ਕੈਨੇਡਾ: ਅਮਰੀਕੀ ਕੰਪਨੀਆਂ ਨਾਲ ਕਾਰੋਬਾਰ ਬੰਦ ਕਰ ਰਿਹਾ ਬਰੈਂਪਟਨ
ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ: ਮੇਅਰ ਪੈਟਰਿਕ ਬਰਾਊਨ

By : Sandeep Kaur
ਬਰੈਂਪਟਨ ਸਿਟੀ ਹਾਲ 'ਚ ਸੋਮਵਾਰ ਸਵੇਰੇ ਮੇਅਰ ਪੈਟਰਿਕ ਬਰਾਊਨ ਅਤੇ ਹੋਰ ਸਿਟੀ ਕੌਂਸਲ ਦੇ ਮੈਂਬਰਾਂ ਵੱਲੋਂ ਪ੍ਰੈਸ ਕਾਨਫਰੰਸ ਦਾ ਸੱਦਾ ਦਿੱਤਾ ਗਿਆ ਜਿੱਥੇ ਉਨ੍ਹਾਂ ਦੱਸਿਆ ਕਿ ਬਰੈਂਪਟਨ ਅਮਰੀਕੀ ਕੰਪਨੀਆਂ ਨਾਲ ਕਾਰੋਬਾਰ ਕਰਨਾ ਬੰਦ ਕਰਨ ਜਾ ਰਿਹਾ ਹੈ। ਅਮਰੀਕੀ ਬਾਜ਼ਾਰ 'ਚ ਦਾਖਲ ਹੋਣ ਵਾਲੇ ਸਾਰੇ ਕੈਨੇਡੀਅਨ ਸਮਾਨ 'ਤੇ ਲਗਾਏ ਜਾਣ ਵਾਲੇ ਭਾਰੀ ਟੈਰਿਫਾਂ ਦੇ ਜਵਾਬ 'ਚ, ਬਰੈਂਪਟਨ ਸਿਟੀ ਕੌਂਸਲ ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ ਹੁਣ ਖਰੀਦ 'ਤੇ ਬੋਲੀ ਲਗਾਉਣ ਦੇ ਯੋਗ ਨਹੀਂ ਹੋਣਗੀਆਂ। ਇਸਦਾ ਮਤਲਬ ਹੈ ਕਿ ਸਾਮਾਨ ਅਤੇ ਸੇਵਾਵਾਂ ਜਿਵੇਂ ਕਿ ਸਾਜ਼ੋ-ਸਾਮਾਨ, ਸਲਾਹ-ਮਸ਼ਵਰਾ, ਨਿਰਮਾਣ, ਅਤੇ ਕਿਸੇ ਵੀ ਹੋਰ ਵਪਾਰਕ ਸਬੰਧ ਦੀ ਸਪਲਾਈ ਲਈ ਬੋਲੀ ਪ੍ਰਕਿਿਰਆ ਸਿਰਫ਼ ਕੈਨੇਡੀਅਨ ਕਾਰਜਾਂ ਲਈ ਉਪਲਬਧ ਕਰਵਾਈ ਜਾਵੇਗੀ।
ਮੇਅਰ ਪੈਟ੍ਰਿਕ ਬ੍ਰਾਊਨ ਨੇ ਸਵੇਰ ਦੀ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਉਸ ਸਮੇਂ ਜਦੋਂ ਸਾਡੀ ਆਰਥਿਕਤਾ ਖ਼ਤਰੇ 'ਚ ਹੈ, ਜਦੋਂ ਨੌਕਰੀਆਂ ਦਾਅ 'ਤੇ ਲੱਗੀਆਂ ਹਨ, ਸਾਨੂੰ ਕੈਨੇਡਾ ਦੀ ਚੋਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕੋਈ ਫ਼ਰਕ ਨਹੀਂ ਪੈਂਦਾ ਕਿ ਸਰਕਾਰ ਕਿਸ ਪੱਧਰ ਦੀ ਹੈ, ਕਿਹੜੀ ਪਾਰਟੀ ਨਾਲ ਸਬੰਧਤ ਹੈ, ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਸਾਡੇ ਦੇਸ਼ ਦੀ ਆਰਥਿਕਤਾ ਦਾਅ 'ਤੇ ਹੈ। ਕੈਨੇਡਾ 'ਚ ਸਾਮਾਨ ਤਿਆਰ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਪ੍ਰਭਾਵਿਤ ਨਹੀਂ ਹੋਣਗੀਆਂ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਪਹਿਲੀ ਪਸੰਦ ਸਾਡੇ ਸਬੰਧਾਂ ਨੂੰ ਜਾਰੀ ਰੱਖਣਾ ਹੈ ਪਰ ਜੇਕਰ ਰਾਸ਼ਟਰਪਤੀ ਟਰੰਪ ਆਪਣੀ ਟੈਰਿਫ ਨੀਤੀ ਨਾਲ ਅੱਗੇ ਵਧਣਾ ਚੁਣਦੇ ਹਨ, ਤਾਂ ਇਸਦੇ ਨਤੀਜੇ ਭੁਗਤਣੇ ਪੈਣਗੇ।
ਉੱਥੇ ਮੌਜੂਦ ਰੀਜ਼ਨਲ ਕਾਊਂਸਲਰ ਗੁਰਪ੍ਰਤਾਪ ਸਿੰਘ ਟੂਰ ਨੇ ਕਿਹਾ ਕਿ ਟੈਰਿਫ ਨਾਲ ਨਜਿੱਠਣ ਲਈ ਬਰੈਂਪਟਨ ਪਹਿਲਾਂ ਸ਼ਹਿਰ ਹੈ ਜਿਸ ਨੇ ਕਦਮ ਚੁੱਕੇ ਹਨ ਅਤੇ ਰਣਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਟੈਰਿਫ ਨਾਲ ਨਜਿੱਠਣਾ ਪਵੇਗਾ। ਦੱਸਦਈਏ ਕਿ ਬਰੈਂਪਟਨ ਇਹ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਇਹ ਅਮਰੀਕੀ ਫਰਮਾਂ ਨਾਲ ਮੌਜੂਦਾ ਚੱਲ ਰਹੇ ਇਕਰਾਰਨਾਮਿਆਂ ਤੋਂ ਕਾਨੂੰਨੀ ਤੌਰ 'ਤੇ ਬਾਹਰ ਨਿਕਲ ਸਕਦਾ ਹੈ ਕਿ ਨਹੀਂ।


