Canada: International Student ਦੀ ਗਈ Job ਅਤੇ PR, 7 ਸਾਲ ਬਾਅਦ ਮੁੜਨਾ ਪਵੇਗਾ India ਵਾਪਿਸ
25 ਸਾਲਾ ਅਭਿਸ਼ੇਕ ਪਰਮਾਰ 2019 ਵਿੱਚ ਪੜ੍ਹਾਈ ਕਰਨ ਲਈ ਭਾਰਤ ਤੋਂ ਆਇਆ ਸੀ ਕੈਨੇਡਾ
By : Sandeep Kaur
ਕੈਨੇਡਾ ਵਿੱਚ ਰਹਿ ਰਹੇ ਲੱਖਾਂ ਅਸਥਾਈ ਵਸਨੀਕਾਂ ਲਈ ਆਉਂਦਾ ਸਮਾਂ ਬਹੁਤ ਅਣਿਸ਼ਚਿਤ ਅਤੇ ਚਿੰਤਾਜਨਕ ਬਣਦਾ ਜਾ ਰਿਹਾ ਹੈ। ਵਿੰਡਸਰ–ਐਸੇਕਸ ਵਿੱਚ ਪਿਛਲੇ ਛੇ ਸਾਲ ਤੋਂ ਰਹਿ ਰਹੇ 25 ਸਾਲਾ ਅਭਿਸ਼ੇਕ ਪਰਮਾਰ ਦੀ ਕਹਾਣੀ ਇਸ ਮਾਹੌਲ ਦੀ ਇੱਕ ਜੀਤੀ–ਜਾਗਦੀ ਮਿਸਾਲ ਹੈ। ਅਭਿਸ਼ੇਕ 2019 ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ। ਉਸਨੇ ਸੇਂਟ ਕਲੇਅਰ ਕਾਲਜ ਤੋਂ ਮਕੈਨਿਕਲ ਇੰਜੀਨੀਅਰਿੰਗ ਟੈਕਨੋਲੋਜੀ ਦੀ ਪੜ੍ਹਾਈ ਕੀਤੀ ਅਤੇ ਪੜ੍ਹਾਈ ਤੇ ਰਹਿਣ–ਸਹਿਣ ‘ਤੇ 80 ਹਜ਼ਾਰ ਡਾਲਰ ਤੋਂ ਵੱਧ ਖਰਚ ਕੀਤਾ। ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਸਨੂੰ ਲਸੈਲ ਦੀ ਇੱਕ ਆਟੋਮੋਟਿਵ ਕੰਪਨੀ ਵਿੱਚ ਨੌਕਰੀ ਮਿਲੀ ਅਤੇ 2024 ਵਿੱਚ ਉਸਨੇ ਓਨਟੇਰਿਓ ਇਮੀਗ੍ਰੇਸ਼ਨ ਪਾਥਵੇਅ ਰਾਹੀਂ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀ ਦਿੱਤੀ। ਪਰ ਉਸਦੇ ਸੁਪਨੇ ਉਸ ਵੇਲੇ ਟੁੱਟਣ ਲੱਗ ਪਏ ਜਦੋਂ ਅਮਰੀਕਾ ਨਾਲ ਜੁੜੀਆਂ ਟੈਰਿਫ਼ ਨੀਤੀਆਂ ਕਾਰਨ ਪਹਿਲਾਂ ਉਸਦੀ ਨੌਕਰੀ ਗਈ ਅਤੇ ਬਾਅਦ ਵਿੱਚ ਦੂਜੀ ਆਟੋ ਕੰਪਨੀ ਤੋਂ ਵੀ ਉਸਨੂੰ ਛੁੱਟੀ ਕਰ ਦਿੱਤੀ ਗਈ। ਉਸਦੀ ਪੀ.ਆਰ. ਅਰਜ਼ੀ ਨੌਕਰੀ ਨਾਲ ਜੁੜੀ ਹੋਈ ਸੀ, ਇਸ ਲਈ ਉਸਦਾ ਸੂਬਾਈ ਇਮੀਗ੍ਰੇਸ਼ਨ ਪਾਥਵੇਅ ਵੀ ਖ਼ਤਮ ਹੋ ਗਿਆ।
ਅਭਿਸ਼ੇਕ ਕਹਿੰਦਾ ਹੈ ਕਿ ਇਕ ਪਲ ਵਿੱਚ ਉਸਨੇ ਕੈਨੇਡਾ ਵਿੱਚ ਪੱਕੇ ਤੌਰ ‘ਤੇ ਰਹਿਣ ਦੀ ਹਰ ਉਮੀਦ ਗੁਆ ਦਿੱਤੀ। ਉਸਦਾ ਵਰਕ ਪਰਮਿਟ ਮਾਰਚ ਵਿੱਚ ਖ਼ਤਮ ਹੋ ਰਿਹਾ ਹੈ ਅਤੇ ਵਿੰਡਸਰ ਨੂੰ ਆਪਣਾ ਘਰ ਬਣਾਉਣ, ਕਾਰੋਬਾਰ ਸ਼ੁਰੂ ਕਰਨ ਅਤੇ ਪਹਿਲਾ ਘਰ ਖਰੀਦਣ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ ਹਨ। ਦੂਜੇ ਪਾਸੇ, ਆਈਆਰਸੀਸੀ ਦੇ ਅੰਕੜੇ ਹੋਰ ਵੀ ਚਿੰਤਾਜਨਕ ਤਸਵੀਰ ਪੇਸ਼ ਕਰਦੇ ਹਨ। ਵਿਭਾਗ ਮੁਤਾਬਕ ਪਿਛਲੇ ਸਾਲ 1.4 ਮਿਲੀਅਨ ਅਸਥਾਈ ਵਸਨੀਕਾਂ ਦੇ ਪਰਮਿਟ ਖ਼ਤਮ ਹੋਏ ਸਨ ਅਤੇ ਇਸ ਸਾਲ ਵੀ ਹੋਰ 1.4 ਮਿਲੀਅਨ ਲੋਕਾਂ ਦੇ ਪਰਮਿਟ ਖ਼ਤਮ ਹੋਣ ਜਾ ਰਹੇ ਹਨ। ਦੋ ਸਾਲਾਂ ਵਿੱਚ ਇਹ ਗਿਣਤੀ 2.9 ਮਿਲੀਅਨ ਬਣਦੀ ਹੈ, ਜਿਸ ਵਿੱਚ ਸਟਡੀ ਪਰਮਿਟ ਸ਼ਾਮਲ ਨਹੀਂ ਹਨ। ਆਈਆਰਸੀਸੀ ਕਹਿੰਦਾ ਹੈ ਕਿ 2025 ਵਿੱਚ ਸਿਰਫ਼ 3 ਲੱਖ 95 ਹਜ਼ਾਰ ਅਤੇ 2026 ਵਿੱਚ ਲਗਭਗ 3 ਲੱਖ 80 ਹਜ਼ਾਰ ਲੋਕਾਂ ਲਈ ਹੀ ਪੀ.ਆਰ. ਦੀਆਂ ਥਾਵਾਂ ਉਪਲਬਧ ਹਨ। ਇਸਦਾ ਮਤਲਬ ਇਹ ਹੈ ਕਿ ਘੱਟੋ-ਘੱਟ 2.1 ਮਿਲੀਅਨ ਅਸਥਾਈ ਵਸਨੀਕ ਅਜਿਹੇ ਹੋ ਸਕਦੇ ਹਨ ਜਿਨ੍ਹਾਂ ਨੂੰ ਕੈਨੇਡਾ ਛੱਡਣਾ ਪਵੇ। ਪਰ ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਲੋਕ ਆਪਣੇ ਆਪ ਵਾਪਸ ਚਲੇ ਜਾਣਗੇ।
ਪਰ ਹਕੀਕਤ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੇ ਆਪਣੀ ਸਾਰੀ ਜਾਇਦਾਦ ਵੇਚ ਕੇ ਅਤੇ ਕਰਜ਼ੇ ਲੈ ਕੇ ਕੈਨੇਡਾ ਆਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਮੁਤਾਬਕ 2.1 ਮਿਲੀਅਨ ਲੋਕਾਂ ਨੂੰ ਡਿਪੋਰਟ ਕਰਨਾ ਪ੍ਰਸ਼ਾਸਨਿਕ ਤੌਰ ‘ਤੇ ਲਗਭਗ ਅਸੰਭਵ ਅਤੇ ਬਹੁਤ ਦਰਦਨਾਕ ਪ੍ਰਕਿਰਿਆ ਹੋਵੇਗੀ। ਸੀਬੀਐੱਸਏ ਦੇ ਅੰਕੜਿਆਂ ਅਨੁਸਾਰ 2024–25 ਵਿੱਚ 18 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੈਨੇਡਾ ਤੋਂ ਕੱਢਿਆ ਗਿਆ, ਜਿਸ ‘ਤੇ 78 ਮਿਲੀਅਨ ਡਾਲਰ ਤੋਂ ਵੱਧ ਖ਼ਰਚ ਆਇਆ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਪੀ.ਆਰ. ਲਈ ਮੁਕਾਬਲਾ ਬੇਹੱਦ ਸਖ਼ਤ ਹੋ ਗਿਆ ਹੈ। ਉਨ੍ਹਾਂ ਮੁਤਾਬਕ ਬਹੁਤ ਸਾਰੇ ਲੋਕਾਂ ਨੂੰ “ਕੈਨੇਡੀਅਨ ਸੁਪਨਾ” ਵੇਚਿਆ ਗਿਆ, ਪਰ ਇਹ ਨਹੀਂ ਦੱਸਿਆ ਗਿਆ ਕਿ ਪੀ.ਆਰ. ਕੋਈ ਅਧਿਕਾਰ ਨਹੀਂ, ਸਗੋਂ ਇੱਕ ਸੁਵਿਧਾ ਹੈ। ਇਸ ਸਭ ਦੇ ਦਰਮਿਆਨ ਅਭਿਸ਼ੇਕ ਵਰਗੇ ਹਜ਼ਾਰਾਂ ਨੌਜਵਾਨ ਅਜੇ ਵੀ ਉਮੀਦ ਨਾਲ ਅੰਗਰੇਜ਼ੀ ਟੈਸਟ, ਫਰੈਂਚ ਭਾਸ਼ਾ ਅਤੇ ਹੋਰ ਰਾਹਾਂ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਸਵਾਲ ਇਹ ਹੈ—ਕੀ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਇਨ੍ਹਾਂ ਲੋਕਾਂ ਲਈ ਕੋਈ ਥਿਰ ਅਤੇ ਇਨਸਾਫ਼ਪੂਰਨ ਹੱਲ ਲੱਭ ਪਾਏਗੀ, ਜਾਂ ਫਿਰ ਲੱਖਾਂ ਲੋਕਾਂ ਦਾ ਕੈਨੇਡੀਅਨ ਸੁਪਨਾ ਅਧੂਰਾ ਹੀ ਰਹਿ ਜਾਵੇਗਾ?


