CJI ਗਵਈ ਹੋਏ ਭਾਵੁਕ : ਪਿਤਾ ਦੀ ਇੱਛਾ ਪੂਰੀ ਕਰਨ ਲਈ ਸੁਪਨਾ ਛੱਡਿਆ
ਉਨ੍ਹਾਂ ਕਿਹਾ ਕਿ ਪਿਤਾ ਨੇ ਅੰਬੇਡਕਰ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਸੀ ਅਤੇ ਆਜ਼ਾਦੀ ਅੰਦੋਲਨ ਕਾਰਨ ਵਕੀਲ ਨਹੀਂ ਬਣ ਸਕੇ।

By : Gill
ਭਾਰਤ ਦੇ ਚੀਫ਼ ਜਸਟਿਸ (CJI) ਭੂਸ਼ਣ ਰਾਮਕ੍ਰਿਸ਼ਨ ਗਵਈ ਨਾਗਪੁਰ ਜ਼ਿਲ੍ਹਾ ਅਦਾਲਤ ਬਾਰ ਐਸੋਸੀਏਸ਼ਨ ਦੇ ਸਮਾਗਮ ਦੌਰਾਨ ਆਪਣੇ ਨਿੱਜੀ ਜੀਵਨ ਅਤੇ ਪਰਿਵਾਰਕ ਸੰਘਰਸ਼ਾਂ ਬਾਰੇ ਗੱਲ ਕਰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਅਸਲ ਵਿੱਚ ਆਰਕੀਟੈਕਟ ਬਣਨਾ ਚਾਹੁੰਦੇ ਸਨ, ਪਰ ਪਿਤਾ ਦੀ ਇੱਛਾ ਅਨੁਸਾਰ ਵਕੀਲ ਬਣੇ। "ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਵਕੀਲ ਬਣਾਂ, ਉਹ ਸੁਪਨਾ ਜੋ ਉਹ ਖੁਦ ਪੂਰਾ ਨਹੀਂ ਕਰ ਸਕੇ," ਗਵਈ ਨੇ ਆਖਿਆ। ਉਨ੍ਹਾਂ ਕਿਹਾ ਕਿ ਪਿਤਾ ਨੇ ਅੰਬੇਡਕਰ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਸੀ ਅਤੇ ਆਜ਼ਾਦੀ ਅੰਦੋਲਨ ਕਾਰਨ ਵਕੀਲ ਨਹੀਂ ਬਣ ਸਕੇ।
ਪਿਤਾ ਦੀ ਇੱਛਾ ਪੂਰੀ ਕਰਨ ਲਈ ਸੁਪਨਾ ਛੱਡਿਆ
ਗਵਈ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਆਰਕੀਟੈਕਟ ਬਣਨ ਦਾ ਸੁਪਨਾ ਛੱਡ ਦਿੱਤਾ। ਜਦੋਂ ਉਨ੍ਹਾਂ ਦੇ ਨਾਮ ਦੀ ਹਾਈ ਕੋਰਟ ਜੱਜ ਲਈ ਸਿਫ਼ਾਰਸ਼ ਹੋਈ, ਪਿਤਾ ਨੇ ਕਿਹਾ, "ਜੇ ਤੁਸੀਂ ਵਕੀਲ ਰਹੋਗੇ, ਤਾਂ ਸਿਰਫ਼ ਪੈਸੇ ਪਿੱਛੇ ਭੱਜੋਗੇ, ਪਰ ਜੱਜ ਬਣ ਕੇ ਅੰਬੇਡਕਰ ਦੇ ਰਸਤੇ 'ਤੇ ਚੱਲ ਸਕਦੇ ਹੋ।" ਉਨ੍ਹਾਂ ਨੇ ਅਫ਼ਸੋਸ ਜਤਾਇਆ ਕਿ ਪਿਤਾ ਉਨ੍ਹਾਂ ਦੀ CJl ਬਣਨ ਦੀ ਖੁਸ਼ੀ ਨਹੀਂ ਦੇਖ ਸਕੇ, ਪਰ ਮਾਂ ਅਜੇ ਵੀ ਉਨ੍ਹਾਂ ਦੇ ਨਾਲ ਹੈ।
ਹੇਮਾ ਮਾਲਿਨੀ ਦੀ ਕਹਾਣੀ ਨਾਲ ਹਲਕਾ ਕੀਤਾ ਮਾਹੌਲ
ਦਰਸ਼ਕ ਭਾਵੁਕ ਹੋ ਗਏ ਤਾਂ ਸੀਜੇਆਈ ਨੇ ਮਾਹੌਲ ਹਲਕਾ ਕਰਨ ਲਈ ਇੱਕ ਦਿਲਚਸਪ ਘਟਨਾ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਨਾਗਪੁਰ ਜ਼ਿਲ੍ਹਾ ਅਦਾਲਤ ਵਿੱਚ ਹੇਮਾ ਮਾਲਿਨੀ ਵਿਰੁੱਧ ਚੈੱਕ ਬਾਊਂਸ ਦਾ ਕੇਸ ਆਇਆ ਸੀ, ਜਿਸ ਵਿੱਚ ਉਹ ਅਤੇ ਸਾਬਕਾ CJl ਸ਼ਰਦ ਬੋਬੜੇ ਹੇਮਾ ਮਾਲਿਨੀ ਦੇ ਵਕੀਲ ਵਜੋਂ ਪੇਸ਼ ਹੋਏ। "ਉਸ ਦਿਨ ਅਦਾਲਤ ਵਿੱਚ ਹੇਮਾ ਮਾਲਿਨੀ ਦੀ ਝਲਕ ਪਾਉਣ ਲਈ ਵੱਡੀ ਭੀੜ ਸੀ, ਪਰ ਅਸੀਂ ਵੀ ਉਸ ਪਲ ਦਾ ਆਨੰਦ ਲਿਆ," ਉਨ੍ਹਾਂ ਹੱਸਦੇ ਹੋਏ ਆਖਿਆ।
ਨਿਆਂਪਾਲਿਕਾ ਬਾਰੇ ਵਿਚਾਰ
ਗਵਈ ਨੇ ਕਿਹਾ ਕਿ ਨਿਆਂਇਕ ਸਰਗਰਮੀ ਜ਼ਰੂਰੀ ਹੈ, ਪਰ ਇਹ ਨਿਆਂਇਕ ਅੱਤਵਾਦ ਨਹੀਂ ਬਣਣਾ ਚਾਹੀਦਾ। "ਭਾਰਤੀ ਲੋਕਤੰਤਰ ਦੇ ਤਿੰਨ ਅੰਗਾਂ ਦੀਆਂ ਸੀਮਾਵਾਂ ਹਨ। ਜਦੋਂ ਸੰਸਦ ਕਾਨੂੰਨ ਤੋਂ ਪਰੇ ਜਾਂਦੀ ਹੈ, ਤਾਂ ਨਿਆਂਪਾਲਿਕਾ ਦਖਲ ਦੇ ਸਕਦੀ ਹੈ, ਪਰ ਨਿਆਂਇਕ ਅੱਤਵਾਦ ਦੀ ਆਗਿਆ ਨਹੀਂ ਹੋਣੀ ਚਾਹੀਦੀ," ਉਨ੍ਹਾਂ ਨੇ ਜ਼ੋਰ ਦਿੱਤਾ।
ਇਹ ਸਮਾਗਮ, ਜਿੱਥੇ ਸੀਜੇਆਈ ਨੇ ਆਪਣੇ ਮਨ ਦੇ ਜਜ਼ਬਾਤ ਸਾਂਝੇ ਕੀਤੇ, ਦਰਸ਼ਕਾਂ ਲਈ ਯਾਦਗਾਰ ਬਣ ਗਿਆ।


