ਕੈਨੇਡਾ: ਪੰਜਾਬਣ ਕੁੜੀ ਦਾ ਗੋਰੇ ਨੇ ਗਲਾ ਘੁੱਟਣ ਦੀ ਕੀਤੀ ਕੋਸ਼ਿਸ਼, ਵੀਡੀਓ ਆਈ ਸਾਹਮਣੇ
By : Sandeep Kaur
ਕੈਨੇਡਾ 'ਚ ਆਏ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਮਿਹਨਤ ਕਰਕੇ ਆਪਣਾ ਗੁਜ਼ਰ ਬਸਰ ਕਰਦੇ ਹਨ ਪਰ ਉਨ੍ਹਾਂ ਨੂੰ ਬਹੁਤ ਕੁੱਝ ਸਹਿਣਾ ਵੀ ਪੈਂਦਾ ਹੈ। ਅੱਜ ਕੱਲ੍ਹ ਤਾਂ ਇੰਨ੍ਹਾਂ ਵਿਦਿਆਰਥੀਆਂ ਉੱਪਰ ਹਮਲੇ ਵੀ ਬਹੁਤ ਕੀਤੇ ਜਾ ਰਹੇ ਹਨ ਜਿਸ 'ਚ ਕਈਆਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ ਅਤੇ ਕਈਆਂ ਦੀ ਜਾਨ ਬੱਚ ਵੀ ਜਾਂਦੀ ਹੈ। ਖਾਸ ਕਰਕੇ ਸਕਿਊਰਿਟੀ ਗਾਰਡ ਦੀ ਨੌਕਰੀ ਕਰਦੇ ਸਮੇਂ ਇੰਨ੍ਹਾਂ ਬੇਕਸੂਰ ਵਿਦਿਆਰਥੀਆਂ 'ਤੇ ਹਮਲੇ ਕੀਤੇ ਜਾਂਦੇ ਹਨ। ਹਾਲ ਹੀ 'ਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋ ਰਹੀ ਹੈ। ਵੀਡੀਓ 'ਚ ਦਿਖਾਈ ਦਿੱਤਾ ਕਿ ਇੱਕ ਵਿਅਕਤੀ ਨੇ ਬੋ ਵੈਲੀ ਕਾਲਜ ਟ੍ਰੇਨ ਸਟੇਸ਼ਨ 'ਤੇ ਪਲੇਟਫਾਰਮ 'ਤੇ ਇੱਕ ਕੁੜੀ ਨੂੰ ਧੱਕਾ ਦੇ ਦਿੱਤਾ। ਪੰਜਾਬਣ ਕੁੜੀ ਕੈਲਗਰੀ 'ਚ ਟ੍ਰੇਨ ਦੀ ਉਡੀਕ ਕਰ ਰਹੀ ਸੀ, ਜਿਸ ਦੌਰਾਨ ਇੱਕ ਵਿਅਕਤੀ ਆਉਂਦਾ ਹੈ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਹੈ।
ਉਹ ਲੜਕੀ ਅੰਤਰਰਾਸ਼ਟਰੀ ਵਿਦਿਆਰਥਣ ਹੈ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਹ ਲੜਕੀ ਜਾਂ ਤਾਂ ਆਪਣੇ ਕੰਮ 'ਤੇ ਜਾ ਰਹੀ ਸੀ ਜਾਂ ਫਿਰ ਕਾਲਜ ਪੜ੍ਹਾਈ ਕਰਨ ਲਈ ਜਾ ਰਹੀ ਸੀ ਕਿਉਂਕਿ ਉਸ ਦੇ ਕੋੋਲ ਬੈਗ ਵੀ ਸੀ। ਹਾਲਾਂਕਿ ਇਸ ਘਟਨਾ ਨੂੰ ਲੈ ਕੇ ਵਧੇਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਸਿਰਫ ਇੱਕ ਵੀਡੀਓ ਹੀ ਆਈ ਹੈ। ਵੀਡੀਓ 'ਚ ਇਹ ਵੀ ਦੇਖਿਆ iਗਿਆ ਕਿ ਜਦੋਂ ਉਕਤ ਵਿਅਕਤੀ ਲੜਕੀ 'ਤੇ ਹਮਲਾ ਕਰ ਰਿਹਾ ਸੀ, ਉਸ ਸਮੇਂ ਸਟੇਸ਼ਨ 'ਤੇ ਹੋਰ ਵੀ ਲੋਕ ਮੌਜੂਦ ਸਨ ਪਰ ਕਿਸੇ ਵੱਲੋਂ ਵੀ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਗੋਂ ਸਾਰੇ ਲੋਕ ਖੜ੍ਹੇ ਹੋ ਕੇ ਤਮਾਸ਼ਾ ਦੇਖ ਰਹੇ ਸਨ। ਗਨੀਮਤ ਰਹੀ ਕਿ ਲੜਕੀ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ।
ਫਿਲਹਾਲ ਉਸ ਵਿਅਕਤੀ ਵੱਲੋਂ ਲੜਕੀ 'ਤੇ ਹਮਲਾ ਕੀਤੇ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹੋ ਸਕਦਾ ਹੈ ਉਕਤ ਵਿਅਕਤੀ ਲੜਕੀ ਤੋਂ ਫੋਨ ਖੋਹਣ ਦੀ ਕੋਸ਼ਿਸ਼ ਜਾਂ ਪੈਸਿਆਂ ਦੀ ਮੰਗ ਕਰਦਾ ਹੋਵੇ ਤੇ ਲੜਕੀ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੋਵੇ ਜਿਸ ਕਾਰਨ ਵਿਅਕਤੀ ਨੇ ਗੁੱਸੇ 'ਚ ਆ ਕੇ ਉਸ ਲੜਕੀ 'ਤੇ ਹਮਲਾ ਕਰ ਦਿੱਤਾ, ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਚੀਕਦੀ ਰਹੀ ਪਰ ਉਸ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ। ਇਸ ਘਟਨਾ ਦੀ ਸਮੂਹ ਭਾੲੂਚਾਰੇ ਵੱਲੋਂ ਬਹੁਤ ਨਿੰਦਾ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਦੀ ਚੋਣ ਲੜ੍ਹ ਰਹੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ ਨੇ ਵੀ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦਾ ਮਾੜਾ ਬੇਲ ਸਿਸਟਮ ਹੋਣ ਕਾਰਨ ਹੀ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਫਿਲਹਾਲ ਕੈਲਗਰੀ ਪੁਲਿਸ ਦਾ ਇਸ ਘਟਨਾ ਨੂੰ ਲੈ ਕੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।


