ਏਸ਼ੀਆ ਕੱਪ 'ਤੇ ਮੰਡਰਾ ਰਹੇ ਨੇ ਸੰਕਟ ਦੇ ਬੱਦਲ
ਏਸ਼ੀਆ ਕੱਪ 'ਤੇ ਚਰਚਾ ਕਰਨ ਲਈ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੀ ਮੀਟਿੰਗ 24 ਜੁਲਾਈ ਨੂੰ ਬੰਗਲਾਦੇਸ਼ ਦੇ ਢਾਕਾ ਵਿੱਚ ਹੋਣੀ ਨਿਧਾਰਤ ਸੀ, ਪਰ ਹੁਣ ਇਹ ਮੀਟਿੰਗ ਸੰਕਟ 'ਚ ਫਸ ਗਈ ਹੈ।

By : Gill
ਏਸ਼ੀਆ ਕੱਪ 'ਤੇ ਚਰਚਾ ਕਰਨ ਲਈ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੀ ਮੀਟਿੰਗ 24 ਜੁਲਾਈ ਨੂੰ ਬੰਗਲਾਦੇਸ਼ ਦੇ ਢਾਕਾ ਵਿੱਚ ਹੋਣੀ ਨਿਧਾਰਤ ਸੀ, ਪਰ ਹੁਣ ਇਹ ਮੀਟਿੰਗ ਸੰਕਟ 'ਚ ਫਸ ਗਈ ਹੈ। ਭਾਰਤ ਸਮੇਤ ਕਈ ਹੋਰ ਏਸੀਸੀ ਮੈਂਬਰ ਬੋਰਡਾਂ ਨੇ ਰਾਜਨੀਤਿਕ ਅਤੇ ਕੂਟਨੀਤਕ ਚਿੰਤਾਵਾਂ ਦੇ ਚਲਦਿਆਂ ਮੀਟਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਏਸੀਸੀ ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਪ੍ਰਧਾਨ ਮੋਹਸਿਨ ਨਕਵੀ ਨੂੰ ਅਧਿਕਾਰਤ ਤੌਰ 'ਤੇ ਸੂਚਿਤ ਕਰ ਦਿੱਤਾ ਹੈ ਕਿ ਜੇਕਰ ਮੀਟਿੰਗ ਢਾਕਾ ਵਿੱਚ ਕਰਵਾਈ ਜਾਵੇਗੀ, ਤਾਂ ਉਹ ਇਸ ਵਿੱਚ ਸ਼ਾਮਿਲ ਨਹੀਂ ਹੋਵੇਗਾ।
ਇਹ ਫੈਸਲਾ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੌਜੂਦਾ ਤਣਾਅਪੂਰਨ ਰਾਜਨੀਤਿਕ ਹਾਲਾਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਭਾਰਤ ਤੋਂ ਇਲਾਵਾ, ਸ਼੍ਰੀਲੰਕਾ, ਓਮਾਨ ਅਤੇ ਅਫਗਾਨਿਸਤਾਨ ਦੇ ਕ੍ਰਿਕਟ ਬੋਰਡ ਵੀ ਇਸ ਬਾਈਕਾਟ ਵਿਚ ਸ਼ਾਮਲ ਹੋ ਗਏ ਹਨ ਅਤੇ ਉਨਾਂ ਨੇ ਵੀ ਮੀਟਿੰਗ ਦੇ ਸਥਾਨ 'ਤੇ ਇਤਰਾਜ਼ ਜਤਾਇਆ ਹੈ।
ਏਐਨਆਈ ਸੂਤਰਾਂ ਮੁਤਾਬਕ, "ਏਸ਼ੀਆ ਕੱਪ ਤਦਾ ਹੀ ਹੋ ਸਕਦਾ ਹੈ ਜੇਕਰ ਮੀਟਿੰਗ ਦਾ ਸਥਾਨ ਢਾਕਾ ਤੋਂ ਬਦਲਿਆ ਜਾਵੇ। ਏਸੀਸੀ ਪ੍ਰਧਾਨ ਮੋਹਸਿਨ ਨਕਵੀ ਭਾਰਤ 'ਤੇ ਬੇਲੋੜਾ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਸਥਾਨ ਬਦਲਣ ਦੀ ਬੇਨਤੀ ਕੀਤੀ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਜੇਕਰ ਢਾਕਾ ਵਿੱਚ ਮੀਟਿੰਗ ਹੁੰਦੀ ਹੈ ਤਾਂ ਬੀਸੀਸੀਆਈ ਕਿਸੇ ਵੀ ਪ੍ਰਸਤਾਵ ਦਾ ਬਾਈਕਾਟ ਕਰੇਗਾ।"
ਏਸੀਸੀ ਦੇ ਸੰਵਿਧਾਨ ਅਨੁਸਾਰ, ਜੇਕਰ ਮੁੱਖ ਮੈਂਬਰ ਬੋਰਡ ਮੀਟਿੰਗ 'ਚ ਸ਼ਾਮਿਲ ਨਹੀਂ ਹੁੰਦੇ, ਤਾਂ ਢਾਕਾ 'ਚ ਹੋਣ ਵਾਲੀ ਮੀਟਿੰਗ ਦੌਰਾਨ ਲਿਆ ਗਿਆ ਕੋਈ ਵੀ ਫੈਸਲਾ ਰੱਦ ਮੰਨਿਆ ਜਾ ਸਕਦਾ ਹੈ। ਇਹ ਸਥਿਤੀ ਏਸ਼ੀਆ ਕੱਪ ਦੇ ਭਵਿੱਖ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ, ਜੋ ਕਿ ਸੰਭਾਵਤ ਤੌਰ 'ਤੇ ਅਗਲੇ ਮਹੀਨੇ ਸਤੰਬਰ ਵਿੱਚ ਕਰਵਾਇਆ ਜਾ ਸਕਦਾ ਹੈ।
ਸੂਤਰਾਂ ਨੇ ਅਗਾਂਹ ਦੱਸਿਆ ਕਿ ਮੋਹਸਿਨ ਨਕਵੀ ਵੱਲੋਂ ਢਾਕਾ ਵਿਚ ਮੀਟਿੰਗ ਕਰਵਾਉਣ ਦੀ ਜ਼ਿੱਦ ਨੂੰ ਏਸ਼ੀਆ ਕੱਪ ਦੇ ਮਾਮਲਿਆਂ ਵਿੱਚ ਭਾਰਤ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਮੀਟਿੰਗ ਲਈ ਸਿਰਫ਼ ਪੰਜ ਦਿਨ ਬਚੇ ਹੋਣ ਦੇ ਬਾਵਜੂਦ, ਏਸੀਸੀ ਵੱਲੋਂ ਹਾਲੇ ਤੱਕ ਮੀਟਿੰਗ ਸਥਾਨ ਬਦਲਣ ਸਬੰਧੀ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਏਸ਼ੀਆ ਕੱਪ ਦਾ ਭਵਿੱਖ ਅਣਿਸ਼ਚਿਤ ਬਣਿਆ ਹੋਇਆ ਹੈ।


