ਛੱਤੀਸਗੜ੍ਹ ਵਿੱਚ ਕਾਰ ਛੱਪੜ 'ਚ ਡਿੱਗੀ, 8 ਜਣਿਆਂ ਦੀ ਦਰਦਨਾਕ ਮੌਤ
By : BikramjeetSingh Gill
ਛੱਤੀਸਗੜ੍ਹ : ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜ਼ਿਆਦਾਤਰ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਤਿਉਹਾਰ ਮਨਾਇਆ। ਦੀਵਾਲੀ ਦੇ ਮੌਕੇ 'ਤੇ ਘਰ 'ਚ ਰੌਣਕ ਸੀ। ਪਰ ਇਸ ਦੌਰਾਨ ਕਈ ਹਾਦਸੇ ਵੀ ਵਾਪਰੇ। ਹਾਲ ਹੀ ਵਿੱਚ ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਕਾਰ ਛੱਪੜ ਵਿੱਚ ਡਿੱਗ ਗਈ। ਕਾਰ 'ਚ ਸਵਾਰ ਲੋਕ ਕਾਰ 'ਚੋਂ ਬਾਹਰ ਨਹੀਂ ਨਿਕਲ ਸਕੇ, ਜਿਸ ਕਾਰਨ ਸਾਰੇ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੀਵਾਲੀ ਤੋਂ ਲੈ ਕੇ ਹੁਣ ਤੱਕ ਦੇਸ਼ 'ਚ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ 'ਚ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਛੱਤੀਸਗੜ੍ਹ ਵਿੱਚ ਇੱਕ SUV ਛੱਪੜ ਵਿੱਚ ਡਿੱਗ ਗਈ। ਜਿਸ 'ਚ ਸਵਾਰ ਸਾਰੇ 8 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚੋਂ ਚਾਰ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਜਾਣਕਾਰੀ ਮੁਤਾਬਕ ਕਾਰ ਕਾਫੀ ਤੇਜ਼ ਰਫਤਾਰ ਨਾਲ ਜਾ ਰਹੀ ਸੀ, ਜਿਸ ਤੋਂ ਬਾਅਦ ਡਰਾਈਵਰ ਕੰਟਰੋਲ ਗੁਆ ਬੈਠਾ। ਛੱਪੜ ਵਿੱਚ ਡਿੱਗਣ ਤੋਂ ਬਾਅਦ ਕਾਰ ਪਾਣੀ ਨਾਲ ਭਰਨ ਲੱਗੀ। ਕਾਰ 'ਚ ਸਵਾਰ ਲੋਕਾਂ ਨੇ ਬਾਹਰ ਨਿਕਲਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਿਕਲ ਨਹੀਂ ਸਕੇ ਅਤੇ ਸਾਰਿਆਂ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ। ਪਹਿਲਾਂ 6 ਲੋਕਾਂ ਦੀਆਂ ਲਾਸ਼ਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ। ਦੋ ਲਾਸ਼ਾਂ ਨਹੀਂ ਮਿਲ ਸਕੀਆਂ, ਜਿਨ੍ਹਾਂ ਨੂੰ ਬਾਅਦ ਵਿੱਚ ਗੋਤਾਖੋਰਾਂ ਨੇ ਬਰਾਮਦ ਕਰ ਲਿਆ।
ਮਰਨ ਵਾਲਿਆਂ 'ਚ ਸੰਜੇ ਮੁੰਡਾ (35), ਉਸ ਦੀ ਪਤਨੀ ਚੰਦਰਵਤੀ (35), ਉਨ੍ਹਾਂ ਦੀ ਬੇਟੀ ਕੀਰਤੀ (8), ਉਨ੍ਹਾਂ ਦਾ ਗੁਆਂਢੀ ਮੰਗਲ ਦਾਸ (19), ਭੂਪੇਂਦਰ ਮੁੰਡਾ (18), ਬਾਲੇਸ਼ਵਰ (18), ਉਦੈਨਾਥ (20) ਅਤੇ ਡਰਾਈਵਰ ਮੁਕੇਸ਼ ਸ਼ਾਮਲ ਹਨ। ਸਨ। ਪੁਲਸ ਦਾ ਕਹਿਣਾ ਹੈ ਕਿ ਸਾਰੇ ਲੋਕ ਕੁਸਮੀ ਤੋਂ ਅੰਬਿਕਾਪੁਰ ਜਾ ਰਹੇ ਸਨ।
ਇਸ ਸਾਲ ਦੀਵਾਲੀ 'ਤੇ ਹਾਦਸਿਆਂ 'ਚ ਵਾਧਾ ਹੋਇਆ ਹੈ। ਗੁਜਰਾਤ 'ਚ ਹਾਦਸਿਆਂ ਦੇ ਮਾਮਲਿਆਂ 'ਚ 91 ਫੀਸਦੀ ਦਾ ਵਾਧਾ ਦੇਖਿਆ ਗਿਆ। ਉਥੇ ਹੀ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਇਸ ਵਾਰ ਇੱਥੇ ਸਭ ਤੋਂ ਜ਼ਿਆਦਾ ਹਾਦਸੇ ਪਟਾਕਿਆਂ ਕਾਰਨ ਹੋਏ ਹਨ। ਰਿਪੋਰਟਾਂ ਮੁਤਾਬਕ ਇਸ ਸਾਲ ਦਿੱਲੀ ਵਿੱਚ ਜਿੰਨੇ ਹਾਦਸਿਆਂ ਦੀ ਗਿਣਤੀ ਹੋਈ ਹੈ, ਉਸ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸਿਰਫ਼ ਇੱਕ ਰਾਤ ਵਿੱਚ 320 ਦੇ ਕਰੀਬ ਕੇਸ ਦਰਜ ਕੀਤੇ ਗਏ ਹਨ।