Canada - India ਦੇ ਸੁਧਰਨਗੇ ਸੰਬੰਧ, PM Carney ਕਰਨਗੇ ਭਾਰਤ ਦਾ ਦੌਰਾ
ਕਾਰਨੀ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਭਾਰਤੀ ਬਜਟ ਤੋਂ ਬਾਅਦ ਜਾਣਗੇ ਇੰਡੀਆ, ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਦਿੱਤੀ ਜਾਣਕਾਰੀ
By : Sandeep Kaur
ਦੋ ਸਾਲ ਤੋਂ ਵੱਧ ਸਮੇਂ ਤੱਕ ਤਣਾਅਪੂਰਨ ਰਹੇ ਕੂਟਨੀਤਿਕ ਰਿਸ਼ਤਿਆਂ ਤੋਂ ਬਾਅਦ ਹੁਣ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਨਵਾਂ ਮੋੜ ਆਉਂਦਾ ਦਿਸ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਉਂਦੇ ਹਫ਼ਤਿਆਂ ਵਿੱਚ ਭਾਰਤ ਦਾ ਦੌਰਾ ਕਰਨ ਵਾਲੇ ਹਨ, ਜਿਸਨੂੰ ਦੋਵੇਂ ਦੇਸ਼ਾਂ ਵਿਚਾਲੇ ਰਿਸ਼ਤੇ ਸੁਧਾਰਨ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਹ ਦੌਰਾ ਉਸ ਵੇਲੇ ਹੋ ਰਿਹਾ ਹੈ ਜਦੋਂ ਕੈਨੇਡਾ ਅਤੇ ਭਾਰਤ ਦੋਵੇਂ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਪਾਰ ਜੰਗ ਅਤੇ ਭਾਰੀ ਟੈਰਿਫ਼ ਨੀਤੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਦੋਵੇਂ ਦੇਸ਼ ਆਪਣੇ ਵਪਾਰਕ ਸਾਥੀ ਵਧਾਉਣ ਅਤੇ ਨਵੇਂ ਆਰਥਿਕ ਰਸਤੇ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਾਰਨੀ ਦਾ ਭਾਰਤ ਦੌਰਾ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਭਾਰਤੀ ਬਜਟ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਕੂਟਨੀਤਿਕ ਪ੍ਰਣਾਲੀ ਵਿੱਚ ਭਰੋਸਾ ਵਾਪਸ ਆ ਰਿਹਾ ਹੈ ਅਤੇ ਉਹ ਕੰਮ ਮੁੜ ਸ਼ੁਰੂ ਹੋ ਰਹੇ ਹਨ ਜੋ ਕੁਝ ਸਮੇਂ ਲਈ ਰੁਕੇ ਹੋਏ ਸਨ।
ਜ਼ਿਕਰਯੋਗ ਹੈ ਕਿ 2023 ਵਿੱਚ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਗੰਭੀਰ ਤਣਾਅ ਉਸ ਸਮੇਂ ਆਇਆ ਸੀ, ਜਦੋਂ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਗਾਇਆ ਸੀ ਕਿ ਕੈਨੇਡਾ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸੰਭਾਵਿਤ ਭੂਮਿਕਾ ਹੋ ਸਕਦੀ ਹੈ। ਇਸ ਤੋਂ ਬਾਅਦ ਆਰਸੀਐੱਮਪੀ ਵੱਲੋਂ ਵੀ ਭਾਰਤ ਸਰਕਾਰ ਨਾਲ ਜੁੜੇ ਏਜੰਟਾਂ ਉੱਤੇ ਕਤਲ, ਜਬਰਨ ਵਸੂਲੀ ਅਤੇ ਹਿੰਸਕ ਕਾਰਵਾਈਆਂ ਦੇ ਦੋਸ਼ ਲਗਾਏ ਗਏ ਸਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਇਹ ਬਿਲਕੁਲ ਬੇਬੁਨਿਆਦ ਹਨ। ਦਿਨੇਸ਼ ਪਟਨਾਇਕ ਨੇ ਵੀ ਦੋਹਰਾਇਆ ਕਿ ਭਾਰਤ ਕਿਸੇ ਹੋਰ ਦੇਸ਼ ਵਿੱਚ ਅਜਿਹੀਆਂ ਕਾਰਵਾਈਆਂ ਨਹੀਂ ਕਰਦਾ ਅਤੇ ਇਹ ਦੋਸ਼ ਇੱਕ ਅਜਿਹੇ ਪ੍ਰਧਾਨ ਮੰਤਰੀ ਵੱਲੋਂ ਲਗਾਏ ਗਏ ਸਨ ਜੋ ਹੁਣ ਸੱਤਾ ਵਿੱਚ ਨਹੀਂ ਹਨ।
ਇਸ ਪਿਛੋਕੜ ਦੇ ਬਾਵਜੂਦ, ਦੋਵੇਂ ਦੇਸ਼ ਹੁਣ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਸਾਲ ਨਵੰਬਰ ਵਿੱਚ ਦੱਖਣੀ ਅਫ਼ਰੀਕਾ ਵਿੱਚ ਹੋਏ ਜੀ-20 ਸੰਮੇਲਨ ਦੌਰਾਨ ਦੋਵੇਂ ਪੱਖਾਂ ਨੇ ਗੱਲਬਾਤ ਸ਼ੁਰੂ ਕਰਨ ‘ਤੇ ਸਹਿਮਤੀ ਜਤਾਈ ਸੀ। ਭਾਰਤ ਅਤੇ ਕੈਨੇਡਾ ਊਰਜਾ, ਖੇਤੀਬਾੜੀ, ਖਾਦ ਸੈਕਟਰ, ਨਵੀਂ ਟੈਕਨੋਲੋਜੀ, ਰਿਸਰਚ, ਏਅਰੋਸਪੇਸ ਅਤੇ ਡਿਫੈਂਸ ਵਰਗੇ ਖੇਤਰਾਂ ਵਿੱਚ ਸਾਂਝ ਵਧਾਉਣਾ ਚਾਹੁੰਦੇ ਹਨ। ਕਾਰਨੀ ਦੇ ਦੌਰੇ ਤੋਂ ਪਹਿਲਾਂ ਕੈਬਨਿਟ ਦੇ ਕਈ ਮੰਤਰੀ ਵੀ ਭਾਰਤ ਜਾ ਰਹੇ ਹਨ, ਜਿਸਨੂੰ ਰਿਸ਼ਤੇ ਮਜ਼ਬੂਤ ਕਰਨ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸਾਰੀਆਂ ਗਤਿਵਿਧੀਆਂ ਇਹ ਸਪੱਸ਼ਟ ਕਰਦੀਆਂ ਹਨ ਕਿ ਮਾਰਕ ਕਾਰਨੀ ਦੀ ਅਗਵਾਈ ਹੇਠ ਕੈਨੇਡਾ ਭਾਰਤ ਨਾਲ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਸੰਤੁਲਿਤ ਅਤੇ ਮਜ਼ਬੂਤ ਬਣਾਉਣਾ ਚਾਹੁੰਦਾ ਹੈ, ਖ਼ਾਸ ਕਰਕੇ ਉਸ ਸਮੇਂ ਜਦੋਂ ਅਮਰੀਕੀ ਟੈਰਿਫ਼ ਦੋਵੇਂ ਦੇਸ਼ਾਂ ਲਈ ਵੱਡੀ ਚੁਣੌਤੀ ਬਣੇ ਹੋਏ ਹਨ।


