ਟਰੰਪ ਦੀ ਨਵੀਂ X ਪੋਸਟ 'ਤੇ ਛਿੜ ਗਿਆ ਵਿਵਾਦ, ਪੜ੍ਹੋ ਕੀ ਹੈ ਮਾਮਲਾ
By : BikramjeetSingh Gill
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ 5 ਨਵੰਬਰ ਨੂੰ ਚੋਣਾਂ ਹੋਣੀਆਂ ਹਨ ਅਤੇ ਇਸ ਤੋਂ ਪਹਿਲਾਂ ਪ੍ਰਚਾਰ ਜ਼ੋਰਾਂ 'ਤੇ ਹੈ। ਟਰੰਪ ਦਾ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨਾਲ ਹੈ। ਇੱਕ ਪਾਸੇ ਜੋ ਬਿਡੇਨ ਦੀ ਥਾਂ ਕਮਲਾ ਹੈਰਿਸ ਨੇ ਕਮਾਨ ਸੰਭਾਲ ਲਈ ਹੈ, ਉਥੇ ਹੀ ਦੂਜੇ ਪਾਸੇ ਟਰੰਪ ਇਸ ਵਾਰ ਸੱਤਾ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਨ।
ਡੋਨਾਲਡ ਟਰੰਪ ਆਪਣੀ ਅਮਰੀਕਾ ਫਸਟ ਨੀਤੀ ਲਈ ਜਾਣੇ ਜਾਂਦੇ ਹਨ ਪਰ ਕਈ ਵਾਰ ਉਹ ਭੜਕਾਊ ਗੱਲਾਂ ਵੀ ਕਹਿ ਦਿੰਦੇ ਹਨ। ਉਸ ਦੀਆਂ ਟਿੱਪਣੀਆਂ ਅਕਸਰ ਪ੍ਰਵਾਸੀਆਂ ਜਾਂ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜੋ ਦੂਜੇ ਦੇਸ਼ਾਂ ਤੋਂ ਆ ਕੇ ਅਮਰੀਕੀ ਨਾਗਰਿਕ ਬਣ ਗਏ ਹਨ।
ਇਸ ਦੌਰਾਨ ਉਨ੍ਹਾਂ ਨੇ ਐਕਸ 'ਤੇ ਇਕ ਹੋਰ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨਾਲ ਵਿਵਾਦ ਛਿੜ ਗਿਆ ਹੈ। ਉਨ੍ਹਾਂ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਹਾਰ ਨੂੰ ਨੇੜੇ ਦੇਖਦਿਆਂ ਟਰੰਪ ਨਫ਼ਰਤ ਦੀ ਮੁਹਿੰਮ ਵਿਚ ਲੱਗੇ ਹੋਏ ਹਨ। ਡੋਨਾਲਡ ਟਰੰਪ ਨੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਜਿਸ ਵਿੱਚ ਅਮਰੀਕੀ ਝੰਡਾ ਸੜਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਇਸ ਨੂੰ ਸਾੜਦੇ ਹੋਏ ਵਿਖਾਏ ਗਏ ਲੋਕਾਂ ਦੇ ਸਿਰਾਂ 'ਤੇ ਟੋਪੀਆਂ ਹਨ। ਇਸ ਤਰ੍ਹਾਂ ਡੋਨਾਲਡ ਟਰੰਪ ਨੇ ਆਪਣੀ ਪੋਸਟ 'ਚ ਬਾਹਰੋਂ ਆਉਣ ਵਾਲੇ ਲੋਕਾਂ ਅਤੇ ਖਾਸਕਰ ਮੁਸਲਮਾਨਾਂ 'ਤੇ ਨਿਸ਼ਾਨਾ ਸਾਧਿਆ ਹੈ। ਲੋਕ ਟਰੰਪ ਦੀ ਪੋਸਟ ਨੂੰ ਭੜਕਾਊ ਕਰਾਰ ਦੇ ਰਹੇ ਹਨ। ਇੱਕ ਯੂਜ਼ਰ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਤੁਹਾਡੀ ਹਾਰ ਨੇੜੇ ਲੱਗ ਰਹੀ ਹੈ। ਇਸੇ ਲਈ ਅਜਿਹੀਆਂ ਪੋਸਟਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।