ਬਾਬਾ ਸਿੱਦੀਕੀ ਤੋਂ ਬਾਅਦ ਪੁਣੇ 'ਚ ਇਕ ਹੋਰ ਨੇਤਾ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼
By : BikramjeetSingh Gill
ਮੁੰਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਪੁਣੇ 'ਚ ਇਕ ਹੋਰ ਨੇਤਾ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਮੁੰਬਈ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਪੁਣੇ ਦੇ ਇੱਕ ਨੇਤਾ ਦੇ ਕਤਲ ਦੀ ਯੋਜਨਾ ਬਣਾਈ ਸੀ ਅਤੇ ਇਸ ਕੰਮ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ‘ਪਲਾਨ ਬੀ’ ਵਿੱਚ ਸ਼ਾਮਲ ਸ਼ੂਟਰਾਂ ਨੂੰ ਸੌਂਪੀ ਗਈ ਸੀ।
ਮੁੰਬਈ ਕ੍ਰਾਈਮ ਬ੍ਰਾਂਚ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਣੇ 'ਚ ਇਕ ਨੇਤਾ ਨੂੰ ਨਿਸ਼ਾਨਾ ਬਣਾਉਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਣੇ ਪੁਲਸ ਨਾਲ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਉਹ ਪਿਸਤੌਲ ਬਰਾਮਦ ਕੀਤਾ, ਜੋ ਕਤਲ 'ਚ ਵਰਤੀ ਜਾਣੀ ਸੀ।
ਹਾਲਾਂਕਿ ਪੁਲਿਸ ਨੇ ਪੁਣੇ ਨੇਤਾ ਦਾ ਨਾਮ ਜਨਤਕ ਨਹੀਂ ਕੀਤਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਗੌਰਵ ਵਿਲਾਸ ਅਪੁਨੇ ਨੇ ਇਸ ਸਾਜ਼ਿਸ਼ ਦੇ ਹਿੱਸੇ ਵਜੋਂ ਰੈਕੇਟ ਨੂੰ ਅੰਜਾਮ ਦਿੱਤਾ ਸੀ ਜਾਂ ਨਹੀਂ। ਸ਼ੁੱਕਰਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਬਾਬਾ ਸਿੱਦੀਕੀ ਕਤਲ ਮਾਮਲੇ 'ਚ ਗੌਰਵ ਵਿਲਾਸ ਅਪੁਨੇ ਨੂੰ ਗ੍ਰਿਫਤਾਰ ਕੀਤਾ ਸੀ।
ਪੁੱਛਗਿੱਛ ਦੌਰਾਨ ਗੌਰਵ ਨੇ ਦੱਸਿਆ ਕਿ ‘ਪਲਾਨ ਬੀ’ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਬਣਾਇਆ ਗਿਆ ਸੀ, ਜੋ ‘ਪਲਾਨ ਏ’ ਦੇ ਫੇਲ ਹੋਣ ਦੀ ਸੂਰਤ ਵਿੱਚ ਸੀ। ਅਪੁਨੇ ਨੇ ਦੱਸਿਆ ਕਿ ਉਹ ਝਾਰਖੰਡ ਗਿਆ ਸੀ ਅਤੇ ਦੂਜੇ ਮੁਲਜ਼ਮ ਰੁਪੇਸ਼ ਮੋਹਲ ਨਾਲ ਫਾਇਰਿੰਗ ਦਾ ਅਭਿਆਸ ਕੀਤਾ। ਇਸ ਕਵਾਇਦ ਪਿੱਛੇ ਕਥਿਤ ਮਾਸਟਰਮਾਈਂਡ ਸ਼ੁਭਮ ਲੋਨਕਰ ਦਾ ਹੁਕਮ ਸੀ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਹੁਣ ਝਾਰਖੰਡ ਵਿੱਚ ਉਸ ਜਗ੍ਹਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਇਹ ਗੋਲੀਬਾਰੀ ਕੀਤੀ ਗਈ ਸੀ। ਪੁਣੇ ਦੇ ਨੇਤਾ 'ਤੇ ਹਮਲੇ ਦੀ ਧਮਕੀ ਦੀ ਜਾਂਚ ਅਜੇ ਜਾਰੀ ਹੈ।