ਕੇਂਦਰੀ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ
ਸੱਤਵੇਂ ਤਨਖਾਹ ਕਮਿਸ਼ਨ ਨੇ ਇਹ ਵੀ ਸਿਫ਼ਾਰਸ਼ ਕੀਤੀ ਸੀ ਕਿ ਜਦੋਂ ਵੀ ਮਹਿੰਗਾਈ ਭੱਤੇ (DA) ਵਿੱਚ 50% ਵਾਧਾ ਹੁੰਦਾ ਹੈ, ਤਾਂ ਡਰੈੱਸ ਭੱਤੇ ਵਿੱਚ 25% ਦਾ ਵਾਧਾ ਕੀਤਾ ਜਾਵੇ।

ਹੁਣ ਸਾਲ 'ਚ ਦੋ ਵਾਰ ਮਿਲੇਗਾ ਡਰੈੱਸ ਭੱਤਾ
ਨਵੀਂ ਦਿੱਲੀ: ਕੇਂਦਰੀ ਸਰਕਾਰ ਦੇ ਹਜ਼ਾਰਾਂ ਕਰਮਚਾਰੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਵਿੱਤ ਮੰਤਰਾਲੇ ਦੇ ਅਧੀਨ ਖਰਚਾ ਵਿਭਾਗ (DoE) ਨੇ ਸਰਕਾਰੀ ਕਰਮਚਾਰੀਆਂ ਦੇ ਡਰੈੱਸ ਭੱਤੇ (Dress Allowance) ਦੇ ਨਿਯਮਾਂ ਵਿੱਚ ਅਹੰਮ ਬਦਲਾਅ ਕਰ ਦਿੱਤਾ ਹੈ। ਹੁਣ ਇਹ ਭੱਤਾ ਸਾਲ ਵਿੱਚ ਦੋ ਵਾਰ ਦਿੱਤਾ ਜਾਵੇਗਾ, ਜਦਕਿ ਪਹਿਲਾਂ ਇਹ ਸਿਰਫ਼ ਇੱਕ ਵਾਰ ਮਿਲਦਾ ਸੀ।
ਇਹ ਡਰੈੱਸ ਭੱਤਾ ਕਰਮਚਾਰੀਆਂ ਦੀ ਵਰਦੀ ਦੀ ਖਰੀਦ, ਦੇਖਭਾਲ ਅਤੇ ਹੋਰ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਦਿੱਤਾ ਜਾਂਦਾ ਹੈ। ਇਹ ਭੱਤਾ 2017 ਤੋਂ ਲਾਗੂ ਨਿਯਮਾਂ ਅਧੀਨ ਸੀ, ਪਰ ਨਵੇਂ ਤੌਰ 'ਤੇ ਭਰਤੀ ਹੋਣ ਵਾਲੇ ਕਰਮਚਾਰੀ ਨੂੰ ਇਸਦਾ ਲਾਭ ਲੈਣ ਲਈ ਲੰਬੇ ਸਮੇਂ ਉਡੀਕ ਕਰਨੀ ਪੈਂਦੀ ਸੀ। ਹੁਣ ਨਵੇਂ ਨਿਯਮਾਂ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।
ਡਰੈੱਸ ਭੱਤੇ ਦੀ ਗਣਨਾ ਕਿਵੇਂ ਹੋਵੇਗੀ?
ਵਿੱਤ ਮੰਤਰਾਲੇ ਵੱਲੋਂ ਜਾਰੀ ਸਿਰਕੂਲਰ ਅਨੁਸਾਰ, ਡਰੈੱਸ ਭੱਤੇ ਵਿੱਚ ਕਈ ਤਰ੍ਹਾਂ ਦੇ ਭੱਤੇ ਸ਼ਾਮਲ ਹਨ — ਪਹਿਰਾਵਾ ਭੱਤਾ, ਉਪਕਰਣ ਭੱਤਾ, ਕਿੱਟ ਰੱਖ-ਰਖਾਅ ਭੱਤਾ ਅਤੇ ਜੁੱਤੀ ਭੱਤਾ। ਨਵੇਂ ਨਿਯਮਾਂ ਤਹਿਤ, ਇਹ ਭੱਤਾ ਅਨੁਪਾਤਕ ਆਧਾਰ 'ਤੇ ਇੱਕ ਫਾਰਮੂਲੇ ਰਾਹੀਂ ਦਿੱਤਾ ਜਾਵੇਗਾ।
ਉਦਾਹਰਨ ਵਜੋਂ, ਜੇ ਕੋਈ ਕਰਮਚਾਰੀ ਅਗਸਤ ਮਹੀਨੇ 'ਚ ਭਰਤੀ ਹੁੰਦਾ ਹੈ ਅਤੇ ਉਸ ਨੂੰ ਸਾਲਾਨਾ ₹20,000 ਪਹਿਰਾਵਾ ਭੱਤਾ ਮਿਲਣਾ ਹੈ, ਤਾਂ ਉਸ ਨੂੰ ₹18,333 ਮਿਲਣਗੇ, ਜੋ ਕਿ (₹20,000 ÷ 12 × 11) ਦੇ ਅਨੁਸਾਰ ਹੈ।
ਪਹਿਰਾਵਾ ਭੱਤਾ ਕੌਣ ਲੈ ਸਕਦਾ ਹੈ?
ਸਿਰਕੂਲਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਸੱਤਵੇਂ ਤਨਖਾਹ ਕਮਿਸ਼ਨ ਦੇ ਸਿਫ਼ਾਰਸ਼ੀ ਅਧਾਰ 'ਤੇ ਕੁਝ ਵਿਸ਼ੇਸ਼ ਕੇਂਦਰੀ ਸਰਕਾਰੀ ਕਰਮਚਾਰੀ ₹10,000 ਸਾਲਾਨਾ ਡਰੈੱਸ ਭੱਤੇ ਦੇ ਹੱਕਦਾਰ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:
ਮਿਲਟਰੀ ਨਰਸਿੰਗ ਸਰਵਿਸ (MNS)
ਦਿੱਲੀ, ਅੰਡੇਮਾਨ-ਨਿਕੋਬਾਰ, ਲਕਸ਼ਦੀਪ, ਦਮਨ-ਦੀਵ ਅਤੇ ਦਾਦਰਾ-ਨਗਰ ਹਵੇਲੀ ਦੀ ਪੁਲਿਸ
ਪੁਲਿਸ ਅਤੇ ਕਸਟਮ ਅਧਿਕਾਰੀ, ਕੇਂਦਰੀ ਆਬਕਾਰੀ ਅਤੇ ਨਾਰਕੋਟਿਕਸ ਵਿਭਾਗ
ICLS ਅਤੇ NIA ਦੇ ਕਾਨੂੰਨੀ ਅਧਿਕਾਰੀ
ਇਮੀਗ੍ਰੇਸ਼ਨ ਬਿਊਰੋ (ਮੁੰਬਈ, ਦਿੱਲੀ, ਅੰਮ੍ਰਿਤਸਰ ਆਦਿ ਸਥਾਨਾਂ 'ਤੇ)
ਭਾਰਤੀ ਰੇਲਵੇ ਦੇ ਸਟੇਸ਼ਨ ਮਾਸਟਰ ਅਤੇ ਰੱਖਿਆ ਸੇਵਾਵਾਂ ਦੇ ਹੋਰ ਕਰਮਚਾਰੀ
ਕਮਿਸ਼ਨ ਦੀ ਹੋਰ ਸਿਫ਼ਾਰਸ਼
ਸੱਤਵੇਂ ਤਨਖਾਹ ਕਮਿਸ਼ਨ ਨੇ ਇਹ ਵੀ ਸਿਫ਼ਾਰਸ਼ ਕੀਤੀ ਸੀ ਕਿ ਜਦੋਂ ਵੀ ਮਹਿੰਗਾਈ ਭੱਤੇ (DA) ਵਿੱਚ 50% ਵਾਧਾ ਹੁੰਦਾ ਹੈ, ਤਾਂ ਡਰੈੱਸ ਭੱਤੇ ਵਿੱਚ 25% ਦਾ ਵਾਧਾ ਕੀਤਾ ਜਾਵੇ।
ਸਰਕਾਰ ਦੇ ਇਸ ਨਵੇਂ ਫੈਸਲੇ ਨਾਲ ਕੇਂਦਰੀ ਕਰਮਚਾਰੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਇਹ ਨਾ ਸਿਰਫ਼ ਉਨ੍ਹਾਂ ਦੀ ਆਰਥਿਕ ਸਹਾਇਤਾ ਕਰੇਗਾ, ਸਗੋਂ ਸੇਵਾ ਸ਼ੁਰੂ ਕਰਨ ਵਾਲੇ ਨਵੇਂ ਕਰਮਚਾਰੀਆਂ ਲਈ ਵੀ ਬੇਹਤਰੀ ਲਿਆਵੇਗਾ।