ਚੰਡੀਗੜ੍ਹ 'ਚ ਸਾਬਕਾ ਮੰਤਰੀ ਦੇ ਪੁੱਤਰ ਖ਼ਿਲਾਫ਼ ਚਾਰਜਸ਼ੀਟ
ਮਿਲੀ ਜਾਣਕਾਰੀ ਮੁਤਾਬਕ, ਰਾਤ ਕਰੀਬ 11 ਵਜੇ, ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਇੱਕ ਵਿਅਕਤੀ ਹਥਿਆਰ ਨਾਲ ਮਾਰਕੀਟ 'ਚ ਮੌਜੂਦ ਹੈ। ਜਦੋਂ ਪੁਲਿਸ ਟੀਮ

By : Gill
ਪਿਸਤੌਲ ਲਹਿਰਾਉਣ ਦੇ ਮਾਮਲੇ 'ਚ ਪੁਲਿਸ ਦੀ ਕਾਰਵਾਈ
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਿਨਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਪੁੱਤਰ ਜਸਜੀਤ ਸਿੰਘ ਬਾਣੀ ਖ਼ਿਲਾਫ਼ ਹਥਿਆਰ ਲਹਿਰਾਉਣ ਦੇ ਮਾਮਲੇ 'ਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਹ ਘਟਨਾ 31 ਜੁਲਾਈ, 2024 ਦੀ ਰਾਤ ਦੀ ਹੈ, ਜਦੋਂ ਬਾਣੀ ਨੇ ਚੰਡੀਗੜ੍ਹ ਦੇ ਸੈਕਟਰ-8 ਮਾਰਕੀਟ ਵਿੱਚ ਲੋਕਾਂ ਵਿਚਕਾਰ ਪਿਸਤੌਲ ਲਹਿਰਾਇਆ ਸੀ।
ਬਿਨਾਂ ਲਾਇਸੈਂਸ ਦੇ ਹਥਿਆਰ ਲੈ ਕੇ ਘੁੰਮ ਰਿਹਾ ਸੀ
ਮਿਲੀ ਜਾਣਕਾਰੀ ਮੁਤਾਬਕ, ਰਾਤ ਕਰੀਬ 11 ਵਜੇ, ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਇੱਕ ਵਿਅਕਤੀ ਹਥਿਆਰ ਨਾਲ ਮਾਰਕੀਟ 'ਚ ਮੌਜੂਦ ਹੈ। ਜਦੋਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ, ਤਾਂ ਜਸਜੀਤ ਸਿੰਘ ਬਾਣੀ ਨੂੰ ਕਮਿਊਨਿਟੀ ਸੈਂਟਰ ਨੇੜੇ ਰਿਵਾਲਵਰ ਸਮੇਤ ਕਾਬੂ ਕਰ ਲਿਆ ਗਿਆ। ਪੁਲਿਸ ਨੇ ਹਥਿਆਰ ਜ਼ਬਤ ਕਰ ਲਿਆ, ਜੋ ਕਿ ਉਸ ਸਮੇਂ ਖਾਲੀ ਸੀ। ਪੁੱਛਗਿੱਛ ਦੌਰਾਨ ਬਾਣੀ ਪਿਸਤੌਲ ਦਾ ਲਾਇਸੈਂਸ ਪੇਸ਼ ਨਹੀਂ ਕਰ ਸਕਿਆ, ਜਿਸ ਕਾਰਨ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਖਾਣੇ ਦੌਰਾਨ ਪਿਸਤੌਲ ਲਹਿਰਾਈ, ਨੱਚ ਰਿਹਾ ਸੀ
ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਜਸਜੀਤ ਆਪਣੇ ਦੋਸਤਾਂ ਨਾਲ ਰਾਤ ਨੂੰ ਖਾਣ ਖਾ ਰਿਹਾ ਸੀ, ਤਦ ਉਹ ਗਾਣਿਆਂ 'ਤੇ ਨੱਚਣ ਲੱਗ ਪਿਆ। ਨੱਚਦੇ ਹੋਏ ਉਸਨੇ ਆਪਣੀ ਪਿਸਤੌਲ ਕੱਢੀ ਅਤੇ ਹਵਾ ਵਿੱਚ ਲਹਿਰਾਉਣ ਲੱਗ ਪਿਆ। ਇਹ ਦ੍ਰਿਸ਼ ਨੇੜਲੇ ਦੁਕਾਨਦਾਰ ਨੇ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਅਸਲਾ ਐਕਟ ਹੇਠ ਚਾਰਜਸ਼ੀਟ, ਜ਼ਮਾਨਤ ਮਿਲੀ
ਪੁਲਿਸ ਨੇ ਜਸਜੀਤ ਖ਼ਿਲਾਫ਼ ਭਾਰਤੀ ਅਸਲਾ ਐਕਟ, 1959 ਦੀ ਧਾਰਾ 25, 54 ਅਤੇ 59 ਹੇਠ ਕੇਸ ਦਰਜ ਕੀਤਾ। ਚਾਰਜਸ਼ੀਟ ਵਿੱਚ ਮੌਕੇ ਤੋਂ ਮਿਲੇ ਸਬੂਤਾਂ ਅਤੇ ਗਵਾਹੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਕੁਝ ਦਿਨਾਂ ਬਾਅਦ ਜਸਜੀਤ ਸਿੰਘ ਬਾਣੀ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।
ਹੁਣ ਮਾਮਲੇ ਦੀ ਅਗਲੀ ਸੁਣਵਾਈ ਅਦਾਲਤ ਵਿੱਚ ਹੋਵੇਗੀ, ਜਿੱਥੇ ਇਹ ਤੈਅ ਕੀਤਾ ਜਾਵੇਗਾ ਕਿ ਬਾਣੀ ਵਿਰੁੱਧ ਮੁਕੱਦਮਾ ਚਲਾਇਆ ਜਾਵੇ ਜਾਂ ਨਹੀਂ।


