ਕੈਨੇਡਾ: ਨਹੀਂ ਰਹੇ ਪ੍ਰਸਿੱਧ ਮੀਡੀਆਕਾਰ ਤੇ ਪ੍ਰੋਫੈਸਰ ਡਾ. ਸੇਖੋਂ, ਬਠਿੰਡਾ 'ਚ ਹੋਇਆ ਦਿਹਾਂਤ
ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਰਹਿ ਚੁੱਕੇ ਨੇ ਡਾ. ਸੇਖੋਂ, ਤਰਕਸ਼ੀਲ ਸੁਸਾਇਟੀ ਕੈਨੇਡਾ ਲਈ ਇਹ ਹੈ ਨਾ ਪੂਰਾ ਹੋਣ ਵਾਲਾ ਘਾਟਾ
By : Sandeep Kaur
ਕੈਨੇਡਾ ਦੇ ਪੰਜਾਬੀ ਭਾਈਚਾਰੇ ਦੀ ਨਾਮਵਰ ਸ਼ਖਸੀਅਤ, ਬੁੱਧੀਜੀਵੀ ਤੇ ਤਰਕਸ਼ੀਲ ਆਗੂ ਡਾਕਟਰ ਬਲਜਿੰਦਰ ਸੇਖੋਂ ਦਾ ਦੇਹਾਂਤ ਹੋ ਗਿਆ। ਕੈਨੇਡਾ ਨਿਵਾਸੀ ਡਾਕਟਰ ਸੇਖੋਂ ਦਾ ਦੇਹਾਂਤ ਪੰਜਾਬ ਦੇ ਸ਼ਹਿਰ ਬਠਿੰਡਾ ਵਿਖੇ ਹੋਇਆ। ਡਾਕਟਰ ਬਲਜਿੰਦਰ ਸਿੰਘ ਸੇਖੋਂ ਬਠਿੰਡਾ ਦੇ ਜੰਮਪਲ ਸਨ ਤੇ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ, ਇੱਕ ਵਧੀਆ ਤੇ ਮਿਠ ਬੋਲੜੇ ਇਨਸਾਨ ਸਨ। ਡਾਕਟਰ ਸੇਖੋਂ ਇੱਕ ਸੁਲਝੇ ਬੁੱਧੀਜੀਵੀ ਤੇ ਰੋਸ਼ਨਾਲਿਸਟ ਲਹਿਰ ਲਈ ਸਮਰਪਿਤ ਸ਼ਖ਼ਸੀਅਤ ਸਨ। ਉਹ ਪੀਏਯੂ 'ਚ ਕੀਟ ਵਿਗਿਆਨ ਦੇ ਪ੍ਰੋਫੈਸਰ ਰਹੇ ਸਨ। ਉਹਨਾਂ ਖੇਤੀ ਯੂਨੀਵਰਸਿਟੀ ਲੁਧਿਆਣਾ ਅਤੇ ਬਠਿੰਡਾ ਵਿਖੇ ਪੜ੍ਹਾਇਆ। ਉਹ ਕੁਝ ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਰਹਿ ਰਹੇ ਸਨ। ਇੱਥੋਂ ਦੀਆਂ ਸਮਾਜਿਕ ਸੰਸਥਾਵਾਂ ਵਿੱਚ ਬਹੁਤ ਸਰਗਰਮੀ ਨਾਲ ਵਿਚਰ ਰਹੇ ਸਨ। ਕੈਨੇਡਾ ਵਿੱਚ ਤਰਕਸ਼ੀਲ ਸੁਸਾਇਟੀ ਦੀ ਮਜ਼ਬੂਤੀ ਲਈ ਉਹਨਾਂ ਦਾ ਅਹਿਮ ਯੋਗਦਾਨ ਰਿਹਾ। ਭਾਰਤ ਫੇਰੀ ਦੌਰਾਨ ਉਹਨਾਂ ਦੇ ਡਿੱਗਣ ਕਾਰਨ ਚੂਲਾ ਟੁੱਟ ਗਿਆ ਸੀ ਜੋ ਕਿ ਹੁਣ ਕਾਫ਼ੀ ਠੀਕ ਹੋ ਗਿਆ ਸੀ। ਡਾਕਟਰ ਸੇਖੋਂ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਤਰਕਸ਼ੀਲ ਸੁਸਾਇਟੀ ਕੈਨੇਡਾ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਡਾਕਟਰ ਸੇਖੋਂ ਦਾ ਕੈਨੇਡਾ 'ਚ ਵੀ ਬਹੁਤ ਵੱਡਾ ਨਾਮ ਸੀ। ਉਹ ਵੱਖ-ਵੱਖ ਮੀਡੀਆ ਅਦਾਰਿਆ ਨਾਲ ਵੀ ਜੁੜੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਆਪਣੇ ਚੰਗੇ ਵਿਚਾਰ ਰੇਡੀਓ ਤੇ ਟੀਵੀ ਪ੍ਰੋਗਰਾਮਾਂ ਰਾਹੀਂ ਸਾਂਝੇ ਕੀਤੇ ਜਾਂਦੇ ਸਨ। ਪਿਛਲੇ ਕੁੱਝ ਸਮੇਂ ਤੋਂ ਉਹ ਆਪਣੇ ਪਰਿਵਾਰ ਸਮੇਤ ਕੈਨੇਡਾ 'ਚ ਹੀ ਰਹਿ ਰਹੇ ਸਨ। ਲਗਭਗ ਛੇ ਮਹੀਨੇ ਪਹਿਲਾਂ ਹੀ ਡਾਕਟਰ ਸੇਖੋਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ। ਦਰਅਸਲ ਦਸੰਬਰ 2024 'ਚ ਡਾਕਟਰ ਸੇਖੋਂ ਦੇ ਪੋਤਰੇ 21 ਸਾਲਾ ਹਰਮਨ ਸੇਖੋਂ ਦਾ ਦਿਹਾਂਤ ਹੋ ਗਿਆ ਸੀ। ਡਾਕਟਰ ਸੇਖੋਂ ਦਾ ਬੇਟਾ ਹਰਪ੍ਰੀਤ ਸੇਖੋਂ ਤੇ ਪੂਰਾ ਪਰਿਵਾਰ ਹਾਲੇ ਇਸ ਸਦਮੇ ਤੋਂ ਬਾਹਰ ਨਹੀਂ ਆਇਆ ਸੀ ਕਿ ਛੇ ਮਹੀਨੇ ਬਾਅਦ ਹੀ ਘਰ ਦੇ ਮੋਢੀ ਡਾਕਟਰ ਬਲਜਿੰਦਰ ਸਿੰਘ ਸੇਖੋਂ ਵੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਕੁਦਰਤ ਪਰਿਵਾਰ ਨੂੰ ਸਦਮਾ ਸਹਿਣ ਕਰਨ ਦੀ ਤਾਕਤ ਅਤੇ ਹਿੰਮਤ ਬਖਸ਼ੇ।
ਇਸ ਸਮੇਂ ਡਾਕਟਰ ਸੇਖੋਂ ਨੂੰ ਜਾਣਨ ਵਾਲਿਆਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਡਾਕਟਰ ਬਲਜਿੰਦਰ ਸੇਖੋਂ ਦੇ ਦੇਹਾਂਤ ਨੇ ਉਨ੍ਹਾਂ ਦੇ ਦਿਲਾਂ ਅਤੇ ਬਰੈਂਪਟਨ ਦੇ ਪੰਜਾਬੀ ਭਾਈਚਾਰੇ ਵਿੱਚ ਇੱਕ ਡੂੰਘਾ ਖਲਾਅ ਛੱਡ ਦਿੱਤਾ ਹੈ। ਇੱਕ ਸਮਰਪਿਤ ਸਮਾਜ ਸੇਵਕ, ਪ੍ਰੇਰਨਾਦਾਇਕ ਅਧਿਆਪਕ ਅਤੇ ਪ੍ਰਭਾਵਸ਼ਾਲੀ ਮੀਡੀਆ ਸ਼ਖਸੀਅਤ, ਡਾਕਟਰ ਸੇਖੋਂ ਨੇ ਆਪਣੀ ਨਿਰਸਵਾਰਥ ਸੇਵਾ, ਸਿਆਣਪ ਅਤੇ ਦੂਜਿਆਂ ਨੂੰ ਉੱਚਾ ਚੁੱਕਣ ਲਈ ਵਚਨਬੱਧਤਾ ਰਾਹੀਂ ਅਣਗਿਣਤ ਜੀਵਨਾਂ ਨੂੰ ਛੂਹਿਆ। ਉਨ੍ਹਾਂ ਦੇ ਪਰਿਵਾਰ, ਦੋਸਤਾਂ, ਸਹਿਯੋਗੀਆਂ ਅਤੇ ਉਨ੍ਹਾਂ ਸਾਰਿਆਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ ਹੈ ਜਿਨ੍ਹਾਂ ਨੂੰ ਉਨ੍ਹਾਂ ਨੂੰ ਜਾਣਨ ਦਾ ਸੁਭਾਗ ਪ੍ਰਾਪਤ ਹੋਇਆ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਦੇਵੇ। ਅਦਾਰਾ ਹਮਦਰਦ ਇਸ ਦੁੱਖ ਦੀ ਘੜੀ 'ਚ ਸੇਖੋਂ ਪਰਿਵਾਰ ਦੇ ਨਾਲ ਖੜ੍ਹਾ ਹੈ।


