ਪੰਜਾਬੀ ਯੂਨੀਵਰਸਿਟੀ ਦੇ ਹੱਕ ਵਿਚ ਆਇਆ ਅਦਾਲਤੀ ਹੁਕਮ
ਪੈਨਸ਼ਨ ਸਕੀਮ ਵਿੱਚ ਤਬਦੀਲ ਹੋਣ ਕਾਰਨ ਉਨ੍ਹਾਂ ਵੱਲੋਂ ਨਿਰਧਾਰਤ ਰਕਮ ਯੂਨੀਵਰਸਿਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣੀ ਸੀ, ਜੋ ਕਿ ਨਹੀਂ ਕਰਵਾਈ ਗਈ।

By : Gill
ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਤੇ ਬੈਂਕ ਖਾਤੇ ਉੱਤੇ ਲੱਗੀ ਰੋਕ ਹੁਣ ਅਦਾਲਤ ਵੱਲੋਂ ਹਟਾ ਦਿੱਤੀ ਗਈ ਹੈ। ਇਹ ਰੋਕ ਲੈਕਚਰਾਰ ਇੰਦਰਜੀਤ ਕੌਰ ਦੇ ਪੈਨਸ਼ਨ ਕੇਸ ਦੇ ਸਬੰਧ ਵਿੱਚ ਲਾਈ ਗਈ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਦਾਲਤ ਵਿੱਚ ਪੇਸ਼ ਹੋ ਕੇ ਮਾਮਲੇ ਦੀਆਂ ਸਾਰੀਆਂ ਪੇਚੀਦਗੀਆਂ ਅਤੇ ਤਕਨੀਕੀ ਕਾਰਨਾਂ ਬਾਰੇ ਜਾਣੂ ਕਰਵਾਇਆ।
ਇੰਦਰਜੀਤ ਕੌਰ 2015 ਵਿੱਚ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਈ ਸੀ। ਨਿਯਮਾਂ ਅਨੁਸਾਰ, ਸੀਪੀਐੱਫ ਤੋਂ ਪੁਰਾਣੀ ਪੈਨਸ਼ਨ ਸਕੀਮ ਵਿੱਚ ਤਬਦੀਲ ਹੋਣ ਕਾਰਨ ਉਨ੍ਹਾਂ ਵੱਲੋਂ ਨਿਰਧਾਰਤ ਰਕਮ ਯੂਨੀਵਰਸਿਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣੀ ਸੀ, ਜੋ ਕਿ ਨਹੀਂ ਕਰਵਾਈ ਗਈ। ਇਸ ਕਾਰਨ ਉਨ੍ਹਾਂ ਦੀ ਪੈਨਸ਼ਨ ਸ਼ੁਰੂ ਨਹੀਂ ਹੋ ਸਕੀ ਸੀ।
ਯੂਨੀਵਰਸਿਟੀ ਵੱਲੋਂ ਅਦਾਲਤ ਨੂੰ ਸਾਰੇ ਤੱਥ ਸਪੱਸ਼ਟ ਕਰਨ ਤੋਂ ਬਾਅਦ, ਅਦਾਲਤ ਨੇ ਇਹ ਰੋਕ ਹਟਾਉਣ ਦਾ ਹੁਕਮ ਦਿੱਤਾ। ਹੁਣ ਯੂਨੀਵਰਸਿਟੀ ਆਪਣੀਆਂ ਗੱਡੀਆਂ ਅਤੇ ਬੈਂਕ ਖਾਤਿਆਂ ਦੀ ਵਰਤੋਂ ਕਰ ਸਕੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਣੀ ਹੈ।


