ਮੁੱਖ ਗ੍ਰੰਥੀ ਨੇ ਟੰਗਿਆ ਬਾਦਲ ਪਰਿਵਾਰ

By : Gill
ਦਰਬਾਰਾ ਸਿੰਘ ਕਾਹਲੋਂ
ਜਦੋਂ ਵੀ ਕੋਈ ਵਿਅਕਤੀ,ਸੰਸਥਾ ,ਕੌਮ ਜਾਂ ਰਾਸ਼ਟਰ ਇਤਿਹਾਸ ਕੁਤਾਹੀਆਂ ਤੋਂ ਸਬਕ ਨਹੀਂ ਸਿੱਖਦੇ ਤਾਂ ਉਹਨਾਂ ਦੇ ਨਤੀਜੇ ਬਹੁਤ ਤਬਾਹਕੁਨ ਨਿਕਲਦੇ ਹਨ ।ਇਹਨਾਂ ਦਾ ਖਮਿਆਜਾ ਨਿੱਜੀ ਸ਼ਖਸ਼ੀਅਤਾਂ ,ਸੰਸਥਾਵਾਂ ,ਕੌਮਾ ਅਤੇ ਰਾਸ਼ਟਰ ਭੁਗਤਦੇ ਵੇਖੇ ਜਾਂਦੇ ਹਨ ।ਇਸ ਦਵਾਈ ਵਿੱਚ ਇਹਨਾਂ ਤੋਂ ਇਲਾਵਾ ਲੱਖਾਂ ਬੇਗੁਨਾਹ ਲੋਕ ਵੀ ਬਰਬਾਦ ਹੁੰਦੇ ਵੇਖੇ ਜਾਂਦੇ ਹਨ ।
ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਇਨਸਾਨ ਹੈ ਜੋ ਨਿਜੀ ਚੌਧਰ, ਲਾਲਸਾ ,ਤਕੱਬਰ, ਧੰਨ ਤਿਲਿਸਮ ਦੇ ਪ੍ਰਭਾਵ ਹੇਠ ਗਲਤੀ ਤੇ ਗਲਤੀ ਕਰੀ ਜਾ ਰਿਹਾ ਹੈ ।ਬਸ ਉਹੀ ਭਾਰਤੀ ਸੰਸਕ੍ਰਿਤੀ ਅੰਦਰ ਮੰਨੇ ਜਾਂਦੇ ਵੱਡੇ ਖਲਨਾਇਕ ਹਰਨਾਕਸ਼ ਵਾਂਗ ,"ਜਲ ਹਰਨਾਸ਼ਕ ,ਥਲ ਹਰਨਾਸਕ ,ਹੈ ਵੀ ਹਰਨਾਸ਼ਕ ,ਹੋਸੀ ਵੀ ਹਰਨਾਸ਼ਕ।"ਗੁਰੂ ਪੰਥ ਦੀਆਂ ਮਹਾਨ ਸੰਸਥਾਵਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਤਖਤ ਸਾਹਿਬਾਨਾਂ ਅਤੇ ਹੋਰ ਸੰਸਥਾਵਾਂ ਦੇ ਕੰਮ ਕਾਜ ਅਤੇ ਪ੍ਰਬੰਧ ਨੂੰ ਪੰਚ ਪ੍ਰਧਾਨੀ ਵਿਚਾਰਧਾਰਾ ਅਧੀਨ ਮਿਲ ਜੁਲ ਕੇ ਚਲਾਉਣਾ ਨਹੀਂ ਚਾਹੁੰਦਾ।ਗੁਰੂ ਪੰਥ ਅਤੇ ਸੰਗਤ ਵਿਵਸਥਾ ਵਿੱਚ ਏਕਾਧਿਕਾਰ ਅਤੇ ਤਾਨਾਸ਼ਾਹੀ ਦਾ ਕੋਈ ਅਸਥਾਨ ਨਹੀਂ ਹੈ।ਸੰਗਤ,ਪੰਥ ਅਤੇ ਜਨਤਕ ਸ਼ਕਤੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਸੰਦੇਸ਼ ਦਿੱਤਾ ਹੋਇਆ ਹੈ ,"ਇਨਹੀ ਕੀ ਕਿਰਪਾ ਕਿ ਸਜੇ ਹਮ ਹੈ ।ਨਹੀਂ ਮੋ ਸੇ ਗਰੀਬ ਕਰੋਰ ਭਰੇ। "
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੋ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਨੂੰ ਦੋ ਦਸੰਬਰ 2024 ਦੇ ਇਤਿਹਾਸਿਕ ਹੁਕਮਨਾਮੇ ਵਿੱਚ ਸ਼ਾਮਿਲ ਦੂਸਰੇ ਸਿੰਘ ਸਾਹਿਬਾਨਾਂ ਵਾਂਗ ਜਿਸ ਕਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਪਰਿਵਾਰ ਅਤੇ ਉਸਦੇ ਪਿੱਠੂ ਬ੍ਰਿਗੇਡ ਨੇ ਜਿਵੇਂ ਲਗਾਤਾਰ ਜਲੀਲ ਕੀਤਾ ਹੈ ਸ਼ਾਇਦ ਐਸੀ ਮਿਸਾਲ ਸਿੱਖ ਪੰਥ ਦੇ ਇਤਿਹਾਸ ਵਿੱਚ ਹੋਰ ਨਾ ਮਿਲਦੀ ਹੋਵੇ ।ਗਿਆਨੀ ਰਘਬੀਰ ਸਿੰਘ ਜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤਾਂ ਪਹਿਲਾਂ ਹੀ ਖੋਹ ਲਈ ਸੀ,। ਅਨੇਕ ਬਾਰ ਛੁਟੀ ਦੇ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਰਿਹਾ ਇਥੋਂ ਤੱਕ ਕਿ ਅਕਾਲ ਤਖਤ ਤੇ ਜਥੇਦਾਰ ਹੁੰਦੇ ਪਿੱਠੂ ਬ੍ਰਿਗੇਡ ਨੇ ਉਹਨਾਂ ਦੇ ਘਰ ਜਾ ਕੇ ਧਮਕੀ ਦਿੱਤੀ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਵਜੋਂ ਅਕਾਲ ਤਖਤ ਦੇ ਸਕਤਰੇਤ ਦੀ ਚਾਰ ਦੁਆਰੀ ਬਾਹਰ ਉਹਨਾਂ ਦੀ ਕੋਈ ਪੁੱਛ ਪ੍ਰਤੀਤ ਅਤੇ ਔਕਾਤ ਨਹੀਂ ਹੈ ।ਸਮੁੱਚੇ ਖਾਲਸਾ ਪੰਥ ਦਾ ਉਦੋਂ ਇਹ ਪਵਿੱਤਰ ਫਰਜ਼ ਬਣਦਾ ਸੀ ਕਿ ਉਹ ਇਕੱਤਰ ਹੋ ਕੇ ਬਾਦਲ ਪਰਿਵਾਰ ਅਤੇ ਇਸਦੇ ਪਿੱਠੂ ਬ੍ਰਿਗੇਡ ਨੂੰ ਇਸ ਧਮਕੀ ਦਾ ਜਵਾਬ ਦਿੰਦਾ ।ਇਹ ਧਮਕੀ ਕਿਸੇ ਵਿਅਕਤੀ ਨੂੰ ਨਹੀਂ ਬਲਕਿ ਗੁਰੂ ਪੰਥ ਤੇ ਸਰਬਉਚ ਸਥਾਨ ਸ਼੍ਰੀ ਅਕਾਲ ਤਖਤ ਨੂੰ ਸੀ ।ਪਰ ਅੱਜ ਹਾਲਾਤ ਇਹ ਹਨ ਕਿ ਵੱਖ-ਵੱਖ ਧੜਿਆਂ ਵਿੱਚ ਵੰਡੇ ਅਗਵਾਈ ਕਰਨ ਵਾਲੇ ਮੂਜੀ ਆਗੂ ਆਪਣੇ ਗੁਨਾਹਾਂ ਕਰਕੇ ਗੁਨਾਹਾਂ ਦੇ ਹਮਾਮ ਵਿੱਚ ਸਭ ਨੰਗੇ ਹਨ। ਇਹਨਾਂ ਵਿੱਚ 18ਵੀਂ ਸਦੀ ਵਾਲੇ ਮਿਸਲਦਾਰਾਂ ਵਰਗੀ ਨਾ ਜਾਨ ਹੈ,ਸਮਝ ਹੈ ,ਨਾ ਦੂਰਦਰਸ਼ਤਾ ਹੈ ਨਾ ਸਲੀਕਾ ਹੈ ,ਨਾ ਗੁਰੂ ਅਤੇ ਗੁਰੂ ਪੰਥ ਦੀ ਰਾਖੀ ਕਰਨ ਦਾ ਜਜ਼ਬਾ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਉਸਦੇ ਮੁੱਖ ਸੇਵਾਦਾਰ ਦੀ ਰਾਖੀ ਲਈ ਉਚਿਤ ਕਾਰਵਾਈ ਕਰਦੇ ਬਾਦਲ ਅਤੇ ਇਸਦੇ ਪਿੱਠੂ ਬ੍ਰਿਗੇਡ ਦੀ ਇੱਟ ਨਾ ਇੱਠ ਖੜਕਾਉਂਦੇ।
ਪ੍ਰੈਸ ਕਾਨਫਰੰਸ :
ਹੁਣ ਜਦੋਂ ਸਿਰੋਂ ਪਾਣੀ ਉੱਪਰ ਲੰਘਣ ਲੱਗ ਪਿਆ ਅਤੇ ਹੈਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਇਹ ਭਿੰਨਕ ਪਈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਪਰਿਵਾਰ ਅਤੇ ਉਸਦਾ ਪਿੱਠੂ ਬ੍ਰਿਗੇਡ ਉਹਨਾਂ ਨੂੰ ਇਸ ਅਹੁਦੇ ਤੋਂ ਵੀ ਚਲਦਾ ਕਰ ਦੇਵੇਗਾ ।ਇੱਕ ਅਡੀਸ਼ਨਲ ਮੁੱਖ ਗ੍ਰੰਥੀ ਅਮਰਜੀਤ ਸਿੰਘ ਨੂੰ ਲਗਾ ਕੇ ਪਹਿਲਾਂ ਹੀ ਉਹਨਾਂ ਦੀਆਂ ਸੇਵਾਵਾਂ ਨੂੰ ਸੀਮਤ ਕੀਤਾ ਜਾ ਚੁੱਕਾ ਹੈ ।ਹੁਣ ਉਹਨਾਂ ਕੋਲ ਖੋਹਣ ਲਈ ਕੁਝ ਨਹੀਂ ਸੀ ਬਚਿਆ ਇਸ ਲਈ ਉਹਨਾਂ ਨੇ 18 ਫਰਵਰੀ ਨੂੰ ਜਲੰਧਰ ਵਿਖੇ ਪੱਤਰਕਾਰਾਂ ਨਾਲ ਇੱਕ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ, ਪੰਥਕ ਹਾਲਾਤਾਂ ਅਤੇ ਪੰਥ ਦੇ ਭਵਿੱਖ ਬਾਰੇ ਆਪਣੇ ਤਜਰਬੇ ਅਧਾਰਤ ਸਭ ਨੁਕਤਿਆਂ ਨੂੰ ਸਪਸ਼ਟ ਕਰ ਦਿੱਤਾ ।
ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਇਸ ਦੇ ਕਰਮਚਾਰੀਆਂ ,ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਅਤੇ ਪਿੱਠੂ ਬ੍ਰਿਗੇਡ ਦੇ ਸਨਸਨੀਖੇਜ ਭਰਿਸ਼ਟਾਚਾਰੀ ਘਪਲਿਆਂ, ਬੇਨਿਯਮੀਆਂ ,ਜਿਆਦਤੀਆਂ ,ਗੁਰ ਮਰਿਯਾਦਾ ਦੇ ਘਾਣ ਦੇ ਦੋਸ਼ ਅਤੇ ਇਹ ਸਭ ਲਈ ਇੱਕੋ ਇੱਕ ਬਾਦਲ ਪਰਿਵਾਰ ਨੂੰ ਜਿੰਮੇਵਾਰ ਠਹਿਰਾਉਣ ਦੇ ਇੰਕਸ਼ਾਫਾ ਨੇ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖ ਪੰਥ ਨਾਲ ਸੰਬੰਧਿਤ ਸਮੁੱਚੇ ਭਾਈਚਾਰੇ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ।
ਦੋਸ਼ :
1.ਜਿਵੇਂ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਨੇ ਬੜੀ ਬੇਬਾਕੀ ਨਾਲ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਤੇ ਗੁਰੂ ਗੋਲਕ ਦੇ ਪੈਸੇ ਖਾਣ ਦੇ ਦੋਸ਼ ਲਗਾਉਂਦੇ ਫਟਕਾਰ ਲਗਾਈ ਸੀ ਉਵੇਂ ਹੀ ਗਿਆਨੀ ਰਘਬੀਰ ਸਿੰਘ ਜੀ ਨੇ ਅਜੋਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਇਸ ਤੇ ਪ੍ਰਬੰਧ ਤੇ ਕਾਬਜ਼ ਇਕ ਪਰਿਵਾਰ ,ਉਸਦੇ ਪਿੱਠੂ ਬ੍ਰਿਗੇਡ ਅਤੇ ਕਰਮਚਾਰੀਆਂ ਤੇ ਗੁਰੂ ਗੋਲਕ ਦੇ ਪੈਸੇ ਭਰਿਸ਼ਟਾਚਾਰੀ ਢੰਗਾਂ ਨਾਲ ਖਾਣ ਦਾ ਦੋਸ਼ ਲਗਾਏ ਹਨ ।
2.ਕਰਮਚਾਰੀਆਂ ਦੀਆਂ ਨਿਯੁਕਤੀਆਂ ਅਤੇ ਬਦਲੀਆਂ ,ਵਿਸ਼ੇਸ਼ ਪਾਠ ਕਰਨ ,ਜਮੀਨਾਂ ਵੇਚਣ ,ਲੰਗਰ ਦੀ ਜੂਠ ਅਤੇ ਸੁੱਕੇ ਪ੍ਰਸ਼ਾਦੇ ਵੇਚਣ ਸਬੰਧੀ ਭ੍ਰਿਸ਼ਟਾਚਾਰ ਅਤੇ ਘਪਲਿਆਂ ਦੇ ਦੋਸ਼ ਲਗਾਏ ।ਮਿਸਾਲ ਵਜੋਂ ਜੋ ਪਾਠ 8500 ਰੁਪਏ ਵਿੱਚ ਹੁੰਦੇ ਸਨ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਥਾਵਾਂ ਤੇ ਕਰਨ ਸਬੰਧੀ 5 ਲੱਖ ਰੁਪਏ ਤੱਕ ਵਸੂਲੇ ਗਏ।ਸਭ ਤੋਂ ਸੰਗੀਨ ਸੰਸਨੀਖੇਜ ਦੋਸ਼ ਇਹ ਲਗਾਇਆ ਕਿ ਸਾਬਕਾ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਗਿਆਨੀ ਸੁਲਤਾਨ ਸਿੰਘ ਤੋਂ ਉਨਾਂ ਦੀ ਬਦਲੀ ਸ੍ਰੀ ਮੁਕਤਸਰ ਤੋਂ ਮੁੜ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਅਧਿਕਾਰੀ ਨੇ ਪੰਜ ਲੱਖ ਰੁਪਏ ਦੀ ਮੰਗ ਕੀਤੀ ।ਇਸ ਬਾਰੇ ਪੂਰੇ ਵਿਸਥਾਰ ਨਾਲ ਗਿਆਨੀ ਸੁਲਤਾਨ ਸਿੰਘ ਜੀ ਸਿੱਖ ਸੰਗਤ ਨੂੰ ਦੱਸ ਦੇਣਗੇ ।
3.ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ,ਕੀਮਤੀ ਸੋਨੇ ਦੀਆਂ ਵਸਤਾਂ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਤਲਵਾਰ ਦਾ ਮੁੱਠਾ, ਸ੍ਰੀ ਦਰਬਾਰ ਸਾਹਿਬ ਤੇ ਹਮਲਾਵਰ ਫੌਜ ਵੱਲੋਂ ਵਾਪਸ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਨਾਂ ਵਿੱਚ ਗੁਰੂ ਸਾਹਿਬ ਦੇ ਦਸਤਖਤਾ ਵਾਲਾ ਸਰੂਪ ਵੀ ਸ਼ਾਮਿਲ ਸੀ ਆਦਿ ਖੁਰਦ ਬੁਰਦ ਕਰਨਾ ।
4.ਸਿਰਸਾ ਵਾਲੇ ਸੌਦਾ ਸਾਧ ਨੂੰ ਮੁਆਫ ਕਰਨ ਲਈ ਮੁੱਖ ਮੰਤਰੀ ਦੇ ਨਿਵਾਸ ਤੇ ਸ੍ਰੀ ਅਕਾਲ ਤਖਤ ਦੇ ਤਤਕਾਲੀ ਜਥੇਦਾਰ ਗੁਰਬਚਨ ਸਿੰਘ ਅਤੇ ਦੂਸਰੇ ਸਿੰਘ ਸਾਹਿਬਾਨਾਂ ਨੂੰ ਬੁਲਾ ਕੇ ਆਦੇਸ਼ ਦੇਣਾ ।ਇਸ ਨੂੰ ਜਾਇਜ਼ ਠਹਿਰਾਉਣ ਲਈ 91 ਲੱਖ ਤੋਂ ਵੱਧ ਰੁਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਵਿੱਚੋਂ ਇਸ਼ਤਿਹਾਰਬਾਜ਼ੀ ਲਈ ਖਰਚ ਕਰਨਾ ।
5.ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਸੁਖਬੀਰ ਬਾਦਲ ਵੱਲੋਂ ਗ੍ਰਿਹ ਮੰਤਰੀ ਹੁੰਦੇ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਕਤਲ ਕਰਨ ਵਾਲੇ ਸੁਮੇਦ ਸੈਣੀ ਵਰਗੇ ਬੁਚੜ ਪੁਲਿਸ ਅਧਿਕਾਰੀ ਨੂੰ ਪੰਜਾਬ ਦਾ ਪੁਲਿਸ ਮੁਖੀ ਲਾਉਣ ਅਤੇ ਇਜ਼ਹਾਰ ਆਲਮ ਵਰਗੇ ਬੁੱਚੜ ਨੂੰ ਪੰਜਾਬ ਵੱਖ ਵਕਫ ਬੋਰਡ ਦਾ ਮੁਖੀ ਅਤੇ ਉਸ ਦੀ ਪਤਨੀ ਨੂੰ ਵਿਧਾਇਕ ਬਣਾਉਣ ਦੇ ਬਜਰ ਗੁਨਾਹ ਕੀਤੇ।
6.ਸੁਖਬੀਰ ਬਾਦਲ ਅਤੇ ਬ੍ਰਗੇਡ ਵੱਲੋਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਆਪਣੇ ਗੁਨਾਹ ਕਬੂਲ ਕਰਨ ਤੋਂ ਮੁਕਰਨਾ।
7. ਗਿਆਨੀ ਰਘਬੀਰ ਸਿੰਘ ਨੂੰ ਚੱਲਦਾ ਕਰਨ ਸਬੰਧੀ ਅਕਸਰ ਸੁਖਬੀਰ ਬਾਦਲ ਦਾ ਇਹ ਕਹਿਣਾ ਕਿ ਜਦੋਂ ਮੈਂ ਇਸ ਵਿਅਕਤੀ ਨੂੰ ਵੇਖਦਾ ਹਾਂ ਤਾਂ ਮੇਰੇ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ।ਉਨਾਂ ਨੂੰ ਤਰਨਤਾਰਨ ਜਿਮਨੀ ਚੋਣ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਦਬਾਅ ਪਾਉਣਾ ।ਉਹਨਾਂ ਵੱਲੋਂ ਇਸ ਤੋਂ ਇਨਕਾਰ ਕਰਦਿਆਂ ਛੁੱਟੀ ਤੇ ਚਲੇ ਜਾਣਾ ਦੇ ਦੋਸ਼ ਵੀ ਸ਼ਾਮਿਲ ਹਨ।ਉਨਾਂ ਤੇ ਦਬਾਅ ਪਾਇਆ ਜਾਂਦਾ ਰਿਹਾ ਕਿ ਉਹ ਦੋ ਦਸੰਬਰ ਤੇ ਹੁਕਮਨਾਮੇ ਨੂੰ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦੇ ਦਬਾਅ ਹੇਠ ਲਾਗੂ ਕਰਨ ਦਾ ਐਲਾਨ ਕਰਦੇ ਇਸ ਸਬੰਧੀ ਆਪਣੀ ਗਲਤੀ ਮੰਨਣ ।ਜਿਸ ਤੋਂ ਉਹਨਾਂ ਸਾਫ ਇਨਕਾਰ ਕਰਦਿਆਂ ਹਮੇਸ਼ਾ ਕਿਹਾ ਕਿ ਉਹਨਾਂ ਨੇ ਉਸ ਸਮੇਂ ਲਏ ਗਏ ਫੈਸਲੇ ਆਪਣੇ ਵਿਵੇਕ ਅਨੁਸਾਰ ਅਤੇ ਬਗੈਰ ਕਿਸੇ ਦਬਾਅ ਦੇ ਲਏ ਸਨ ।
ਇਸ ਪ੍ਰੈਸ ਕਾਨਫਰੰਸ ਵਿੱਚ ਗਿਆਨੀ ਰਘਬੀਰ ਸਿੰਘ ਜੀ ਨੇ ਸਮੂਹ ਪੰਥਕ ਸੰਸਥਾਵਾਂ ਨੂੰ ਬੜੇ ਸੰਵੇਦਨਸ਼ੀਲ ਸਲੀਕੇ ਨਾਲ ਅਪੀਲ ਕੀਤੀ ਕਿ ਉਹ ਖਾਲਸਾ ਪੰਥ ਅਤੇ ਇਸਦੀ ਸ਼ਾਨਾਮਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਪਰਿਵਾਰ ਦੇ ਗਲਬੇ ਨੂੰ ਵਗਾਹ ਪਰਾ ਮਾਰਨ ਲਈ ਸਰਬੱਤ ਖਾਲਸਾ ਸਮਾਰੋਹ ਦਾ ਆਯੋਜਨ ਕਰੇ । ਬਾਦਲ ਪਰਿਵਾਰ ਅਤੇ ਪਿੱਠੂ ਬ੍ਰਿਗੇਡ ਦੇ ਪਾਪਾਂ ਦਾ ਘੜਾ ਪੂਰੀ ਤਰਹਾਂ ਭਰ ਚੁੱਕਾ ਹੈ ।ਇਸ ਤੋਂ ਜਿੰਨਾ ਛੇਤੀ ਹੋ ਸਕੇ ਪੰਥਕ ਖਾਲਸਾ ਆਪਣੀ ਆਜ਼ਾਦੀ ਪ੍ਰਾਪਤ ਕਰ ਲਏ ।
ਬਾਦਲ ਪਰਿਵਾਰ ਨੂੰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਦਰਪੇਸ਼ ਚੁਣੌਤੀ ਨੂੰ ਲੈ ਕੇ ਸਮਝਣਾ ਚਾਹੀਦਾ ਹੈ ਕਿ ਜਦੋਂ ਵੀ ਕਿਸੇ ਮੱਸੇ ਰੰਗੜ, ਮੀਰ ਮਨੂ,ਅਬਦਾਲੀ ਜਾਂ ਇੰਦਰਾ ਨੇ ਪੰਥ ਨਾਲ ਮੱਥਾ ਲਾਇਆ ਸ੍ਰੀ ਅਕਾਲ ਤਖਤ ਸਾਹਿਬ ਜਾਂ ਦਰਬਾਰ ਸਾਹਿਬ ਕੰਪਲੈਕਸ ਤੇ ਹਮਲਾ ਕੀਤਾ ਤਾਂ ਉਸ ਦਾ ਹਸ਼ਰ ਕੀ ਹੋਇਆ ? ਜਿਸ ਪੰਥ, ਜਿਸ ਕੌਮ,ਜਿਸ ਪੰਜਾਬ ਰਾਜ ਦਾ ਖਾਣਾ ਤੇ ਉਸ ਦਾ ਬੁਰਾ ਤੱਕਣਾ ਦੱਸੋ ਇਥੋਂ ਦੇ ਧਾਰਮਿਕ ਸਮਾਜਿਕ ਰਾਜਨੀਤਿਕ ਲੋਕ ਅਤੇ ਸਿੱਖ ਪੰਥ ਕਦੋਂ ਤੱਕ ਬਰਦਾਸ਼ਤ ਕਰ ਸਕਦੇ ਹਨ ? ਕਿੰਨਾ ਕੁ ਹੋਰ ਚਿਰ ਪੰਥ ਅਤੇ ਪੰਜਾਬ ਨੂੰ ਗੁਮਰਾਹ ਕਰੋਗੇ ?ਕੀ ਧਨ ਅੰਬਾਰ ,ਬੱਸਾਂ ਦੇ ਫਲੀਟ, ਹੋਟਲਾਂ ਦੀ ਚੇਨ ਤੁਸੀਂ ਨਾਲ ਲਿਜਾਓਗੇ ? ਯਾਦ ਰੱਖੋ ,"ਰਾਮ ਗਇਓ ਰਾਵਨ ਗਇਓ ਜਾ ਕਉ ਬਹੁ ਪਰਵਾਰ ।ਕਹੁ ਨਾਨਕ ਥਿਰ ਕੋ ਕੁਛ ਨਹੀਂ ਸੁਪਨੇ ਜਿਉ ਸੰਸਾਰ ।"
ਸਰਬੱਤ ਖਾਲਸਾ :
18ਵੀਂ ਸਦੀ ਵੇਲੇ ਮੁਗਲਾਂ ਅਤੇ ਅਫਗਾਨਾ ਦੇ ਜੁਲਮ ਨਾਲ ਟਾਕਰਾ ਕਰਨ ਲਈ ਸਿੱਖ ਮਿਸਲਾਂ ਵੱਲੋਂ ਵਿਸਾਖੀ ਅਤੇ ਦਿਵਾਲੀ ਦੇ ਪੁਰਬ ਤੇ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖਤ ਸਨਮੁਖ ਸਰਬੱਤ ਖਾਲਸਾ ਬੁਲਾਏ ਜਾਂਦੇ ਸਨ ਜਿਨਾਂ ਵਿੱਚ ਸਰਬ ਸੰਮਤੀ ਨਾਲ ਗੁਰਮਤੇ ਪਾਸ ਕੀਤੇ ਜਾਂਦੇ ਸਨ ।ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸੰਨ 1984 ਅਤੇ ਫਿਰ 26 ਜਨਵਰੀ 1986 ਨੂੰ ਸਰਬੱਤ ਖਾਲਸਾ ਬੁਲਾਏ ਗਏ ਸਨ ।ਬਰਗਾੜੀ ਕਾਂਡ ਦੇ ਵਿਰੋਧ ਵਿੱਚ 10 ਨਵੰਬਰ 2015 ਨੂੰ ਸਰਬੱਤ ਖਾਲਸਾ ਆਯੋਜਿਤ ਕੀਤਾ ਗਿਆ ਸੀ ।ਇਨਾ ਮੁਕੱਦਸ ਮੌਕਿਆਂ ਤੇ ਪਾਸ ਗੁਰਮਤਿਆ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਸੀ ।ਇਸੇ ਲਈ26 ਜਨਵਰੀ 2026 ਨੂੰ ਚਾਰ ਜਥੇਬੰਦੀਆਂ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨੀ ਜਥਾ ਅਤੇ ਜਥੇਦਾਰ ਹਵਾਰਾ ਕਮੇਟੀ ਨੇ ਆਯੋਜਤ ਕਾਨਫਰੰਸ ਵਿੱਚ ਸਰਬੱਤ ਖਾਲਸਾ ਅਤੇ ਗੁਰਮਤਾ ਵਿਵਸਥਾਵਾਂ ਦਾ ਵਿਧੀ ਵਿਧਾਨ ਬਣਾਉਣ ਦਾ ਐਲਾਨ ਕੀਤਾ ਸੀ । ਸੋ ਸਮੁੱਚੇ ਖਾਲਸਾ ਪੰਥ ਨੂੰ ਵਿਸ਼ਵ ਪ੍ਰਸਿੱਧ ਸਿੱਖ ਵਿਦਵਾਨਾਂ, ਨਾਮਵਰ ਪ੍ਰਸ਼ਾਸਕਾਂ, ਚਿੰਤਕਾਂ ,ਸੇਵਾ ਮੁਕਤ ਜਰਨੈਲਾਂ ਅਧਾਰਤ ਤੁਰੰਤ ਇਕ ਸੰਮੇਲਨ ਸ੍ਰੀ ਅੰਮ੍ਰਿਤਸਰ ਵਿਖੇ ਆਯੋਜਨ ਕਰਨਾ ਚਾਹੀਦਾ ਹੈ ਅਤੇ ਉਸ ਵਿੱਚ ਸਰਬੱਤ ਖਾਲਸਾ ਅਤੇ ਗੁਰਮਤੇ ਸਬੰਧੀ ਵਿਧੀ ਵਿਧਾਨ ਘੜ ਕੇ ਸਰਬੱਤ ਖਾਲਸਾ ਦਾ ਆਯੋਜਨ ਕਰਨਾ ਚਾਹੀਦਾ ਹੈ ਤਾਂ ਕਿ ਬਾਦਲ ਪਰਿਵਾਰ ਜਹੀ ਆਫਤ ਜਿਸ ਨੇ ਸੰਨ 1999 ਵਿੱਚ ਖਾਲਸਾ ਪੰਥ ਦੀ ਸਾਜਨਾ ਦੇ 300 ਸਾਲਾ ਆਯੋਜਨ ਸਮੇਂ ਤਤਕਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਣਜੀਤ ਸਿੰਘ ਨੂੰ ਲਾਂਭੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣਾ ਪੱਕਾ ਕਬਜ਼ਾ ਜਮਾ ਲਿਆ ਸੀ ।ਮੌਜੂਦਾ ਕਮੇਟੀ ਸਨ 2011 ਦੀ ਚੁਣੀ ਹੋਈ ਹੈ ਅਤੇ ਇਹ ਆਪਣਾ ਵਿਧਾਨਿਕ ਅਤੇ ਸੰਵਿਧਾਨਿਕ ਅਧਿਕਾਰ ਗੁਆ ਬੈਠੀ ਹੈ ।ਇਸ ਵਿੱਚ ਪਸਰੀ ਬਦਇੰਤਜਾਮੀ ਨੇ ਇਸ ਸ਼ਾਨਾਮਤੀ ਸੰਸਥਾ ਦਾ ਨਾਮ ਦੇਸ਼ ਵਿਦੇਸ਼ ਵਿੱਚ ਬਦਨਾਮ ਕਰ ਰੱਖਿਆ ਹੈ। ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਹੋਣ ਨਾਲ ਵੀ ਨਵੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਰੂਰੀ ਹੈ ।ਸਮੁੱਚੇ ਪੰਥ ਨੂੰ ਕੇਂਦਰ ਅੰਦਰ ਸੱਤਾਧਾਰੀ ਭਾਜਪਾ ਦੀ ਅਗਵਾਹੀ ਵਾਲੀ ਸ੍ਰੀ ਨਰਿੰਦਰ ਮੋਦੀ ਸਰਕਾਰ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਇਸ ਸੰਸਥਾ ਦੀਆਂ ਚੋਣਾਂ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਾਂਗ ਹਰ ਪੰਜਵੇਂ ਸਾਲ ਸੰਵਿਧਾਨਿਕ ਜਿੰਮੇਵਾਰੀ ਅਧੀਨ ਕਰਾਉਣੀਆਂ ਸੁਨਿਸ਼ਚਿਤ ਬਣਾਈਆਂ ਜਾਣ।ਇਸ ਤੋਂ ਪਹਿਲਾਂ ਕਿ ਸਨ 2027 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਰਾਜਨੀਤਿਕ ਸਮਾਜਿਕ ਪ੍ਰਸ਼ਾਸ਼ਨਿਕ ਧਾਰਮਿਕ ਤਮੱੱਚੜ ਮੱਚਣਾ ਸ਼ੁਰੂ ਹੋਵੇ ,ਇਸੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਤਾਂ ਕਿ ਖਾਲਸਾ ਪੰਥ ਅਤੇ ਇਸ ਦੀ ਨੌਜਵਾਨ ਪੀੜੀ ਆਪਣੀ ਭਵਿੱਖੀ ਹੋਣੀ ਦਾ ਫੈਸਲਾ ਕਰ ਸਕੇ ।
ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ
ਕਿੰਗਸਟਨ ਕੈਨੇਡਾ
+12898292929


