Begin typing your search above and press return to search.

A.I. Technology ਬਨਾਮ ਧਾਰਮਿਕ ਸੁਰੱਖਿਆ

ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ?- ਏ.ਆਈ. ਤਕਨੀਕ ਦਾ ਸ਼ਬਦੀ ਅਰਥ ਹੈ ‘ਬਣਾਵਟੀ ਬੁੱਧੀ’। ਮਤਲਬ ਕਿ ਅਜਿਹੀ ਤਕਨੀਕ ਜੋ ਮਸ਼ੀਨਾਂ ਨੂੰ ਮਨੁੱਖਾਂ ਨਾਲੋਂ ਕਈ ਹਜ਼ਾਰਾਂ-ਲੱਖਾਂ

A.I. Technology ਬਨਾਮ ਧਾਰਮਿਕ ਸੁਰੱਖਿਆ
X

GillBy : Gill

  |  9 March 2026 8:58 PM IST

  • whatsapp
  • Telegram

ਏ.ਆਈ. ਤਕਨੀਕ ਬਨਾਮ ਧਾਰਮਿਕ ਸੁਰੱਖਿਆ

-ਮਨਪ੍ਰੀਤ ਸਿੰਘ ਬਾਜ +91 9530744177

ਅਜੋਕੇ ਸਮੇਂ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਵੱਖ-ਵੱਖ ਧਰਮਾਂ ਵਿਰੁੱਧ ਹੋ ਰਹੀ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਤਕਨੀਕ ਦੀ ਦੁਰਵਰਤੋਂ ਕਿਵੇਂ ਰੋਕੀ ਜਾਵੇ? ਧਰਮਾਂ ਦੀਆਂ ਬੇਅਦਬੀਆਂ ਤਾਂ ਪਿਛਲੇ ਕਰੀਬ 1-2 ਦਹਾਕਿਆਂ ਤੋਂ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਕੀਤੀਆਂ ਹੀ ਜਾ ਰਹੀਆਂ ਹਨ, ਏ.ਆਈ. ਤਕਨੀਕ ਨੇ ਤਾਂ ਕੇਵਲ ਇਸ ਵਰਤਾਰੇ ਨੂੰ ਕਈ ਗੁਣਾਂ ਤੇਜ਼ ਕਰ ਕੀਤਾ ਹੈ। ਅਸਲ ’ਚ ਏ.ਆਈ. ਤਕਨੀਕ ਧਾਰਮਿਕ ਬੇਅਦਬੀ ਦਾ ਮੁੱਖ ਕਾਰਨ ਨਹੀਂ ਹੈ, ਬਲਕਿ ਬੇਲਗ਼ਾਮ ਹੋ ਚੁੱਕੇ ਸੋਸ਼ਲ ਮੀਡੀਆ ਪਲੈਟਫਾਰਮ ਬੇਅਦਬੀਆਂ ਲਈ ਜ਼ਿੰਮੇਵਾਰ ਹਨ। ਦੋਸ਼ੀ ਕਿਸੇ ਧਰਮ ਦੀ ਬੇਅਦਬੀ ਕਰ ਕੇ ਪੁਲਿਸ ਤੋਂ ਇੰਜ ਬਚ ਨਿਕਲਦਾ ਹੈ ਜਿਵੇਂ ਇਹ ਸੋਸ਼ਲ ਮੀਡੀਆ ਅਕਾਊਂਟ ਕੋਈ ਡਾਰਕ ਵੈਬ ਹੋਣ।

ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ?- ਏ.ਆਈ. ਤਕਨੀਕ ਦਾ ਸ਼ਬਦੀ ਅਰਥ ਹੈ ‘ਬਣਾਵਟੀ ਬੁੱਧੀ’। ਮਤਲਬ ਕਿ ਅਜਿਹੀ ਤਕਨੀਕ ਜੋ ਮਸ਼ੀਨਾਂ ਨੂੰ ਮਨੁੱਖਾਂ ਨਾਲੋਂ ਕਈ ਹਜ਼ਾਰਾਂ-ਲੱਖਾਂ ਗੁਣਾਂ ਤੇਜ਼ ਸੋਚਣ, ਸਮਝਣ ਅਤੇ ਸਟੀਕ ਕੰਮ ਕਰ ਸਕਣ ਦੇ ਯੋਗ ਬਣਾਉਂਦੀ ਹੈ।

ਏ.ਆਈ. ਦੀ ਦੁਰਵਰਤੋਂ- ਕੰਪਿਊਟਰ ਸਾਫਟਵੇਅਰ ਦੀ ਵਰਤੋਂ ਨਾਲ ਫੋਟੋ-ਵੀਡੀਓ ਐਡਿਟ ਕਰਨਾ ਸਿੱਖਣ ਲਈ ਬਹੁਤ ਸਮਾਂ ਲੱਗਦਾ ਸੀ ਪਰ ਹੁਣ ਇਹ ਕੰਮ ਏ.ਆਈ. ਤਕਨੀਕ ਰਾਹੀਂ 1-2 ਘੰਟਿਆਂ ਵਿਚ ਹੀ ਸਿੱਖਿਆ ਜਾ ਸਕਦਾ ਹੈ ਅਤੇ ਕੁਝ ਮਿੰਟਾਂ ਵਿਚ ਹੀ ਕੀਤਾ ਜਾ ਸਕਦਾ ਹੈ। ਅੱਜ ਏ.ਆਈ. ਤਕਨੀਕ ਦੀ ਦੁਰਵਰਤੋਂ ਕਰ ਕੇ ਸਮਾਜ-ਵਿਰੋਧੀ ਅਨਸਰ ਵੱਖ-ਵੱਖ ਧਰਮਾਂ ਦੀਆਂ ਬੇਅਦਬੀ ਵਾਲੀਆਂ ਫੋਟੋਆਂ ਤੇ ਵੀਡੀਓ ਬਣਾ ਦਿੰਦੇ ਹਨ, ਕਿਸੇ ਵਿਅਕਤੀ ਦੀ ਆਵਾਜ਼ ਜਾਂ ਚਿਹਰੇ ਦੀ ਨਕਲ ਕਰ ਕੇ ਭੜਕਾੳ/ਝੂਠਾ ਵੀਡੀਓ ਬਿਆਨ ਬਣਾ ਦਿੰਦੇ ਹਨ, ਜੋ ਕਾਫੀ ਹੱਦ ਤਕ ਅਸਲੀ ਹੀ ਲੱਗਦੇ ਹਨ। ਸੋ ਇਹ ਕੇਵਲ ਧਾਰਮਿਕ ਮਾਮਲਾ ਨਹੀਂ ਰਿਹਾ ਸਗੋਂ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਬਣ ਚੁੱਕਾ ਹੈ।

ਏ.ਆਈ. ਦੀ ਦੁਰਵਰਤੋਂ ਕਿਵੇਂ ਰੋਕੀ ਜਾਵੇ?- ਏ.ਆਈ. ਦੀ ਦੁਰਵਰਤੋਂ ਰੋਕਣ ਲਈ ਏ.ਆਈ. ਦੀ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਏ.ਆਈ. ਮਨੁੱਖਤਾ ਦੀ ਦੁਸ਼ਮਣ ਨਹੀਂ ਹੈ, ਸਗੋਂ ਇਸ ਦੀ ਦੁਰਵਰਤੋਂ ਕਰਨ ਵਾਲਾ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ। ਏ.ਆਈ. ਦੀ ਦੁਰਵਰਤੋਂ ਰੋਕਣ ਲਈ ਸਮੁੱਚੇ ਧਰਮਾਂ ਦੇ ਲੋਕਾਂ ਨੂੰ ਸਾਂਝੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਜਿਸ ਲਈ ਸਭ ਤੋਂ ਪਹਿਲਾਂ ਨਿੱਜੀ ਜ਼ਿੰਮੇਵਾਰੀ, ਫਿਰ ਸਮੂਹਿਕ ਜ਼ਿੰਮੇਵਾਰੀ ਅਤੇ ਫਿਰ ਕਾਨੂੰਨੀ ਜ਼ਿੰਮੇਵਾਰੀ ਤੈਅ ਕਰਨ ਦੀ ਲੋੜ ਹੈ।

ਨਿੱਜੀ ਜ਼ਿੰਮੇਵਾਰੀ- ਹਰੇਕ ਮਨੁੱਖ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਵੇਂ ਕਿ- (1) ਸੋਸ਼ਲ ਮੀਡੀਆ ਉੱਪਰ ਕਿਸੇ ਧਰਮ ਸਬੰਧੀ ਅਜਿਹੀ ਜਾਣਕਾਰੀ, ਵੀਡੀਓ ਜਾਂ ਫੋਟੋ ਜੋ ਧਾਰਮਿਕ ਭਾਵਨਾਵਾਂ ਨੂੰ ਭੜਕਾ ਸਕਦੀ ਹੈ, ਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ। (2) ਕਿਸੇ ਵੀ ਧਰਮ ਵਿਰੁੱਧ ਨਫ਼ਰਤੀ ਕਮੈਂਟ ਨਹੀਂ ਕਰਨੇ ਚਾਹੀਦੇ। (3) ਸ਼ੱਕੀ ਸਮੱਗਰੀ ਵਿਰੁੱਧ ਤੁਰੰਤ ਰਿਪੋਰਟ ਕਰਨੀ ਚਾਹੀਦੀ ਹੈ। (4) ਆਪਣੇ ਪਰਿਵਾਰ ਨੂੰ ਡਿਜ਼ੀਟਲ ਨੈਤਿਕਚਾਰ ਦੇ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।

ਧਾਰਮਿਕ ਸੰਸਥਾਵਾਂ ਦੀ ਜ਼ਿੰਮੇਵਾਰੀ- ਧਾਰਮਿਕ ਸੰਸਥਾਵਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ, ਜਿਵੇਂ ਕਿ- (1) ਧਾਰਮਿਕ ਸੰਸਥਾਵਾਂ ਆਪਣੇ ਧਰਮ ਬਾਰੇ ਪ੍ਰਮਾਣਿਕ ਜਾਣਕਾਰੀ ਅਤੇ ਸਮੱਗਰੀ ਨੂੰ ਏ.ਆਈ. ਦੇ ਡਾਟਾ ਵਿਚ ਸ਼ਾਮਲ ਕਰਵਾਉਣ। (2) ਵਲੰਟੀਅਰਾਂ ਦੀਆਂ ‘ਸੋਸ਼ਲ ਮੀਡੀਆ ਮੋਨੀਟਰਿੰਗ ਟੀਮਾਂ’ ਜਾਂ ‘ਡਿਜ਼ੀਟਲ ਸਹਾਇਤਾ ਸੈੱਲ’ ਬਣਾਏ ਜਾਣ ਤਾਂ ਜੋ ਕਿਸੇ ਵੀ ਗ਼ਲਤ ਜਾਣਕਾਰੀ/ਬੇਅਦਬੀ ਨੂੰ ਤੁਰੰਤ ਰੋਕਿਆ ਜਾ ਸਕੇ। (3) ‘ਸਾਇਬਰ ਕ੍ਰਾਈਮ ਸੈੱਲ’ ਬਣਾਏ ਜਾਣ ਤਾਂ ਜੋ ਦੋਸ਼ੀ ਵਿਅਕਤੀ ਦੇ ਸਾਰੇ ਸੋਸ਼ਲ ਮੀਡੀਆ ਖਾਤੇ ਤੁਰੰਤ ਬੰਦ ਕਰਵਾ ਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। (4) ਸੋਸ਼ਲ ਮੀਡੀਆ ਅਕਾਊਂਟਾਂ ਸਬੰਧੀ ਸਖ਼ਤ ਕਾਨੂੰਨ ਬਣਵਾਉਣ ਲਈ ਸਰਕਾਰ ਉੱਪਰ ਦਬਾਅ ਪਾਇਆ ਜਾਵੇ।

ਸਰਕਾਰ ਦੀ ਜ਼ਿੰਮੇਵਾਰੀ- ਸੋਸ਼ਲ ਮੀਡੀਆ ਨੇ ਪੂਰੇ ਵਿਸ਼ਵ ਨੂੰ ਗਲੋਬਲ ਪਿੰਡ ਬਣਾ ਦਿੱਤਾ ਹੈ। ਕਿਸੇ ਵੀ ਜਾਣਕਾਰੀ ਨੂੰ ਇਕ ਸਕਿੰਟ ਵਿਚ ਪੂਰੀ ਦੁਨੀਆਂ ਉੱਪਰ ਫੈਲਾਇਆ ਜਾ ਸਕਦਾ ਹੈ ਅਤੇ ਕਿਸੇ ਵੀ ਦੇਸ਼ ਦੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਸੋ ਖ਼ਤਰਨਾਕ ਹਥਿਆਰ ਬਣ ਚੁੱਕੇ ਸੋਸ਼ਲ ਮੀਡੀਆ ਅਕਾਊਂਟਾਂ ਉੱਪਰ ਸਖ਼ਤ ਕਾਨੂੰਨ ਲਾਗੂ ਕਰਨਾ ਸਮੇਂ ਦੀ ਲੋੜ ਬਣ ਚੁੱਕਾ ਹੈ- (1) ਸੋਸ਼ਲ ਮੀਡੀਆ ਅਕਾਊਂਟ ਬਣਾਉਣ ਲਈ ਸਰਕਾਰੀ ਆਈ.ਡੀ. ਪਰੂਫ ਦੀ ਸ਼ਰਤ ਲਾਗੂ ਕੀਤੀ ਜਾਵੇ। ਕੰਟਰੀ ਕੋਡ ਜਾਂ ਏਰੀਆ ਕੋਡ ਸੋਸ਼ਲ ਮੀਡੀਆ ਅਕਾਊਂਟ ਉੱਪਰ ਜਨਤਕ ਹੋਵੇ ਤਾਂ ਜੋ ਪਤਾ ਚੱਲ ਸਕੇ ਕਿ ਇਹ ਖਾਤਾ ਕਿਸ ਏਰੀਆ/ਦੇਸ਼ ਦੇ ਵਿਅਕਤੀ ਦਾ ਹੈ। (2) ਸੋਸ਼ਲ ਮੀਡੀਆ ਅਕਾਊਂਟ ਉੱਪਰ ਰਿਪੋਰਟ ਕਰਨ ਨੂੰ ‘ਫਾਸਟ ਰਿਸਪੋਂਸ’ ਭਾਵ ਤੇਜ਼-ਜਵਾਬੀ ਪ੍ਰਕਿਿਰਆ ਬਣਾਇਆ ਜਾਵੇ। (3) ਏ.ਆਈ. ਦੀਆਂ ਖ਼ਤਰਨਾਕ ਤਕਨੀਕਾਂ ਜਿਵੇਂ ਕਿ ਡੀਪਫੇਕ, ਮੋਰਫਿੰਗ ਐਡੀਟਿੰਗ ਅਤੇ ਏ.ਆਈ. ਵੋਇਸ ਕਲੋਨਿੰਗ ਰਾਹੀਂ ਕਿਸੇ ਮਨੁੱਖ ਦੇ ਚਿਹਰੇ, ਆਵਾਜ਼, ਕਿਸੇ ਧਾਰਮਿਕ ਅਸਥਾਨ ਦੀ ਫੋਟੋ/ਵੀਡੀਓ ਦੀ ਵਰਤੋਂ ਕਰਨ ਉੱਪਰ ਕਾਨੂੰਨੀ ਸ਼ਿਕੰਜਾ ਲਾਇਆ ਜਾਵੇ। ਇਨ੍ਹਾਂ ਤਕਨੀਕਾਂ ਰਾਹੀਂ ਬਣਾਈ ਫੋਟੋ/ਵੀਡੀਓ ਉੱਪਰ ਕੰਪਨੀ ਦਾ ਵਾਟਰਮਾਰਕ ਲਗਾਇਆ ਜਾਵੇ। ਅਜਿਹੇ ਏ.ਆਈ. ਦੀ ਵਰਤੋਂ ਆਮ ਲੋਕਾਂ ਲਈ ਮੁਫ਼ਤ ਨਹੀਂ ਹੋਣੀ ਚਾਹੀਦੀ। ਖ੍ਰੀਦ ਕੇ ਵਰਤਣ ਵਾਲੇ ਵਿਅਕਤੀ ਦਾ ਸਰਕਾਰੀ ਆਈ.ਡੀ. ਪਰੂਫ ਅਨੁਸਾਰ ਪੱਕਾ ਪਤਾ ਕੰਪਨੀ ਕੋਲ ਮੌਜੂਦ ਹੋਵੇ। (4) ਸੋਸ਼ਲ ਮੀਡੀਆ ਕੰਪਨੀਆਂ ਨੂੰ ਆਪੋ-ਆਪਣੇ ਪਲੈਟਫਾਰਮਾਂ ਉੱਪਰ ‘ਆਟੋਮੈਟਿਕ ਡੀਪਫੇਕ ਡਿਟੈਕਸ਼ਨ’, ‘ਆਟੋਮੈਟਿਕ ਕਨਟੈਂਟ ਫਿਲਟਰ ਸਿਸਟਮ’, ‘ਫੇਕ ਨਿਊਜ਼ ਅਲਰਟ ਬਟਨ’, ‘ਐਲਗੋਰਿਦਮ’, ਆਦਿ ਲਾਗੂ ਕਰ ਕੇ ਡੀਪਫੇਕ ਫੋਟੋ/ਵੀਡੀਓ, ਗ਼ਲਤ ਸਮੱਗਰੀ, ਫੇਕ ਅਕਾਊਂਟ, ਭੜਕਾਊ ਸਿਰਲੇਖ-ਥੰਬਨੇਲ ਆਦਿ ਤੇਜ਼ੀ ਨਾਲ ਹਟਾਉਣ ਲਈ ਕਾਨੂੰਨੀ ਤੌਰ ’ਤੇ ਪਾਬੰਦ ਬਣਾਉਣਾ ਜਾਵੇ। (5) ਧਰਮਾਂ ਸਬੰਧੀ ‘ਪ੍ਰਗਟਾਵੇ ਦੀ ਅਜ਼ਾਦੀ’ ਅਤੇ ‘ਪ੍ਰਮਾਣਿਕ ਜਾਣਕਾਰੀ’ ਨੂੰ ਸਮਝਣ ਲਈ ਸੋਸ਼ਲ ਮੀਡੀਆ ਕੰਪਨੀਆਂ ਅਤੇ ਪ੍ਰਮੁੱਖ ਧਾਰਮਿਕ ਸੰਸਥਾਵਾਂ ਦਰਮਿਆਨ ਸਿੱਧਾ ਸੰਪਰਕ ਲਾਜ਼ਮੀ ਕੀਤਾ ਜਾਵੇ। (6) ਹਰੇਕ ਸੋਸ਼ਲ ਮੀਡੀਆ ਅਕਾਊਂਟ ਨੂੰ ਲਾਗਇਨ ਕਰਨ ਸਮੇਂ ਪੋਪਅੱਪ-ਸਰਵੇ ਕਰ ਕੇ ਡਿਜ਼ੀਟਲ ਸਾਵਧਾਨੀਆਂ ਅਤੇ ਨਿਯਮਾਂ ਸਬੰਧੀ ਸਵਾਲ ਪੱੁਛੇ ਜਾਣ।

ਸਾਰੰਸ਼- ਏ.ਆਈ. ਤਕਨੀਕ ਮਨੁੱਖਤਾ ਦੀ ਸੇਵਾ ਵੀ ਕਰ ਸਕਦਾ ਹੈ ਅਤੇ ਘਾਣ ਵੀ ਕਰ ਸਕਦਾ ਹੈ। ਏ.ਆਈ. ਤਕਨੀਕਾਂ ਦੀ ਦੁਰਵਰਤੋਂ ਰੋਕਣ ਲਈ ਸਮੂਹਿਕ ਤੌਰ ’ਤੇ ਆਮ ਲੋਕ, ਧਾਰਮਿਕ ਸੰਸਥਾਵਾਂ, ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਡਿਜ਼ੀਟਲ ਸਿੱਖਿਆ ਅਤੇ ਜਾਗਰੂਕਤਾ ਸਭ ਤੋਂ ਵੱਡਾ ਹਥਿਆਰ ਹੈ। ਸੋਸ਼ਲ ਮੀਡੀਆ ਅਕਾਊਂਟਾਂ ਰਾਹੀਂ ਹੁੰਦੇ ਜ਼ੁਰਮਾਂ ਨੂੰ ਰੋਕਣ ਲਈ ਸਰਕਾਰੀ ਆਈ.ਡੀ. ਪਰੂਫ ਦੀ ਸ਼ਰਤ ਲਾਗੂ ਕਰਨਾ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ ਕਿਉਂਕਿ ਕਾਨੂੰਨ ਦਾ ਡਰ ਹੀ ਸੱਭਿਅਕ ਸਮਾਜ ਦਾ ਆਧਾਰ ਹੁੰਦਾ ਹੈ।

Next Story
ਤਾਜ਼ਾ ਖਬਰਾਂ
Share it