ਅਰਦਾਸ ਉਪਰੰਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ
ਜਥੇਦਾਰ ਗੜਗੱਜ ਨੇ ਜ਼ੋਰ ਦਿੱਤਾ ਕਿ ਅੱਜ ਕੌਮ ਵੱਡੀਆਂ ਚੁਣੌਤੀ

By : Gill
"ਇੱਕ ਦਿਨ ਆਵੇਗਾ ਜਦੋਂ ਸਾਰੀਆਂ ਪੰਥਕ ਜਥੇਬੰਦੀਆਂ ਮੈਨੂੰ ਸਿਰੋਪਾਓ ਪਾਉਣਗੀਆਂ"
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅਰਦਾਸ ਉਪਰੰਤ ਪ੍ਰੈਸ ਨਾਲ ਗਲਬਾਤ ਕੀਤੀ। ਇਸ ਦੌਰਾਨ ਕੌਮ ਅਤੇ ਪੰਥਕ ਚੁਣੌਤੀਆਂ 'ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਸਾਕਾ ਨੀਲਾ ਤਾਰਾ ਦੇ ਦਰਦ ਨੂੰ ਯਾਦ ਕਰਦਿਆਂ ਕਿਹਾ ਕਿ ਅਰਦਾਸ ਰਾਹੀਂ ਹੀ ਕੌਮ ਨੂੰ ਸੰਦੇਸ਼ ਦੇ ਦਿੱਤਾ ਗਿਆ ਹੈ। ਜਥੇਦਾਰ ਨੇ ਯਾਦ ਕਰਵਾਇਆ ਕਿ ਨਵੰਬਰ ਮਹੀਨੇ ਵਿੱਚ ਵੀ ਸਿੱਖਾਂ ਦਾ ਕਤਲੇਆਮ ਹੋਇਆ ਸੀ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਘੱਲੂਘਾਰੇ ਦੇ ਸ਼ਹੀਦਾਂ ਨੂੰ ਉਹ ਪ੍ਰਣਾਮ ਕਰਦੇ ਹਨ।
ਜਥੇਦਾਰ ਗੜਗੱਜ ਨੇ ਜ਼ੋਰ ਦਿੱਤਾ ਕਿ ਅੱਜ ਕੌਮ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਸਿੱਖ ਕੌਮ ਨੂੰ ਖ਼ਾਲਸਾਈ ਝੰਡੇ ਹੇਠਾਂ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਅੱਜ ਇਹ ਸੰਦੇਸ਼ ਗਿਆ ਹੈ ਕਿ ਸਿੱਖ ਇਕੱਠੇ ਹਨ ਅਤੇ ਇਕੱਠੇ ਬਹਿ ਸਕਦੇ ਹਨ। ਜਥੇਦਾਰ ਨੇ ਇਹ ਵੀ ਦੱਸਿਆ ਕਿ ਅੱਜ ਉਹ ਕੌਮ ਦੇ ਸ਼ਹੀਦਾਂ ਦੀ ਯਾਦ ਵਿੱਚ ਕਾਲੀ ਦਸਤਾਰ ਸਜਾਈ ਹੈ।
ਪ੍ਰੈਸ ਵਾਰਤਾ ਦੌਰਾਨ, ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਸਮਝਦੇ ਹਨ ਕਿ ਪੰਥਕ ਜਥੇਬੰਦੀਆਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੰਨਤਾ ਦੇਣਗੀਆਂ, ਤਾਂ ਜਥੇਦਾਰ ਨੇ ਆਤਮਵਿਸ਼ਵਾਸ ਨਾਲ ਕਿਹਾ, "ਇੱਕ ਦਿਨ ਆਵੇਗਾ ਜਦੋਂ ਮੇਰੀਆਂ ਸਾਰੀਆਂ ਪੰਥਕ ਜਥੇਬੰਦੀਆਂ ਮੈਨੂੰ ਸਿਰੋਪਾਓ ਸਾਹਿਬ ਪਾਉਣਗੀਆਂ।"
ਉਨ੍ਹਾਂ ਨੇ ਪੰਥ ਦੀ ਇਕਜੁਟਤਾ, ਸ਼ਹੀਦਾਂ ਦੀ ਯਾਦ ਅਤੇ ਅਕਾਲ ਤਖ਼ਤ ਦੀ ਸਰਵਉੱਚਤਾ ਉੱਤੇ ਭਰੋਸਾ ਜਤਾਇਆ। ਜਥੇਦਾਰ ਨੇ ਆਖ਼ਰ 'ਚ ਕਿਹਾ ਕਿ ਜਦੋਂ ਵੀ ਪੰਥ ਨੂੰ ਲੱਗਿਆ ਕਿ ਉਹ ਸੇਵਾ ਨਹੀਂ ਕਰ ਸਕਦੇ, ਤਾਂ ਉਹ ਹੱਥ ਜੋੜ ਕੇ ਇਹ ਸੇਵਾ ਛੱਡਣਗੇ ਅਤੇ ਜੋ ਵੀ ਉਨ੍ਹਾਂ ਤੋਂ ਬਾਅਦ ਆਵੇਗਾ, ਉਸ ਨੂੰ ਖੁਦ ਦਸਤਾਰ ਦੇ ਕੇ ਆਉਣਗੇ, ਕਿਉਂਕਿ ਪਰਿਵਰਤਨ ਕੁਦਰਤ ਦਾ ਨਿਯਮ ਹੈ।


