Begin typing your search above and press return to search.

ਕੈਨੇਡਾ: ਧੋਖਾਧੜੀ ਦੇ ਮਾਮਲੇ 'ਚ ਭਾਰਤੀ ਵਿਅਕਤੀ ਆਇਆ ਪੁਲਿਸ ਅੜ੍ਹਿਕੇ

ਮਾਰਖਮ ਦਾ 50 ਸਾਲਾ ਨੀਲ ਮੋਦੀ, ਨਿਵੇਸ਼ ਦੇ ਨਾਂ ’ਤੇ ਲੋਕਾਂ ਨਾਲ ਮਾਰਦਾ ਸੀ ਠੱਗੀਆਂ

ਕੈਨੇਡਾ: ਧੋਖਾਧੜੀ ਦੇ ਮਾਮਲੇ ਚ ਭਾਰਤੀ ਵਿਅਕਤੀ ਆਇਆ ਪੁਲਿਸ ਅੜ੍ਹਿਕੇ
X

Sandeep KaurBy : Sandeep Kaur

  |  16 March 2026 11:05 PM IST

  • whatsapp
  • Telegram

ਟੋਰਾਂਟੋ ਪੁਲਿਸ ਸਰਵਿਸ ਨੇ ਇੱਕ ਵੱਡੇ ਧੋਖਾਧੜੀ ਮਾਮਲੇ ਵਿੱਚ ਕੀਤੀ ਗਈ ਗ੍ਰਿਫ਼ਤਾਰੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ। ਪੁਲਿਸ ਦੇ ਅਨੁਸਾਰ ਇਹ ਮਾਮਲਾ ਟੋਰਾਂਟੋ ਸ਼ਹਿਰ ਵਿੱਚ ਕੀਤੀ ਗਈ ਇੱਕ ਵੱਡੀ ਨਿਵੇਸ਼ ਧੋਖਾਧੜੀ ਨਾਲ ਸੰਬੰਧਿਤ ਹੈ ਜਿਸ ਵਿੱਚ ਕਈ ਲੋਕਾਂ ਨੂੰ ਨਿਵੇਸ਼ ਦੇ ਨਾਂ ’ਤੇ ਠੱਗਿਆ ਗਿਆ ਹੋਣ ਦਾ ਦੋਸ਼ ਹੈ। ਪੁਲਿਸ ਦੇ ਮੁਤਾਬਕ 12 ਅਗਸਤ 2024 ਨੂੰ 11 ਡਿਵਿਜ਼ਨ ਦੇ ਅਧਿਕਾਰੀਆਂ ਵੱਲੋਂ ਟੋਰਾਂਟੋ ਸ਼ਹਿਰ ਵਿੱਚ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਸਬੰਧੀ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਕ ਸ਼ਖ਼ਸ ਆਪਣੇ ਆਪ ਨੂੰ ਇੱਕ ਪ੍ਰਾਈਵੇਟ ਇਨਵੈਸਟਰ ਦੱਸਦਾ ਸੀ ਅਤੇ ਉਹ ਨੌਰ ਸਟਾਰ ਫਾਇਨੈਸ਼ਲ ਸਕਿਊਰਿਟੀ ਨਾਮ ਦੀ ਕੰਪਨੀ ਨਾਲ ਜੁੜਿਆ ਹੋਇਆ ਹੋਣ ਦਾ ਦਾਅਵਾ ਕਰਦਾ ਸੀ। ਪੁਲਿਸ ਅਨੁਸਾਰ ਦੋਸ਼ੀ ਲੋਕਾਂ ਨੂੰ ਇਸ ਕਾਰੋਬਾਰ ਵਿੱਚ ਪੈਸਾ ਨਿਵੇਸ਼ ਕਰਨ ਲਈ ਪ੍ਰੇਰਿਤ ਕਰਦਾ ਸੀ ਅਤੇ ਉਨ੍ਹਾਂ ਨੂੰ ਇਹ ਯਕੀਨ ਦਿਵਾਉਂਦਾ ਸੀ ਕਿ ਉਨ੍ਹਾਂ ਨੂੰ ਆਪਣੇ ਨਿਵੇਸ਼ ’ਤੇ ਵਧੀਆ ਮੁਨਾਫ਼ਾ ਮਿਲੇਗਾ।

ਦੋਸ਼ ਹੈ ਕਿ ਸ਼ੱਕੀ ਵਿਅਕਤੀ ਨਿਵੇਸ਼ਕਾਂ ਨੂੰ ਇਹ ਵੀ ਦੱਸਦਾ ਸੀ ਕਿ ਉਹ ਉਨ੍ਹਾਂ ਦੇ ਨਿਵੇਸ਼ ਤੋਂ ਮਿਲਣ ਵਾਲੇ ਲਾਭ ਨਾਲ ਖਾਲੀ ਪਈ ਜ਼ਮੀਨ ਖਰੀਦ ਰਿਹਾ ਹੈ ਅਤੇ ਭਵਿੱਖ ਵਿੱਚ ਇਹ ਨਿਵੇਸ਼ ਕਾਫ਼ੀ ਲਾਭਕਾਰੀ ਸਾਬਤ ਹੋਵੇਗਾ। ਹਾਲਾਂਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਿਵੇਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੇ ਪੈਸਿਆਂ ’ਤੇ ਕੋਈ ਵਾਪਸੀ ਨਹੀਂ ਮਿਲੀ। ਪੁਲਿਸ ਦਾ ਦੋਸ਼ ਹੈ ਕਿ ਸ਼ੱਕੀ ਵਿਅਕਤੀ ਨੇ ਨਿਵੇਸ਼ਕਾਂ ਦਾ ਭਰੋਸਾ ਜਿੱਤਣ ਲਈ ਜਾਲਸਾਜ਼ੀ ਨਾਲ ਤਿਆਰ ਕੀਤੇ ਗਏ ਦਸਤਾਵੇਜ਼ ਵੀ ਪੇਸ਼ ਕੀਤੇ, ਤਾਂ ਜੋ ਲੋਕਾਂ ਨੂੰ ਇਹ ਲੱਗੇ ਕਿ ਉਨ੍ਹਾਂ ਦਾ ਪੈਸਾ ਕਾਨੂੰਨੀ ਅਤੇ ਸੁਰੱਖਿਅਤ ਤਰੀਕੇ ਨਾਲ ਲਗਾਇਆ ਜਾ ਰਿਹਾ ਹੈ। ਲੰਬੀ ਜਾਂਚ ਤੋਂ ਬਾਅਦ 3 ਮਾਰਚ 2026 ਨੂੰ 50 ਸਾਲਾ ਨੀਲ ਮੋਦੀ, ਜੋ ਕਿ ਮਾਰਖਮ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਉਸ iਖ਼ਲਾਫ਼ ਕਈ ਗੰਭੀਰ ਦੋਸ਼ ਲਗਾਏ ਹਨ, ਜਿਨ੍ਹਾਂ ਵਿੱਚ ਚਾਰ ਗਿਣਤੀਆਂ 5000 ਡਾਲਰ ਤੋਂ ਵੱਧ ਦੀ ਧੋਖਾਧੜੀ, ਚਾਰ ਗਿਣਤੀਆਂ ਅਪਰਾਧ ਰਾਹੀਂ ਪ੍ਰਾਪਤ ਕੀਤੀ ਗਈ ਰਕਮ ਦੀ ਹਿਫ਼ਾਜ਼ਤ ਅਤੇ ਤਿੰਨ ਗਿਣਤੀਆਂ ਜਾਲਸਾਜ਼ੀ ਦੀਆਂ ਸ਼ਾਮਲ ਹਨ।

ਪੁਲਿਸ ਦੇ ਮੁਤਾਬਕ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ 10 ਆਰਮੋਰੀ ਸਟ੍ਰੀਟ, ਟੋਰਾਂਟੋ ਵਿਖੇ 14 ਮਈ 2026 ਨੂੰ ਦੁਪਹਿਰ 2:00 ਵਜੇ ਕਮਰਾ ਨੰਬਰ 201 ਵਿੱਚ ਹੋਵੇਗੀ। ਪੁਲਿਸ ਦਾ ਕਹਿਣਾ ਹੈ ਕਿ ਸੰਭਾਵਨਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਲੋਕ ਧੋਖਾਧੜੀ ਦਾ ਸ਼ਿਕਾਰ ਹੋਏ ਹੋਣ। ਇਸ ਲਈ ਪੁਲਿਸ ਵੱਲੋਂ ਸ਼ੱਕੀ ਵਿਅਕਤੀ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ ਤਾਂ ਜੋ ਜੇਕਰ ਕਿਸੇ ਹੋਰ ਵਿਅਕਤੀ ਨਾਲ ਵੀ ਇਸ ਤਰ੍ਹਾਂ ਦੀ ਧੋਖਾਧੜੀ ਹੋਈ ਹੋਵੇ ਤਾਂ ਉਹ ਅੱਗੇ ਆ ਕੇ ਪੁਲਿਸ ਨਾਲ ਸੰਪਰਕ ਕਰ ਸਕਣ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਟੋਰਾਂਟੋ ਪੁਲਿਸ ਨਾਲ ਸੰਪਰਕ ਕਰਨ, ਤਾਂ ਜੋ ਹੋਰ ਪੀੜਤਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ।

Next Story
ਤਾਜ਼ਾ ਖਬਰਾਂ
Share it