਲਾ ਜਾਂ ਦੂਸਰਾ ਸਥਾਨ ਹਾਸਲ ਕਰਦਾ ਹੈ।
ਮੇਰੇ ਸਾਹਮਣੇ ਮਾਰਚ 2025 ਦੇ ਸਾਰੇ ਹਫ਼ਤਿਆਂ ਦਾ ਵੇਰਵਾ ਪਿਆ ਹੈ। ਹਰੇਕ ਹਫ਼ਤੇ ਦਾ ਸਨੈਪਸ਼ਾਟ ਉਪਰੋਕਤ ਵਾਲੀ ਤਸਵੀਰ ਬਿਆਨ ਕਰਦਾ ਹੈ।
ਟੀ ਆਰ ਪੀ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਕਿਹੜਾ ਚੈਨਲ ਜਾਂ ਕਿਹੜਾ ਪ੍ਰੋਗਰਾਮ ਸੱਭ ਤੋਂ ਵੱਧ ਵੇਖਿਆ ਜਾਂਦਾ ਹੈ। ਦੂਸਰੇ ਸ਼ਬਦਾਂ ਵਿਚ ਇਸ ਨਾਲ ਸਾਨੂੰ ਕਿਸੇ ਚੈਨਲ ਜਾਂ ਕਿਸੇ ਪ੍ਰੋਗਰਾਮ ਦੀ ਲੋਕਪ੍ਰਿਯਤਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਦੂਰਦਰਸ਼ਨ ਦੇ ਖੇਤਰੀ ਚੈਨਲਾਂ ਵਿਚੋਂ ਕੋਈ ਵੀ ਚੈਨਲ ਦਰਸ਼ਕ ਗਿਣਤੀ ਪੱਖੋਂ ਡੀ ਡੀ ਪੰਜਾਬੀ ਦੇ ਨੇੜੇ ਤੇੜੇ ਵੀ ਨਹੀਂ ਹੈ। ਮਾਰਚ 2025 ਦੇ ਚਾਰੇ ਹਫ਼ਤਿਆਂ ਦੇ ਟੀ ਆਰ ਪੀ ਚਾਰਟ ’ਤੇ ਨਜ਼ਰ ਮਾਰਨ ’ਤੇ ਪਤਾ ਚੱਲਦਾ ਹੈ ਕਿ ਡੀ ਡੀ ਪੰਜਾਬੀ ਨੂੰ ਵੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਪ੍ਰਤੀ ਮਿੰਟ 290000 ਸੀ। ਡੀ ਡੀ ਤਾਮਿਲ ਦੀ 76000, ਡੀ ਡੀ ਬੰਗਲਾ ਦੀ 46000, ਡੀ ਡੀ ਯੂਪੀ 29000, ਡੀ ਡੀ ਉੜੀਆ 25000, ਡੀ ਡੀ ਰਾਜਸਥਾਨ 16000, ਡੀ ਡੀ ਮਲਿਆਲਮ 14000, ਡੀ ਡੀ ਬਿਹਾਰ 11000, ਡੀ ਡੀ ਮੱਧ ਪ੍ਰਦੇਸ 10000 ਅਤੇ ਡੀ ਡੀ ਕਸ਼ਮੀਰ ਦੀ ਦਰਸ਼ਕ ਗਿਣਤੀ 7000 ਤੱਕ ਸੀਮਤ ਸੀ। ਇਸਤੋਂ ਸਪਸ਼ਟ ਪਤਾ ਚੱਲਦਾ ਹੈ ਕਿ ਦੂਰਦਰਸ਼ਨ ਦੇ ਖੇਤਰੀ ਚੈਨਲਾਂ ਵਿਚ ਡੀ ਡੀ ਪੰਜਾਬੀ ਨੇ ਆਪਣੀ ਧਾਂਕ ਬਣਾਈ ਹੋਈ ਹੈ।
ਪੰਜਾਬੀ ਚੈਨਲਾਂ ਦੇ ਪ੍ਰਸੰਗ ਵਿਚ ਡੀ ਡੀ ਪੰਜਾਬੀ ਦੀ ਸਥਿਤੀ ਦੀ ਗੱਲ ਕਰੀਏ ਤਾਂ ਵਧੇਰੇ ਕਰਕੇ ਇਸਨੂੰ ਤੀਸਰਾ ਸਥਾਨ ਮਿਲਦਾ ਹੈ। ਕਈ ਵਾਰ ਤੀਸਰਾ ਸਥਾਨ ਜੀ ਪੰਜਾਬ ਦੇ ਹਿੱਸੇ ਆ ਜਾਂਦਾ ਹੈ। ਪਹਿਲਾ ਅਤੇ ਦੂਸਰਾ ਸਥਨ ਪੀ ਟੀ ਸੀ ਪੰਜਾਬੀ ਅਤੇ ਪਿਟਾਰਾ ਟੀ ਵੀ ਲੈ ਜਾਂਦੇ ਹਨ। ਵਧੇਰੇ ਕਰਕੇ ਇਹ ਦੋਵੇਂ ਚੈਨਲ ਮਨੋਰੰਜਨ ਅਧਾਰਿਤ ਪ੍ਰੋਗਰਾਮ ਪ੍ਰਸਾਰਿਤ ਕਰਦੇ ਹਨ। ਪੀ ਟੀ ਸੀ ਪੰਜਾਬੀ ਨਾਲ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਕਾਰਨ ਵੱਡੀ ਦਰਸ਼ਕ-ਗਿਣਤੀ ਜੁੜਦੀ ਹੈ। ਇਸ ਲਈ ਇਹ ਅਕਸਰ 388000 ਦੇ ਕਰੀਬ ਪ੍ਰਤੀ ਮਿੰਟ ਦਰਸ਼ਕ-ਗਿਣਤੀ ਨਾਲ ਪਹਿਲਾ ਸਥਾਨ ਹਾਸਲ ਕਰਦਾ ਹੈ। ਪਿਟਾਰਾ ਟੀ ਵੀ 320000 ਤੋਂ 397000 ਨਾਲ ਕਦੇ ਪਹਿਲੇ, ਕਦੇ ਦੂਸਰੇ ਸਥਾਨ ’ਤੇ ਰਹਿੰਦਾ ਹੈ। ਡੀ ਡੀ ਪੰਜਾਬੀ ਨੂੰ 257000, ਚੜ੍ਹਦੀਕਲਾ ਟਾਈਮ ਟੀ ਵੀ ਨੂੰ 217000, ਐਮ ਐਚ ਵਨ ਨੂੰ 165000, ਬੱਲੇ ਬੱਲੇ ਨੂੰ 110000, ਐਮ ਐਚ ਵਨ ਨਿਊਜ਼ ਨੂੰ 80000, 9 ਐਕਸ ਨੂੰ 87000, ਪੀ ਟੀ ਸੀ ਨਿਊਜ਼ ਨੂੰ 70000, ਨਿਊਜ਼ 18 ਪੰਜਾਬ-ਹਰਿਆਣਾ ਨੂੰ 52000 ਦੇ ਕਰੀਬ ਦਰਸ਼ਕ ਵੇਖਦੇ ਹਨ। ਇਸੇ ਹਿਸਾਬ ਨਾਲ ਟੀ ਆਰ ਪੀ ਸੂਚੀ ਵਿਚ ਇਨ੍ਹਾਂ ਦਾ ਸਥਾਨ ਨਿਸਚਤ ਹੁੰਦਾ ਹੈ।
ਡੀ ਡੀ ਪੰਜਾਬੀ ਪਹਿਲੇ ਸਥਾਨ ’ਤੇ ਕਿਉਂ?
ਦੂਰਦਰਸ਼ਨ ਦੇ ਖੇਤਰੀ ਚੈਨਲਾਂ ਵਿਚੋਂ ਡੀ ਡੀ ਪੰਜਾਬੀ ਲੰਮੇ ਸਮੇਂ ਤੋਂ ਲਗਾਤਾਰ ਪਹਿਲੇ ਸਥਾਨ ’ਤੇ ਕਿਉਂ ਹੈ? ਇਸਦੇ ਕਈ ਕਾਰਨ ਹਨ। ਕਾਬਲ ਅਤੇ ਸਮਰੱਥ ਟੀਮ। ਸੁਯੋਗ ਅਗਵਾਈ। ਲੋੜੀਂਦਾ ਸਾਜੋ-ਸਮਾਨ ਤੇ ਸਹੂਲਤਾਂ। ਵੰਨਸਵੰਨੀ ਪ੍ਰਤਿਭਾ ਵਾਲਾ ਇਲਾਕਾ। ਸਮਾਜਕ ਸਰੋਕਾਰਾਂ ਨਾਲ ਜੁੜਿਆ ਪਰਿਵਾਰਕ ਚੈਨਲ, ਖੇਤਰੀ ਕੇਂਦਰ ਹੋਣ ਦੇ ਬਾਵਜੂਦ ਕਾਰਗੁਜਾਰੀ, ਨਵੀਨਤਮ ਤਕਨੀਕੀ ਸਹੂਲਤਾਂ ਅਤੇ ਪ੍ਰਸਾਰਨ-ਪ੍ਰਾਪਤੀਆਂ ਪੱਖੋਂ ਇਹ ਭਾਰਤ ਦੇ ਵੱਡੇ ਦੂਰਦਰਸ਼ਨ ਕੇਂਦਰਾਂ ਵਿਚ ਗਿਣਿਆ ਜਾਂਦਾ ਹੈ। ਸਮੇਂ ਸਮੇਂ ਕੌਮੀ ਪੱਧਰ ’ਤੇ ਮਿਲਦੇ ਐਵਾਰਡ ਇਸਦੀ ਸ਼ਾਹਦੀ ਭਰਦੇ ਹਨ।
ਦੂਰਦਰਸ਼ਨ ਦੇ ਖੇਤਰੀ ਕੇਂਦਰਾਂ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤੇ ਬਣਤਰ ਵਧੇਰੇ ਕਰਕੇ ਮੁੱਖ ਦਫ਼ਤਰ ਅਤੇ ਸੰਬੰਧਤ ਮਹਿਕਮੇ ਦੁਆਰਾ ਸਮੇਂ ਸਮੇਂ ਦਿੱਤੀਆਂ ਜਾਂਦੀਆਂ ਹਦਾਇਤਾਂ ਅਨੁਸਾਰ ਹੁੰਦੀ ਹੈ। ਡੀ ਡੀ ਪੰਜਾਬੀ ਨੇ ਹਮੇਸ਼ਾ ਪੰਜਾਬ ਦੀਆਂ ਕਲਾਤਮਕ, ਸਭਿਆਚਾਰਕ ਤੇ ਸਮਾਜਕ ਕਦਰਾਂ-ਕੀਮਤਾਂ ਦੇ ਪ੍ਰਚਾਰ ਪ੍ਰਸਾਰ ਦੀ ਕੋਸ਼ਿਸ਼ ਕੀਤੀ ਹੈ। ਵਧੇਰੇ ਪ੍ਰੋਗਰਾਮ ਸਿੱਖਿਆ, ਸੂਚਨਾ ਤੇ ਮਨੋਰੰਜਨ ਦੁਆਲੇ ਕੇਂਦਰਿਤ ਹੁੰਦੇ ਹਨ।
ਵੱਡਾ ਤੇ ਪ੍ਰਭਾਵਸ਼ਾਲੀ ਖੇਤਰੀ ਕੇਂਦਰ ਹੋਣ ਕਾਰਨ ਇੱਥੇ ਡਾਇਰੈਕਟਰ, ਡਿਪਟੀ ਡਾਇਰੈਕਟਰ, ਅਸਿਸਟੈਂਟ ਸਟੇਸ਼ਨ ਡਾਇਰੈਕਟਰ, ਚੀਫ਼ ਪ੍ਰੋਡਿਊਸਰ, ਪ੍ਰੋਡਿਊਸਰ, ਚੀਫ਼ ਇੰਜੀਨੀਅਰ, ਸਟੇਸ਼ਨ ਇੰਜੀਨੀਅਰ, ਅਸਿਸਟੈਂਟ ਸਟੇਸ਼ਨ ਇੰਜੀਨੀਅਰ, ਸੀਨੀਅਰ ਪ੍ਰਬੰਧਕੀ ਅਫ਼ਸਰ, ਜਾਇੰਟ ਡਾਇਰੈਕਟਰ ਨਿਊਜ਼ ਆਦਿ ਅਹੁਦੇ ਰਹੇ ਹਨ ਤਾਂ ਜੋ ਸਮੁੱਚਾ ਕਾਰਜ ਨਿਰਵਿਘਨ ਚਲਾਇਆ ਜਾ ਸਕੇ। ਦੂਰਦਰਸ਼ਨ ਕੇਂਦਰ ਜਲੰਧਰ ਦੀ ਟੀਮ ਨੇ ਇਸ ਜ਼ਿੰਮੇਵਾਰੀ ਨੂੰ ਹਮੇਸ਼ਾ ਬਾਖੂਬੀ ਨਿਭਾਇਆ ਹੈ ਅਤੇ ਕਾਰਗਰ ਸਾਰਥਕ ਨਤੀਜੇ ਦਿੱਤੇ ਹਨ। ਸਮੇਂ ਨਾਲ ਇਹ ਟੀਮ ਛੋਟੀ ਹੁੰਦੀ ਗਈ ਹੈ। ਅੱਜ ਕੰਮ ਤਾਂ ਪਹਿਲਾਂ ਜਿੰਨਾਂ ਹੀ ਹੈ ਪਰੰਤੂ ਪ੍ਰੋਡਿਊਸਰਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਨਤੀਜੇ ਵਜੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਵਜੂਦ ਇਸਦੇ ਡੀ ਡੀ ਪੰਜਾਬੀ ਦਾ ਦੂਰਦਰਸ਼ਨ ਦੇ ਸਾਰੇ ਖਤਰੀ ਚੈਨਲਾਂ ਵਿਚੋਂ ਲਗਾਤਾਰ ਪਹਿਲੇ ਸਥਾਨ ’ਤੇ ਬਣੇ ਰਹਿਣਾ ਵੱਡੀ ਪ੍ਰਾਪਤੀ, ਵੱਡੇ ਮਾਣ ਵਾਲੀ ਗੱਲ ਹੈ।
------ 0 ------