Khalsa Creation Day ਮੌਕੇ ਕਰੀਬ 2840 ਸਿੱਖ ਸ਼ਰਧਾਲੂ ਅੱਜ Attari-Wagah border ਰਾਹੀਂ ਪਾਕਿਸਤਾਨ ਰਵਾਨਾ
ਕਮੇਟੀ ਵੱਲੋਂ 409, ਹਰਿਆਣਾ ਕਮੇਟੀ ਵੱਲੋਂ 255 ਅਤੇ ਐਸਜੀਪੀਸੀ ਵੱਲੋਂ 1763 ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਹੈ

By : Gurpiar Thind
ਅੰਮ੍ਰਿਤਸਰ : ਖਾਲਸਾ ਸਾਜਣਾ ਦਿਵਸ (ਵੈਸਾਖੀ) ਦੇ ਮੌਕੇ ‘ਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਲਈ ਇਹ ਜਥਾ ਭੇਜਿਆ ਗਿਆ ਹੈ। ਜੇ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 409, ਹਰਿਆਣਾ ਕਮੇਟੀ ਵੱਲੋਂ 255 ਅਤੇ ਐਸਜੀਪੀਸੀ ਵੱਲੋਂ 1763 ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਹੈ। ਇਸ ਤਰ੍ਹਾਂ ਕੁੱਲ 2840 ਸ਼ਰਧਾਲੂ ਜਥੇ ਦੇ ਰੂਪ ਵਿੱਚ ਪਾਕਿਸਤਾਨ ਜਾ ਰਹੇ ਹਨ।
ਸ਼ਰਧਾਲੂਆਂ ਨੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਕੋਲ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੀਜ਼ੇ ਜਾਰੀ ਕੀਤੇ ਜਾਣ ਅਤੇ ਕਰਤਾਰਪੁਰ ਸਾਹਿਬ ਦਾ ਰਸਤਾ ਹੋਰ ਖੋਲ੍ਹਿਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਾਕਿਸਤਾਨ ਵੱਲੋਂ ਲਗਾਈ ਗਈ 20 ਡਾਲਰ ਫੀਸ ਨੂੰ ਖਤਮ ਕੀਤਾ ਜਾਵੇ। ਜਿਨ੍ਹਾਂ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਮਿਲਿਆ, ਉਹਨਾਂ ਵਿੱਚ ਨਿਰਾਸ਼ਾ ਵੀ ਦੇਖਣ ਨੂੰ ਮਿਲੀ।
ਸ਼ਰਧਾਲੂਆਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਕਈ ਸ਼ਰਧਾਲੂ ਪਹਿਲੀ ਵਾਰ ਇਸ ਯਾਤਰਾ ‘ਤੇ ਜਾ ਰਹੇ ਹਨ, ਜਿਸ ਕਰਕੇ ਉਨ੍ਹਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਵਧੇਰੇ ਹੈ।
ਇਸ ਮੌਕੇ ਐਸਜੀਪੀਸੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 14 ਅਪ੍ਰੈਲ ਨੂੰ ਖਾਲਸਾ ਸਾਜਣਾ ਦਿਵਸ ਮਨਾਇਆ ਜਾਵੇਗਾ ਅਤੇ ਇਸ ਸਬੰਧੀ ਜਥਾ ਪਾਕਿਸਤਾਨ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 1795 ਪਾਸਪੋਰਟ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 32 ਰੱਦ ਹੋ ਗਏ ਅਤੇ 1763 ਸ਼ਰਧਾਲੂ ਯਾਤਰਾ ‘ਤੇ ਜਾ ਰਹੇ ਹਨ। ਇਹ ਯਾਤਰਾ 10 ਦਿਨਾਂ ਦੀ ਹੋਵੇਗੀ।
ਜਥੇ ਦੀ ਅਗਵਾਈ ਕਰ ਰਹੇ ਸੁਰਜੀਤ ਸਿੰਘ ਤੁਗਲਵਾਲ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਬ ਤੋਂ ਸ਼ਰਧਾਲੂ ਗੁਰੂ ਨਾਨਕ ਦੇਵ ਜੀ ਦੀ ਪਾਵਨ ਧਰਤੀ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਵਿੱਚ ਮੱਥਾ ਟੇਕਣ ਅਤੇ ਵੈਸਾਖੀ ਮਨਾਉਣ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ, ਇਕਤਾ ਅਤੇ ਸੇਵਾ ਦਾ ਸੰਦੇਸ਼ ਦਿੱਤਾ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਸਾਰਾ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਰਹੇ।


