Begin typing your search above and press return to search.

Australia 'ਚ ਸੜਕ ਹਾਦਸੇ 'ਚ ਇੱਕ ਹੋਰ ਪੰਜਾਬੀ ਦਮ ਤੋੜ ਗਿਆ

33 ਸਾਲਾ ਸੈਂਡੀ ਸੰਧੂ ਦੀ ਮੌਤ ਨਾਲ ਖੁਸ਼ਹਾਲ ਪਰਿਵਾਰ ਦੀ ਉਜੜ ਗਈ ਦੁਨੀਆਂ, ਸੰਧੂ ਦੇ ਭਰਾ ਨੂੰ ਆਖਰੀ ਸ਼ਬਦ “ਮੇਰੇ ਬੱਚਿਆਂ ਅਤੇ ਪਰਿਵਾਰ ਦੀ ਸੰਭਾਲ ਕਰੀ"

Australia ਚ ਸੜਕ ਹਾਦਸੇ ਚ ਇੱਕ ਹੋਰ ਪੰਜਾਬੀ ਦਮ ਤੋੜ ਗਿਆ
X

Sandeep KaurBy : Sandeep Kaur

  |  4 March 2026 11:21 PM IST

  • whatsapp
  • Telegram

ਐਡਿਲੇਡ ਵਿੱਚ ਵਾਪਰੇ ਇਸ ਹਾਦਸੇ ਨੇ ਇਕ ਖੁਸ਼ਹਾਲ ਪਰਿਵਾਰ ਦੀ ਦੁਨੀਆ ਉਜਾੜ ਦਿੱਤੀ। 33 ਸਾਲਾ ਸੈਂਡੀ ਸੰਧੂ, ਜੋ ਸਰਬਦਿਆਲ ਸਿੰਘ ਦੇ ਨਾਮ ਨਾਲ ਵੀ ਜਾਣੇ ਜਾਂਦੇ ਸਨ, ਦੀ ਮੌਤ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਇਹ ਦਰਦਨਾਕ ਘਟਨਾ ਐਤਵਾਰ ਅੱਧੀ ਰਾਤ ਤੋਂ ਕੁਝ ਸਮੇਂ ਬਾਅਦ ਐਡੀਲੇਡ ਦੇ ਨੇੜੇ ਵਾਪਰੀ। ਪੁਲਿਸ ਅਨੁਸਾਰ, ਸੰਧ ਡ੍ਰਾਈ ਕ੍ਰੀਕ ਇਲਾਕੇ ਵਿੱਚ ਨੌਰਥ-ਸਾਊਥ ਮੋਟਰਵੇਅ ਦੇ ਐਮਰਜੈਂਸੀ ਲੇਨ ਵਿੱਚ ਆਪਣੀ ਗੱਡੀ ਨੂੰ ਜੰਪ ਸਟਾਰਟ ਕਰ ਰਹੇ ਸਨ। ਇਹ ਥਾਂ ਐਡਿਲੇਡ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਤੋਂ ਲਗਭਗ 12 ਕਿਲੋਮੀਟਰ ਦੂਰ ਹੈ। ਰਾਤ ਦੇ ਸੁੰਨੇ ਸਮੇਂ ਦੌਰਾਨ ਅਚਾਨਕ ਇੱਕ ਯੂਟ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸਾ ਇੰਨਾ ਭਿਆਨਕ ਸੀ ਕਿ ਸੰਧੂ ਦੀ ਇੱਕ ਲੱਤ ਕੱਟ ਕੇ ਸੜਕ ‘ਤੇ ਵੱਖ ਹੋ ਗਈ, ਕਈ ਪੱਛਲੀਆਂ ਟੁੱਟ ਗਈਆਂ ਅਤੇ ਅੰਦਰੂਨੀ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਨ੍ਹਾਂ ਦੀ ਜ਼ਿੰਦਗੀ ਨਹੀਂ ਬਚਾ ਸਕੇ। ਉਨ੍ਹਾਂ ਦੀ ਪਤਨੀ ਪਰਭਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੱਖਾਂ ਵਿੱਚ ਆਂਸੂਆਂ ਨਾਲ ਕਿਹਾ, “ਮੈਂ ਆਪਣਾ ਜੀਵਨ ਸਾਥੀ ਗੁਆ ਦਿੱਤਾ। ਮੇਰੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਉਹ ਸਾਡੀ ਜ਼ਿੰਦਗੀ ਦਾ ਕੇਂਦਰ ਸਨ।”

ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਸੰਧੂ ਇੱਕ ਮਿਹਨਤੀ, ਪਰਿਵਾਰ-ਪ੍ਰੇਮੀ ਅਤੇ ਧਾਰਮਿਕ ਸੁਭਾਅ ਦੇ ਇਨਸਾਨ ਸਨ ਜੋ ਹਮੇਸ਼ਾ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਰਹਿੰਦੇ ਸਨ। ਹਾਦਸੇ ਵੇਲੇ ਉਨ੍ਹਾਂ ਦੇ ਭਰਾ ਸਿਕੰਦਰ ਸਿੰਘ ਵੀ ਮੌਕੇ ‘ਤੇ ਮੌਜੂਦ ਸਨ। ਉਹ ਦੱਸਦੇ ਹਨ ਕਿ ਗੱਡੀ ਸੜਕ ਦੀ ਲਾਈਨ ਤੋਂ ਲਗਭਗ ਦੋ ਫੁੱਟ ਦੂਰ ਖੜੀ ਸੀ ਅਤੇ ਉਹ ਪੂਰੀ ਤਰ੍ਹਾਂ ਐਮਰਜੈਂਸੀ ਲੇਨ ਵਿੱਚ ਸਨ। ਟੱਕਰ ਤੋਂ ਬਾਅਦ ਉਨ੍ਹਾਂ ਨੇ ਆਪਣੇ ਭਰਾ ਨੂੰ ਖੂਨ ਨਾਲ ਲੱਥਪੱਥ ਸੜਕ ‘ਤੇ ਪਿਆ ਦੇਖਿਆ। ਉਨ੍ਹਾਂ ਦੇ ਮੁਤਾਬਕ, ਆਖ਼ਰੀ ਪਲਾਂ ਵਿੱਚ ਸੰਧੂ ਨੇ ਬੇਨਤੀ ਕੀਤੀ, “ਮੇਰੇ ਬੱਚਿਆਂ ਅਤੇ ਪਰਿਵਾਰ ਦੀ ਸੰਭਾਲ ਕਰੀ,” ਜੋ ਸਾਰੇ ਪਰਿਵਾਰ ਲਈ ਸਦਾ ਲਈ ਦਿਲ ‘ਚ ਵੱਸ ਜਾਣ ਵਾਲੇ ਸ਼ਬਦ ਬਣ ਗਏ। ਪੁਲਿਸ ਨੇ ਦੋਸ਼ ਲਗਾਇਆ ਹੈ ਕਿ 22 ਸਾਲਾ ਹੈਰਿਸਨ ਬੈਕਲ, ਜੋ ਮਲਾਲਾ ਦਾ ਰਹਿਣ ਵਾਲਾ ਹੈ, ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ। ਗਵਾਹਾਂ ਮੁਤਾਬਕ ਹਾਦਸੇ ਤੋਂ ਪਹਿਲਾਂ ਉਸਦੀ ਯੂਟ ਕਈ ਲੇਨਾਂ ਵਿੱਚ ਬੇਕਾਬੂ ਹੋ ਕੇ ਝੁਲ ਰਹੀ ਸੀ। ਟੱਕਰ ਮਾਰਨ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ। ਸੋਮਵਾਰ ਨੂੰ ਐਲੀਜ਼ਾਬੈਥ ਮਜ਼ੀਸਟ੍ਰੇਟ ਕੋਰਟ ਵਿੱਚ ਪੇਸ਼ੀ ਦੌਰਾਨ ਪ੍ਰੋਸਿਕਿਊਟਰਾਂ ਨੇ ਦੱਸਿਆ ਕਿ ਇਕ ਗਵਾਹ ਨੇ ਗੱਡੀ ਰੋਕ ਕੇ ਸੜਕ ‘ਤੇ ਵੱਖ ਹੋਈ ਲੱਤ ਦੇਖੀ ਅਤੇ ਪੀੜਤ ਦੀ ਚੀਖ ਸੁਣੀ।

ਇਹ ਮੰਜ਼ਰ ਅਦਾਲਤ ਵਿੱਚ ਸੁਣ ਕੇ ਹਾਜ਼ਰ ਲੋਕ ਵੀ ਹਿਲ ਗਏ। ਹੈਰੀਸਨ ਬੈਕਕ ‘ਤੇ ਖਤਰਨਾਕ ਡਰਾਈਵਿੰਗ ਕਰਕੇ ਮੌਤ ਦਾ ਕਾਰਨ ਬਣਨ ਅਤੇ ਹਾਦਸੇ ਦੀ ਥਾਂ ਛੱਡਣ ਦੇ ਦੋਸ਼ ਲਗਾਏ ਗਏ ਹਨ। ਉਸਨੇ ਅਜੇ ਤੱਕ ਦੋਸ਼ਾਂ ‘ਤੇ ਆਪਣੀ ਪੱਖ ਨਹੀਂ ਰੱਖੀ। ਹਾਲਾਂਕਿ, ਕੇਵਲ ਇੱਕ ਰਾਤ ਹਿਰਾਸਤ ਵਿੱਚ ਬਿਤਾਉਣ ਤੋਂ ਬਾਅਦ ਉਸਨੂੰ ਜਮਾਨਤ ਮਿਲ ਗਈ, ਜਿਸ ਕਾਰਨ ਪਰਿਵਾਰ ਵਿੱਚ ਭਾਰੀ ਰੋਸ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਗਈ, ਦੂਜੇ ਪਾਸੇ ਦੋਸ਼ੀ ਆਰਾਮ ਨਾਲ ਆਪਣਾ ਕੰਮ ਕਰ ਰਿਹਾ ਹੈ। ਭਰਾ ਹਰਮਨ ਸਿੰਘ ਨੇ ਕਿਹਾ, “ਸਾਨੂੰ ਸਮਝ ਨਹੀਂ ਆ ਰਿਹਾ ਕਿ ਉਸਨੂੰ ਜਮਾਨਤ ਕਿਵੇਂ ਮਿਲ ਗਈ ਅਤੇ ਸਾਡੇ ਹਿੱਸੇ ਉਮਰ ਭਰ ਦਾ ਦੁੱਖ ਆ ਗਿਆ।” ਪਤਨੀ ਪਰਭਜੀਤ ਕੌਰ ਨੇ ਦ੍ਰਿੜਤਾ ਨਾਲ ਕਿਹਾ, “ਇੱਕ ਦਿਨ ਇਨਸਾਫ਼ ਜ਼ਰੂਰ ਮਿਲੇਗਾ।” ਹੁਣ ਮਾਮਲਾ ਜੂਨ ਵਿੱਚ ਮੁੜ ਅਦਾਲਤ ਵਿੱਚ ਸੁਣਵਾਈ ਲਈ ਆਵੇਗਾ। ਇਸ ਦਰਮਿਆਨ ਪਰਿਵਾਰ ਦੀ ਆਰਥਿਕ ਮਦਦ ਲਈ ਗੋਫੰਡ-ਮੀ ‘ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ 43 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਠੀ ਹੋ ਚੁੱਕੀ ਹੈ। ਕਮਿਊਨਿਟੀ ਵੱਲੋਂ ਮਿਲ ਰਹੀ ਸਹਾਇਤਾ ਦੱਸਦੀ ਹੈ ਕਿ ਇਹ ਸਿਰਫ ਇਕ ਪਰਿਵਾਰ ਦਾ ਨਹੀਂ, ਸਾਰੇ ਸਮਾਜ ਦਾ ਦੁੱਖ ਹੈ।

Next Story
ਤਾਜ਼ਾ ਖਬਰਾਂ
Share it