ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ
(ਹਰ ਥਾਂ) ਇੱਜ਼ਤ ਪਾਂਦਾ ਹੈ। (ਪਰ) ਪਰਮਾਤਮਾ ਦਾ ਨਾਮ ਸਾਧ ਸੰਗਤਿ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੁੜਦੀ ਹੈ।

ਸਿਰੀਰਾਗੁ ਮਹਲਾ ੧ ॥ ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥ ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥ ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥ ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥ ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥ ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥ ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥੨॥ ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ ॥ ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥ ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥੩॥ ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥ ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥ ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥ {ਪੰਨਾ 22}
ਪਦ ਅਰਥ: ਭਰਮੈ = ਭੌਣ ਨਾਲ। ਭਾਹਿ = ਅੱਗ। ਵਿਝਵੈ = ਬੁੱਝਦੀ। ਦੇਸੁ ਦਿਸੰਤਰ = ਦੇਸੁ ਦੇਸ ਅੰਤਰ = ਹੋਰ ਹੋਰ ਦੇਸ। ਅੰਤਰਿ = ਅੰਦਰਲੀ। ਧ੍ਰਿਗੁ = ਫਿਟਕਾਰ-ਜੋਗ। ਵੇਸੁ = ਭੇਖ, ਤਿਆਗ ਵਾਲਾ ਲਿਬਾਸ। ਹੋਰੁ ਕਿਤੈ = ਕਿਸੇ ਹੋਰ ਥਾਂ।1।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨਿਵਾਰਿ = ਦੂਰ ਕਰ। ਕਹਿਆ = ਆਖਿਆ ਹੋਇਆ ਬਚਨ। ਮਨਿ = ਮਨ ਵਿਚ। ਹਉਮੈ = ਹਉਮੈਂ, ਮੈਂ ਵੱਡਾ ਬਣ ਜਾਵਾਂ।1। ਰਹਾਉ।
ਮਾਣਕੁ = ਮੋਤੀ। ਨਾਮਿ = ਨਾਮ ਵਿਚ (ਜੁੜਿਆਂ) । ਪਤਿ = ਇੱਜ਼ਤ। ਮਿਲਿ = ਮਿਲ ਕੇ। ਆਪੁ = ਆਪਾ-ਭਾਵ, ਸੁਆਰਥ। ਸਲਲ = ਪਾਣੀ।2।
ਜਿਨਿ = ਜਿਸ (ਮਨੁੱਖ) ਨੇ। ਸੁ = ਉਹ (ਮਨੁੱਖ) । ਅਉਗੁਣਿ = ਔਗੁਣ ਵਿਚ (ਟਿਕਿਆ ਰਹਿ ਕੇ) । ਆਵੈ ਜਾਇ = ਜੰਮਦਾ ਮਰਦਾ ਹੈ। ਜਿਸੁ = ਜਿਸ (ਮਨੁੱਖ) ਨੂੰ। ਭੇਟਿਓ = ਮਿਲਿਆ। ਭਉਜਲਿ = ਭਉਜਲ ਵਿਚ, ਸੰਸਾਰ-ਸਮੁੰਦਰ ਵਿਚ। ਪਚੈ ਪਚਾਇ = ਨਿੱਤ ਖ਼ੁਆਰ ਹੁੰਦਾ ਰਹਿੰਦਾ ਹੈ।3।
ਰਸਿ = ਪ੍ਰੇਮ ਨਾਲ। ਸੁਜਾਣ = ਸਿਆਣੇ। ਸੇ = ਉਹ ਬੰਦੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤੇ = ਉਹ (ਬਹੁ-ਵਚਨ) । ਧੁਨਿ = ਆਵਾਜ਼, ਗੂੰਜ, ਲਹਰ। ਨੀਸਾਣੁ = ਧੌਂਸਾ।4।
ਅਰਥ: ਹੇ ਮਨ! ਗੁਰੂ ਦੀ ਸਰਨ ਪੈ ਕੇ (ਤ੍ਰਿਸ਼ਨਾ ਦੀ) ਅੱਗ ਦੂਰ ਕਰ ਸਕੀਦੀ ਹੈ। ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ ਮੈਂ ਵੱਡਾ ਹੋ ਜਾਵਾਂ = ਇਹ ਲਾਲਚ ਮੁਕਾ ਲਈਦਾ ਹੈ।1। ਰਹਾਉ।
(ਗੁਰੂ ਦੀ ਸਰਨ ਛੱਡ ਕੇ) ਜੇ ਮਨੁੱਖ (ਸੰਨਿਆਸ-ਭੇਖ ਧਾਰ ਕੇ) ਦੇਸ ਦੇਸ ਵਿਚ ਭੌਂਦਾ ਫਿਰੇ, (ਥਾਂ ਥਾਂ) ਭੌਣ ਨਾਲ (ਤ੍ਰਿਸ਼ਨਾ ਦੀ) ਅੱਗ ਬੁੱਝ ਨਹੀਂ ਸਕਦੀ, ਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ। (ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ।1।
ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ, (ਹਰ ਥਾਂ) ਇੱਜ਼ਤ ਪਾਂਦਾ ਹੈ। (ਪਰ) ਪਰਮਾਤਮਾ ਦਾ ਨਾਮ ਸਾਧ ਸੰਗਤਿ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੁੜਦੀ ਹੈ। (ਪ੍ਰਭੂ-ਚਰਨਾਂ ਵਿਚ ਸੁਰਤਿ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ।2।
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿਚ ਰਹਿ ਕੇ ਜੰਮਦਾ ਮਰਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ। (ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ।3।
ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ (ਕਿਉਂਕਿ) ਗੁਰੂ ਨੂੰ ਮਿਲ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਮਿਲਦੀ ਹੈ, ਕਬੂਲ ਹੋਵੀਦਾ ਹੈ। ਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖ਼ਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ) , (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ।4। 22।