Amritsar Border Range ਵਿੱਚ ਵੱਡੀ ਸਫਲਤਾ, ਸਰਹੱਦ ਪਾਰੋਂ ਭੇਜੇ ਗਏ 2 ਹੈੱਡ ਗ੍ਰਨੇਡ ਸਮੇਤ ਇੱਕ ਦੋਸ਼ੀ ਕਾਬੂ, , DIG Sandeep Goyal
ਭਾਰਤ ਅੰਦਰ ਵਿਸਫੋਟਕ ਸਮੱਗਰੀ ਦਾਖ਼ਲ ਕਰਨ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ।

By : Gurpiar Thind
ਅੰਮ੍ਰਿਤਸਰ : ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਇਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਇਕ ਸੁਚਿੰਤਿਤ ਅਤੇ ਇੰਟੈਲੀਜੈਂਸ ਅਧਾਰਿਤ ਕਾਰਵਾਈ ਦੌਰਾਨ ਸਰਹੱਦ ਪਾਰੋਂ ਭਾਰਤ ਅੰਦਰ ਵਿਸਫੋਟਕ ਸਮੱਗਰੀ ਦਾਖ਼ਲ ਕਰਨ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਦੌਰਾਨ ਦੋ ਹੈੱਡ ਗ੍ਰਨੇਡ ਬਰਾਮਦ ਕਰਕੇ ਇੱਕ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
DIG ਸੰਦੀਪ ਗੋਇਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਤੀ 08 ਫਰਵਰੀ 2026 ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਭਰੋਸੇਯੋਗ ਗੁਪਤ ਸੂਚਨਾ ਪ੍ਰਾਪਤ ਹੋਈ ਸੀ, ਜਿਸ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਸੁਖਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ, ਵਾਸੀ ਪਿੰਡ ਚੱਕ ਮਿਸਰੀ ਖਾਨੀ ਨੂੰ ਕਾਬੂ ਕੀਤਾ। ਕਾਨੂੰਨੀ ਤਰੀਕੇ ਨਾਲ ਕੀਤੀ ਗਈ ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿਚੋਂ 02 ਹੈੱਡ ਗ੍ਰਨੇਡ ਬਰਾਮਦ ਕੀਤੇ ਗਏ, ਜੋ ਕਿ ਵੱਡੀ ਅੱਤਵਾਦੀ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਹਨ।
ਇਸ ਸਬੰਧ ਵਿੱਚ ਥਾਣਾ ਲੋਪੋਕੇ ਵਿਖੇ ਐਫਆਈਆਰ ਨੰਬਰ 33 ਮਿਤੀ 08.02.2026 ਨੂੰ ਵਿਸਫੋਟਕ ਪਦਾਰਥ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਦਰਜ ਕੀਤੀ ਗਈ ਹੈ। DIG ਗੋਇਲ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ, ਟੈਕਨੀਕਲ ਵਿਸ਼ਲੇਸ਼ਣ ਅਤੇ ਮੈਦਾਨੀ ਇੰਟੈਲੀਜੈਂਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤੀ ਗਈ ਵਿਸਫੋਟਕ ਸਮੱਗਰੀ ਸਰਹੱਦ ਪਾਰੋਂ ਡਰੇਨ ਰਾਹੀਂ ਭੇਜੀ ਗਈ ਸੀ।
ਉਨ੍ਹਾਂ ਅਨੁਸਾਰ ਇਸ ਤਸਕਰੀ ਦੇ ਤਾਰ ਪਾਕਿਸਤਾਨ ਅਧਾਰਿਤ ਹੈਂਡਲਰਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੇ ਇਰਾਦੇ ਭਾਰਤ ਦੀ ਅਮਨ-ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਕਰਨ ਵਾਲੇ ਸਨ। ਹਿਰਾਸਤੀ ਪੁੱਛਗਿੱਛ ਦੌਰਾਨ ਹੋਰ ਕਈ ਸਾਜ਼ਿਸ਼ਕਰਤਾਵਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ।
DIG ਸੰਦੀਪ ਗੋਇਲ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਰ ਸ਼ਾਮਲ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਪੁਲਿਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਜਾਂਚ ਅੱਗੇ ਵੱਧਣ ਨਾਲ ਹੋਰ ਗ੍ਰਿਫ਼ਤਾਰੀਆਂ ਅਤੇ ਅਹਿਮ ਖੁਲਾਸਿਆਂ ਦੀ ਪੂਰੀ ਸੰਭਾਵਨਾ ਹੈ। ਪੁਲਿਸ ਅਤੇ ਕੇਂਦਰੀ ਏਜੰਸੀਆਂ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹਨ।


