ਕੈਲੀਫੋਰਨੀਆ : ਮਾਲੀਬੂ 'ਚ ਲੱਗੀ ਅੱਗ ਕਾਰਨ ਭਾਰੀ ਤਬਾਹੀ, ਹਜਾਰਾਂ ਲੋਕ ਬੇਘਰ
ਲਾਸ ਏਂਜਲਸ ਕਾਊਂਟੀ ਦੇ ਅੱਗ ਬੁਝਾਊ ਵਿਭਾਗ ਦੇ ਮੁਖੀ ਐਨਥਨੀ ਮੈਰੋਨ ਨੇ ਚਿਤਾਵਨੀ ਦਿੱਤੀ ਹੈ ਕਿ ਸਥਾਨਕ ਵਾਸੀ ਅੱਗ ਨੂੰ ਗੰਭੀਰਤਾ ਨਾਲ ਲੈਣ ਤੇ ਸਮਾਂ ਰਹਿੰਦਿਆਂ ਸੁਰੱਖਿਅਤ ਥਾਵਾਂ 'ਤੇ ਚਲੇ
By : BikramjeetSingh Gill
ਕੈਲੀਫੋਰਨੀਆ : ਮਾਲੀਬੂ 'ਚ ਲੱਗੀ ਅੱਗ ਕਾਰਨ ਭਾਰੀ ਤਬਾਹੀ, ਹਜਾਰਾਂ ਲੋਕ ਬੇਘਰ
ਬਿਜਲੀ ਸੇਵਾ ਠੱਪ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਦੇ ਤੱਟੀ ਕੰਢੇ ਦੇ ਨਾਲ ਲੱਗਦੇ ਜੰਗਲੀ ਖੇਤਰ ਵਿਚ ਲੱਗੀ ਅੱਗ ਭਿਆਨਕ ਰੂਪ ਧਾਰਨ ਕਰ ਗਈ ਹੈ ਜਿਸ ਕਾਰਨ ਅਧਿਕਾਰੀਆਂ ਨੂੰ ਖੇਤਰ ਵਿਚ ਰਹਿੰਦੇ 20 ਹਜਾਰ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। 8 ਹਜਾਰ ਤੋਂ ਵਧ ਘਰਾਂ ਤੇ ਹੋਰ ਕਾਰੋਬਾਰੀ ਇਮਾਰਤਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਬਿਜਲੀ ਸੇਵਾ ਠੱਪ ਹੋ ਗਈ ਹੈ ਤੇ ਖੇਤਰ ਵਿਚਲੇ ਸਕੂਲ ਬੰਦ ਕਰ ਦਿੱਤੇ ਗਏ ਹਨ।
ਪੀਪਰਡਾਇਨ ਯੁਨੀਵਰਸਿਟੀ ਦੇ ਮਾਲੀਬੂ ਕੈਂਪਸ ਵਿਚ ਸਾਰੀਆਂ ਸਰਗਰਮੀਆਂ ਰੋਕ ਦਿੱਤੀਆਂ ਗਈਆਂ ਹਨ ਤੇ ਵਿਦਿਆਰਥੀ ਵਾਪਿਸ ਆਪਣੇ ਘਰਾਂ ਨੂੰ ਪਰਤ ਗਏ ਹਨ। ਬੀਤੇ ਦਿਨ ਲੱਗੀ ਅੱਗ ਤੇਜੀ ਨਾਲ ਫੈਲ ਗਈ ਹੈ। ਮਿੰਟਾਂ ਵਿਚ ਹੀ ਅੱਗ ਕਾਰਨ ਕਈ ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਹਨ। ਅਧਿਕਾਰੀਆਂ ਅਨੁਸਾਰ ''ਰੈੱਡ ਫਲੈਗ'' ਚਿਤਾਵਨੀ ਦਿੱਤੀ ਗਈ ਹੈ ਜਿਸ ਤਹਿਤ ਲੋਕਾਂ ਨੂੰ ਕਿਹਾ ਗਿਆ ਹੈ ਕਿ ਤਾਪਮਾਨ ਵਧ ਜਾਵੇਗਾ , ਨਮੀ ਬਹੁਤ ਘੱਟ ਜਾਵੇਗੀ ਤੇ ਤੇਜ ਹਵਾਵਾਂ ਚੱਲਣ ਕਾਰਨ ਅੱਗ ਹੋਰ ਫੈਲ ਸਕਦੀ ਹੈ। ਮਾਲੀਬੂ ਦੇ ਮੇਅਰ ਡੌਗ ਸਟੀਵਰਟ ਨੇ ਕਿਹਾ ਹੈ ਕਿ ਪਹਿਲਾਂ ਨਾਲੋਂ ਹਾਲਾਤ ਸੁਧਰੇ ਹਨ ਪਰੰਤੂ ਅਜੇ ਖਤਰਾ ਟਲਿਆ ਨਹੀਂ ਹੈ। ਉਨਾਂ ਕਿਹਾ ਕਿ ਅੱਗ ਕਾਰਨ ਸਿਟੀ ਹਾਲ ਨੂੰ ਪੈਦਾ ਹੋਏ ਖਤਰੇ ਨੂੰ ਵੇਖਦਿਆਂ ਕਾਲਾਬਾਸਸ ਖੇਤਰ ਵਿਚ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਗਿਆ ਹੈ।
ਲਾਸ ਏਂਜਲਸ ਕਾਊਂਟੀ ਦੇ ਅੱਗ ਬੁਝਾਊ ਵਿਭਾਗ ਦੇ ਮੁਖੀ ਐਨਥਨੀ ਮੈਰੋਨ ਨੇ ਚਿਤਾਵਨੀ ਦਿੱਤੀ ਹੈ ਕਿ ਸਥਾਨਕ ਵਾਸੀ ਅੱਗ ਨੂੰ ਗੰਭੀਰਤਾ ਨਾਲ ਲੈਣ ਤੇ ਸਮਾਂ ਰਹਿੰਦਿਆਂ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ। ਉਨਾਂ ਕਿਹਾ ਹੈ ਕਿ ਇਸ ਮੌਕੇ ਅੱਗ ਹਵਾ ਉਪਰ ਨਿਰਭਰ ਹੈ। ਜੇਕਰ ਹਵਾ ਦੀ ਦਿਸ਼ਾ ਬਦਲ ਗਈ ਤਾਂ ਅੱਗ ਨਵੇਂ ਖੇਤਰ ਨੂੰ ਆਪਣੀ ਲਪੇਟ ਵਿਚ ਲੈ ਲਵੇਗੀ ਇਸ ਲਈ ਚੌਕਸ ਰਹਿਣ ਦੀ ਲੋੜ ਹੈ। ਉਨਾਂ ਕਿਹਾ ਕਿ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਬਾਅਦ ਵਿਚ ਲਿਆ ਜਾਵੇਗਾ ਤੇ ਫਿਲਹਾਲ ਸਾਰਾ ਧਿਆਨ ਅੱਗ ਉਪਰ ਕਾਬੂ ਪਾਉਣ ਵੱਲ ਦਿੱਤਾ ਜਾ ਰਿਹਾ ਹੈ।