ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ 'ਤੇ ਭੜਕੇ ਅਕਾਲੀ, ਪੜ੍ਹੋ ਅਗਲੀ, ਪਿਛਲੀ ਸਾਰੀ ਵਾਰਤਾ
ਉਸ ਦਿਨ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ, ਅਤੇ ਜਥੇਦਾਰਾਂ ਨੇ ਅਕਾਲੀ ਦਲ ਦੇ ਪੁਰਾਣੇ ਢਾਂਚੇ ਨੂੰ ਭੰਗ ਕਰ ਦਿੱਤਾ ਸੀ।

By : Gill
ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਭਰਤੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ 'ਨਵੇਂ' ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਹੈ। ਇਸ ਫੈਸਲੇ ਨਾਲ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੇ ਚੇਅਰ-ਪਰਸਨ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਹ ਫੈਸਲਾ ਉਸ ਸੱਤ ਮੈਂਬਰੀ ਕਮੇਟੀ (ਜੋ ਹੁਣ ਪੰਜ ਮੈਂਬਰੀ ਹੈ) ਦੁਆਰਾ ਲਿਆ ਗਿਆ ਹੈ, ਜਿਸ ਦਾ ਗਠਨ 2 ਦਸੰਬਰ 2024 ਦੇ ਅਕਾਲ ਤਖ਼ਤ ਦੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਦੀ ਨਵੀਂ ਭਰਤੀ ਅਤੇ ਪੁਨਰਗਠਨ ਲਈ ਕੀਤਾ ਗਿਆ ਸੀ। ਉਸ ਦਿਨ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ, ਅਤੇ ਜਥੇਦਾਰਾਂ ਨੇ ਅਕਾਲੀ ਦਲ ਦੇ ਪੁਰਾਣੇ ਢਾਂਚੇ ਨੂੰ ਭੰਗ ਕਰ ਦਿੱਤਾ ਸੀ।
ਕਮੇਟੀ ਅਤੇ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਆਗੂ
ਸੱਤ ਮੈਂਬਰੀ ਕਮੇਟੀ ਵਿੱਚੋਂ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਐੱਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਇਸ ਦਾ ਹਿੱਸਾ ਨਹੀਂ ਹਨ। ਮੌਜੂਦਾ ਕਮੇਟੀ ਦੇ ਪੰਜ ਮੈਂਬਰਾਂ ਵਿੱਚ ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਦਾਂ ਅਤੇ ਸਤਵੰਤ ਕੌਰ ਸ਼ਾਮਲ ਹਨ।
ਇਸ ਨਵੇਂ ਅਕਾਲੀ ਦਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਪੁਰਾਣੇ ਆਗੂ ਜੁੜੇ ਹਨ, ਜਿਨ੍ਹਾਂ ਵਿੱਚ ਬੀਬੀ ਜਗੀਰ ਕੌਰ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਗੋਬਿੰਦ ਸਿੰਘ ਲੌਂਗੋਵਾਲ, ਪ੍ਰਮਿੰਦਰ ਸਿੰਘ ਢੀਂਡਸਾ, ਇਕਬਾਲ ਸਿੰਘ ਝੂੰਦਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਸ਼ਾਮਲ ਹਨ।
ਪ੍ਰਧਾਨਗੀ ਦੀ ਦੌੜ ਅਤੇ ਗਿਆਨੀ ਹਰਪ੍ਰੀਤ ਸਿੰਘ ਦਾ ਪਿਛੋਕੜ
ਪ੍ਰਧਾਨਗੀ ਲਈ ਹਰਪ੍ਰੀਤ ਸਿੰਘ ਅਤੇ ਸਤਵੰਤ ਕੌਰ ਦੇ ਨਾਵਾਂ ਦੀ ਚਰਚਾ ਚੱਲ ਰਹੀ ਸੀ। ਹਾਲਾਂਕਿ ਦੋਵਾਂ ਨੇ ਹੀ ਇਸ ਜ਼ਿੰਮੇਵਾਰੀ ਤੋਂ ਪਿੱਛੇ ਹਟਣ ਦੀ ਗੱਲ ਕਹੀ ਸੀ। ਹਰਪ੍ਰੀਤ ਸਿੰਘ ਨੇ 8 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਉਹ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਪ੍ਰਧਾਨਗੀ ਦੀ ਦੌੜ ਵਿੱਚ ਨਹੀਂ ਹਨ ਅਤੇ ਉਨ੍ਹਾਂ ਦਾ ਨਾਮ ਨਾ ਵਿਚਾਰਿਆ ਜਾਵੇ।
ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਸਿੰਘ ਸਾਹਿਬਾਨਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਸੀ। ਉਹ ਉਸ ਸਮੇਂ ਦਮਦਮਾ ਸਾਹਿਬ ਦੇ ਜਥੇਦਾਰ ਸਨ। ਬਾਅਦ ਵਿੱਚ, ਉਨ੍ਹਾਂ ਦੀਆਂ ਸੇਵਾਵਾਂ ਐੱਸਜੀਪੀਸੀ ਵੱਲੋਂ ਇੱਕ ਪੁਰਾਣੇ ਮਾਮਲੇ ਦੇ ਇਲਜ਼ਾਮਾਂ ਕਾਰਨ ਖਤਮ ਕਰ ਦਿੱਤੀਆਂ ਗਈਆਂ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ 2 ਦਸੰਬਰ ਦੇ ਫੈਸਲੇ ਦਾ ਬਦਲਾ ਕਿਹਾ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਕਿਰਿਆ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਇਸ ਫੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਸਿੱਖਾਂ ਦੇ ਮਨ ਨੂੰ ਭਾਰੀ ਠੇਸ ਉਦੋਂ ਪੁੱਜੀ, ਜਦੋਂ ਤਖ਼ਤ ਸਾਹਿਬਾਨਾਂ ਨੂੰ ਇਸ ਸਾਜਿਸ਼ ਲਈ ਚੁਣਿਆ ਗਿਆ। ਗਿਆਨੀ ਹਰਪ੍ਰੀਤ ਸਿੰਘ, ਜਿਨ੍ਹਾਂ ਨੂੰ ਬਾਗ਼ੀ ਧੜੇ ਨੇ ਆਪਣਾ ਪ੍ਰਧਾਨ ਚੁਣਿਆ ਹੈ, ਉਹ ਤਾਂ 2 ਦਸੰਬਰ ਦੇ ਹੁਕਮਨਾਮੇ ਵੇਲੇ ਜਥੇਦਾਰ ਸਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖੁਦ ਸੱਦਿਆ, ਸਜ਼ਾ ਸੁਣਾਈ, ਧੜਿਆਂ ਦੀ ਰਾਜਨੀਤੀ ਨੂੰ ਨਕਾਰਿਆ ਅਤੇ ਅੱਜ ਆਪ ਹੀ ਇੱਕ ਧੜੇ ਦੇ ਪ੍ਰਧਾਨ ਬਣ ਗਏ।"
ਹਰਪ੍ਰੀਤ ਸਿੰਘ ਦਾ ਧਾਰਮਿਕ ਅਤੇ ਸਿਆਸੀ ਸਫ਼ਰ
ਹਰਪ੍ਰੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਾਰਮਿਕ ਅਧਿਐਨ ਵਿੱਚ ਮਾਸਟਰ ਡਿਗਰੀ ਕੀਤੀ ਹੈ ਅਤੇ ਗੁਰਮਤਿ ਦੀ ਸਿੱਖਿਆ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ, ਤਲਵੰਡੀ ਸਾਬੋ ਤੋਂ ਪ੍ਰਾਪਤ ਕੀਤੀ ਹੈ। ਉਹ 1997 ਵਿੱਚ ਐੱਸਜੀਪੀਸੀ ਵਿੱਚ ਪ੍ਰਚਾਰਕ ਵਜੋਂ ਭਰਤੀ ਹੋਏ ਸਨ ਅਤੇ 1999 ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਬਣੇ।
21 ਅਪ੍ਰੈਲ 2017 ਨੂੰ ਉਨ੍ਹਾਂ ਨੂੰ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਗਿਆ ਅਤੇ 22 ਅਕਤੂਬਰ 2018 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣੇ। ਉਹ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਪੀਐੱਚਡੀ ਵੀ ਕਰ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਆਪਣੇ ਬੇਬਾਕ ਵਿਚਾਰਾਂ ਲਈ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਅਕਸਰ ਸਿੱਖ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀ ਆਲੋਚਨਾ ਵੀ ਕੀਤੀ ਹੈ। ਉਨ੍ਹਾਂ ਨੇ ਸੀਏਏ ਅਤੇ ਐੱਨਆਰਸੀ ਕਾਨੂੰਨ ਦਾ ਵਿਰੋਧ ਕੀਤਾ ਸੀ ਅਤੇ ਇੱਕ ਵਾਰ ਅਕਾਲੀ ਦਲ ਨੂੰ 'ਸਰਮਾਏਦਾਰਾਂ' ਦੀ ਪਾਰਟੀ ਕਿਹਾ ਸੀ।
ਸਤਵੰਤ ਕੌਰ ਦਾ ਪਰਿਵਾਰਕ ਪਿਛੋਕੜ
ਸਤਵੰਤ ਕੌਰ ਦੇ ਪਿਤਾ ਅਮਰੀਕ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਦੇ ਦਾਦਾ ਗਿਆਨੀ ਕਰਤਾਰ ਸਿੰਘ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ। ਅਮਰੀਕ ਸਿੰਘ ਆਪਰੇਸ਼ਨ ਬਲੂ ਸਟਾਰ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਹੀਦ ਹੋ ਗਏ ਸਨ। ਉਹ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਰੀਬੀ ਸਾਥੀਆਂ ਵਿੱਚੋਂ ਇੱਕ ਸਨ।


