Alberta : ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ’ਚ 18 ਸਾਲਾ ਨੌਜਵਾਨ ਗ੍ਰਿਫਤਾਰ
ਘਟਨਾ ਦੌਰਾਨ ਮੌਜੂਦ ਹੋਰ ਦੋ ਨੌਜਵਾਨਾਂ ਨੇ ਕਿਸੇ ਤਰ੍ਹਾਂ ਕਾਰ ਨੂੰ ਕਾਬੂ ਕਰਕੇ ਹਾਈਵੇ ਦੇ ਕਿਨਾਰੇ ਲਗਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ।

By : Gill
ਵੈਨਕੂਵਰ, 24 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਲਡੂਕ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ 22 ਸਾਲਾ ਪੰਜਾਬੀ ਨੌਜਵਾਨ ਬਿਰਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ 18 ਸਾਲਾ ਗੋਰੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 14 ਮਾਰਚ ਨੂੰ ਕਵੀਨ ਐਲਿਜ਼ਾਬੇਥ ਦੂਜਾ ਹਾਈਵੇ ’ਤੇ ਵਾਪਰੀ, ਜਦੋਂ ਤਿੰਨ ਦੋਸਤ ਆਪਣੀ ਕਾਰ ਵਿੱਚ ਸੈਰ ਲਈ ਜਾ ਰਹੇ ਸਨ। ਇਸ ਦੌਰਾਨ ਇੱਕ ਪਿਕਅੱਪ ਟਰੱਕ ਉਨ੍ਹਾਂ ਦੇ ਨੇੜੇ ਆਇਆ ਅਤੇ ਟਰੱਕ ਵਿੱਚ ਸਵਾਰ ਵਿਅਕਤੀ ਵੱਲੋਂ ਹੱਥ ਨਾਲ ਇਸ਼ਾਰਾ ਕੀਤਾ ਗਿਆ।
ਜਵਾਬ ਵਿੱਚ ਕਾਰ ਚਲਾ ਰਹੇ ਬਿਰਿੰਦਰ ਸਿੰਘ ਨੇ ਵੀ ਬਾਂਹ ਬਾਹਰ ਕੱਢ ਕੇ ਹੱਥ ਹਿਲਾਇਆ, ਜਿਸ ਤੋਂ ਬਾਅਦ ਟਰੱਕ ਵਿੱਚੋਂ ਅਚਾਨਕ ਗੋਲੀ ਚਲਾਈ ਗਈ। ਗੋਲੀ ਬਿਰਿੰਦਰ ਸਿੰਘ ਦੀ ਗਰਦਨ ਵਿੱਚ ਲੱਗੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਦੌਰਾਨ ਮੌਜੂਦ ਹੋਰ ਦੋ ਨੌਜਵਾਨਾਂ ਨੇ ਕਿਸੇ ਤਰ੍ਹਾਂ ਕਾਰ ਨੂੰ ਕਾਬੂ ਕਰਕੇ ਹਾਈਵੇ ਦੇ ਕਿਨਾਰੇ ਲਗਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਅਨੁਸਾਰ ਇਸ ਮਾਮਲੇ ਵਿੱਚ 18 ਸਾਲਾ ਜਿੰਮੀ ਗੈਸਨਰ ਨੂੰ ਸਸਕੈਚਵਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਉੱਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੇ ਅਸਲ ਕਾਰਣਾਂ ਦੀ ਜਾਂਚ ਹਾਲੇ ਜਾਰੀ ਹੈ ਅਤੇ ਹੋਰ ਵੇਰਵੇ ਜਾਂਚ ਮਗਰੋਂ ਸਾਹਮਣੇ ਆਉਣਗੇ।


