ਨਿਊਜ਼ੀਲੈਂਡ 'ਚ ਡਰੱਗ ਦੇ ਦੋਸ਼ਾਂ 'ਚ ਬਲਤੇਜ ਸਿੰਘ ਨੂੰ ਹੋਈ 22 ਸਾਲ ਦੀ ਸਜ਼ਾ
700 ਕਿਲੋ ਤੋਂ ਵੱਧ ਮੈਥਾਮਫੇਟਾਮੀਨ ਦੀ ਤਸਕਰੀ ਕਰਨ ਦਾ ਲੱਗਿਆ ਦੋਸ਼
By : Sandeep Kaur
ਨਿਊਜ਼ੀਲੈਂਡ ਵਿੱਚ ਸਾਹਮਣੇ ਆਏ ਸਭ ਤੋਂ ਵੱਡੇ ਨਸ਼ਾ ਤਸਕਰੀ ਮਾਮਲਿਆਂ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ, ਜਿਸ ਵਿੱਚ ਆਕਲੈਂਡ ਦਾ ਸਾਬਕਾ ਕਾਰੋਬਾਰੀ ਬਲਤੇਜ ਸਿੰਘ ਮੁੱਖ ਦੋਸ਼ੀ ਵਜੋਂ ਸਾਹਮਣੇ ਆਇਆ ਹੈ। ਉਸਨੂੰ 700 ਕਿਲੋ ਤੋਂ ਵੱਧ ਮੈਥਾਮਫੇਟਾਮੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਡਰੱਗ ਜ਼ਬਤੀ ਮੰਨੀ ਜਾ ਰਹੀ ਹੈ। ਸ਼ੁਰੂ ਵਿੱਚ ਬਲਤੇਜ ਸਿੰਘ ਨੇ ਅਦਾਲਤ ਵਿੱਚ ਆਪਣੀ ਪਹਿਚਾਣ ਗੁਪਤ ਰੱਖਣ ਦੀ ਮੰਗ ਕੀਤੀ ਸੀ। ਉਸਦੇ ਵਕੀਲ ਨੇ ਦਲੀਲ ਦਿੱਤੀ ਕਿ ਜੇ ਉਸਦਾ ਨਾਮ ਸਾਹਮਣੇ ਆਇਆ ਤਾਂ ਉਸਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ, ਕਿਉਂਕਿ ਉਹ ਪਹਿਲਾਂ ਹੀ ਕਾਫੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਹਾਲਾਂਕਿ ਹਾਈ ਕੋਰਟ ਨੇ ਪਹਿਲਾਂ ਉਸਨੂੰ ਰਾਹਤ ਦਿੱਤੀ ਸੀ, ਪਰ ਬਾਅਦ ਵਿੱਚ ਅਪੀਲ ਕੋਰਟ ਨੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਸ ਕਦਰ ਵੱਡੇ ਅਪਰਾਧ ਵਿੱਚ ਸ਼ਾਮਲ ਵਿਅਕਤੀ ਦੀ ਪਹਿਚਾਣ ਜਨਤਕ ਹੋਣੀ ਚਾਹੀਦੀ ਹੈ ਤਾਂ ਜੋ “ਓਪਨ ਜਸਟਿਸ” ਦੇ ਸਿਧਾਂਤ ਨੂੰ ਬਰਕਰਾਰ ਰੱਖਿਆ ਜਾ ਸਕੇ।
ਆਖਿਰਕਾਰ ਬਲਤੇਜ ਸਿੰਘ ਨੇ ਸੁਪਰੀਮ ਕੋਰਟ ਜਾਣ ਦੀ ਅਪੀਲ ਵੀ ਵਾਪਸ ਲੈ ਲਈ। ਇਸ ਮਾਮਲੇ ਦਾ ਸਭ ਤੋਂ ਸੰਵੇਦਨਸ਼ੀਲ ਪੱਖ ਇਹ ਹੈ ਕਿ ਬਲਤੇਜ ਸਿੰਘ, 1984 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਦੀ ਹੱਤਿਆ ਕਰਨ ਵਾਲੇ ਸਤਵੰਤ ਸਿੰਘ ਦਾ ਭਤੀਜਾ ਹੈ। ਪਰਿਵਾਰ ਨੇ ਅਦਾਲਤ ਵਿੱਚ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਦੁਨੀਆ ਭਰ ਵਿੱਚ ਨਿਸ਼ਾਨਾ ਬਣੇ ਰਹੇ ਹਨ ਅਤੇ ਉਨ੍ਹਾਂ ਨੂੰ ਧਮਕੀਆਂ ਅਤੇ ਹਿੰਸਾ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਉਹਨਾਂ ਨੂੰ ਡਰ ਸੀ ਕਿ ਬਲਤੇਜ ਸਿੰਘ ਦਾ ਨਾਮ ਸਾਹਮਣੇ ਆਉਣ ਨਾਲ ਖਤਰਾ ਵੱਧ ਸਕਦਾ ਹੈ। ਜਾਂਚ ਵਿੱਚ ਪਤਾ ਲੱਗਿਆ ਕਿ ਇਹ ਕੋਈ ਛੋਟਾ ਮਾਮਲਾ ਨਹੀਂ ਸੀ, ਸਗੋਂ ਇੱਕ ਬਹੁਤ ਹੀ ਸੁਚੱਜੀ ਤਰ੍ਹਾਂ ਚੱਲ ਰਹੀ ਅੰਤਰਰਾਸ਼ਟਰੀ ਤਸਕਰੀ ਦੀ ਯੋਜਨਾ ਸੀ। ਨਸ਼ਾ ਕੋਕੋਨਟ ਵਾਟਰ ਦੀਆਂ ਕੈਨਾਂ ਵਿੱਚ ਭਰ ਕੇ ਭਾਰਤ ਤੋਂ ਭੇਜਿਆ ਗਿਆ। ਦੁਬਈ ਰਾਹੀਂ ਹੋਰ ਖੇਪਾਂ ਆਈਆਂ, ਕੈਨੇਡਾ ਅਤੇ ਅਮਰੀਕਾ ਤੋਂ ਬੀਅਰ ਅਤੇ ਕੋਂਬੂਚਾ ਦੇ ਕੰਟੇਨਰ ਆਏ। ਇਹ ਸਾਰਾ ਸਮਾਨ ਨਿਊਜ਼ੀਲੈਂਡ ਦੇ ਟੌਰਾਂਗਾ ਪੋਰਟ 'ਤੇ ਪਹੁੰਚਿਆ। ਇਨ੍ਹਾਂ ਕੈਨਾਂ ਅਤੇ ਬੋਤਲਾਂ ਵਿੱਚ ਮੈਥ ਨੂੰ ਤਰਲ ਰੂਪ ਵਿੱਚ ਲੁਕਾਇਆ ਗਿਆ ਸੀ, ਜਿਸਨੂੰ ਬਾਅਦ ਵਿੱਚ ਆਕਲੈਂਡ ਦੇ ਇੱਕ ਗੋਦਾਮ ਵਿੱਚ ਕ੍ਰਿਸਟਲ ਰੂਪ ਵਿੱਚ ਤਬਦੀਲ ਕੀਤਾ ਜਾਂਦਾ ਸੀ।
ਪੁਲਿਸ ਨੇ ਛਾਪੇ ਦੌਰਾਨ 338 ਕਿਲੋ ਠੋਸ ਮੈਥ, 428 ਕਿਲੋ ਤਰਲ ਮੈਥ (ਜਿਸ ਵਿੱਚ ਵੱਡੀ ਮਾਤਰਾ ਨਸ਼ੀਲੇ ਤੱਤ ਦੀ ਸੀ) ਜ਼ਬਤ ਕੀਤੀ ਗਈ। ਇਸ ਪੂਰੇ ਮਾਮਲੇ ਦਾ ਸਭ ਤੋਂ ਦੁਖਦਾਈ ਹਿੱਸਾ 21 ਸਾਲਾ ਏਡਨ ਸਗਾਲਾ ਦੀ ਮੌਤ ਹੈ। ਏਡਨ ਨੇ ਅਣਜਾਣੇ ਵਿੱਚ “ਹਨੀ ਬੇਅਰ” ਬੀਅਰ ਦੇ ਕੁਝ ਘੁੱਟ ਪੀ ਲਏ, ਜਿਸ ਵਿੱਚ ਮੈਥ ਮਿਲੀ ਹੋਈ ਸੀ। ਉਸਦੇ ਪਰਿਵਾਰ ਅਨੁਸਾਰ ਉਹ ਕਦੇ ਵੀ ਨਸ਼ਿਆਂ ਦੇ ਨੇੜੇ ਨਹੀਂ ਗਿਆ ਸੀ। ਪਰ ਸਿਰਫ ਕੁਝ ਘੁੱਟਾਂ ਨੇ ਉਸਦੀ ਜਾਨ ਲੈ ਲਈ। ਮੈਡੀਕਲ ਰਿਪੋਰਟ ਵਿੱਚ ਉਸਦੇ ਖੂਨ ਵਿੱਚ ਮੈਥ ਦੀ ਮਾਤਰਾ “ਹੱਦ ਤੋਂ ਵੱਧ” ਪਾਈ ਗਈ। ਇਸ ਮਾਮਲੇ ਵਿੱਚ ਹਿਮਤਜੀਤ ਸਿੰਘ ਕਹਲੋਂ ਨੂੰ ਮਨਸਲਾਟਰ ਦਾ ਦੋਸ਼ੀ ਕਰਾਰ ਦੇ ਕੇ 21 ਸਾਲ ਦੀ ਸਜ਼ਾ ਦਿੱਤੀ ਗਈ। ਬਲਤੇਜ ਸਿੰਘ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਕਲੈਂਡ ਏਅਰਪੋਰਟ ਤੋਂ ਦੁਬਈ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਦੇ ਬੈਗ ਵਿੱਚ ਨਕਦ ਰਕਮ ਮਿਲੀ। ਗੋਦਾਮ ਵਿੱਚ ਵੱਡੀ ਮਾਤਰਾ ਵਿੱਚ ਨਸ਼ਾ ਅਤੇ ਸਾਜ਼ੋ-ਸਾਮਾਨ ਮਿਲਆ। ਇੱਕ ਹੋਰ ਘਰ ਵਿੱਚ ਉਸਦੀ ਕਾਰ ਵਿੱਚ ਲੱਖਾਂ ਡਾਲਰ ਨਕਦ ਮਿਲੇ।
ਅਦਾਲਤ ਨੇ ਮੰਨਿਆ ਕਿ ਬਲਤੇਜ ਸਿੰਘ ਇਸ ਗੈਂਗ ਦਾ ਸਿਖਰਲਾ ਮੈਂਬਰ ਨਹੀਂ ਸੀ, ਪਰ ਉਸਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ। ਜੱਜ ਨੇ ਕਿਹਾ ਜੇ ਇਹ ਨਸ਼ਾ ਮਾਰਕੀਟ ਵਿੱਚ ਪਹੁੰਚ ਜਾਂਦਾ ਤਾਂ ਸਮਾਜ ਲਈ ਭਿਆਨਕ ਨਤੀਜੇ ਹੁੰਦੇ। ਉਸਦੀ “ਜ਼ਬਰਦਸਤੀ ਸ਼ਾਮਲ ਹੋਣ” ਵਾਲੀ ਦਲੀਲ ਵਿਸ਼ਵਾਸਯੋਗ ਨਹੀਂ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਸਿਰਫ ਇੱਕ ਵੱਡੀ ਡਰੱਗ ਜ਼ਬਤੀ ਨਹੀਂ, ਸਗੋਂ ਇੱਕ ਵੱਡੀ ਤਰਾਸਦੀ ਵੀ ਹੈ, ਕਿਉਂਕਿ ਇੱਕ ਬੇਕਸੂਰ ਨੌਜਵਾਨ ਦੀ ਜਾਨ ਵੀ ਗਈ। ਇਹ ਪੂਰਾ ਮਾਮਲਾ ਦਰਸਾਉਂਦਾ ਹੈ ਕਿ ਕਿਵੇਂ ਅੰਤਰਰਾਸ਼ਟਰੀ ਡਰੱਗ ਗੈਂਗ ਨਵੇਂ-ਨਵੇਂ ਤਰੀਕੇ ਵਰਤ ਕੇ ਨਸ਼ਾ ਤਸਕਰੀ ਕਰ ਰਹੇ ਹਨ। ਨਾਲ ਹੀ, ਇਹ ਵੀ ਸਾਬਤ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਅਪਰਾਧ ਸਿਰਫ ਕਾਨੂੰਨੀ ਮਾਮਲੇ ਨਹੀਂ ਰਹਿੰਦੇ, ਸਗੋਂ ਮਨੁੱਖੀ ਜਾਨਾਂ ਨੂੰ ਵੀ ਬੜਾ ਨੁਕਸਾਨ ਪਹੁੰਚਾਉਂਦੇ ਹਨ। ਇਹ ਘਟਨਾ ਸਮਾਜ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਇੱਕ ਵੱਡੀ ਚੇਤਾਵਨੀ ਹੈ ਕਿ ਨਸ਼ਿਆਂ ਦੇ ਖ਼ਿਲਾਫ਼ ਲੜਾਈ ਹੋਰ ਵੀ ਸਖ਼ਤ ਕਰਨ ਦੀ ਲੋੜ ਹੈ।


