32 ਸਾਲ ਬਾਅਦ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ
30 ਜਨਵਰੀ 1993 ਨੂੰ ਤਰਨਤਾਰਨ ਦੇ ਪਿੰਡ ਗਲੀਲੀਪੁਰ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੂੰ ਏਐਸਆਈ ਨੌਰੰਗ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਨੇ ਉਨ੍ਹਾਂ ਦੇ ਘਰੋਂ ਚੁੱਕ ਲਿਆ।

By : Gill
ਮੋਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ 32 ਸਾਲ ਪੁਰਾਣੇ ਤਰਨਤਾਰਨ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਭਾਰੀ ਫੈਸਲਾ ਲਿਆ ਹੈ। ਅਦਾਲਤ ਨੇ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਕਤਲ ਅਤੇ ਹੋਰ ਗੰਭੀਰ ਦੋਸ਼ਾਂ 'ਚ ਦੋਸ਼ੀ ਠਹਿਰਾਇਆ। ਦੋਸ਼ੀ ਕਰਾਰ ਹੋਣ ਵਾਲਿਆਂ ਵਿੱਚ ਤਤਕਾਲੀ ਐਸਐਚਓ ਪੱਟੀ ਸੀਤਾ ਰਾਮ (80) ਅਤੇ ਐਸਐਚਓ ਰਾਜ ਪਾਲ (57) ਸ਼ਾਮਲ ਹਨ।
ਫਰਜ਼ੀ ਮੁਕਾਬਲੇ ਦੀ ਪੂਰੀ ਕਹਾਣੀ
30 ਜਨਵਰੀ 1993 ਨੂੰ ਤਰਨਤਾਰਨ ਦੇ ਪਿੰਡ ਗਲੀਲੀਪੁਰ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੂੰ ਏਐਸਆਈ ਨੌਰੰਗ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਨੇ ਉਨ੍ਹਾਂ ਦੇ ਘਰੋਂ ਚੁੱਕ ਲਿਆ। 5 ਫਰਵਰੀ 1993 ਨੂੰ ਏਐਸਆਈ ਦੀਦਾਰ ਸਿੰਘ ਨੇ ਸੁਖਵੰਤ ਸਿੰਘ ਨੂੰ ਪਿੰਡ ਬਾਮਹਣੀਵਾਲਾ ਤੋਂ ਹਿਰਾਸਤ 'ਚ ਲਿਆ।
6 ਫਰਵਰੀ 1993 ਨੂੰ ਪੱਟੀ ਥਾਣਾ ਖੇਤਰ ਦੇ ਭਾਗੂਪੁਰ ਇਲਾਕੇ 'ਚ ਇਨ੍ਹਾਂ ਦੋਵੇਂ ਨੂੰ ਫਰਜ਼ੀ ਮੁਕਾਬਲੇ 'ਚ ਮਾਰ ਦਿੱਤਾ ਗਿਆ। ਪੁਲਿਸ ਨੇ ਦਾਅਵਾ ਕੀਤਾ ਕਿ ਇਹ ਦੋਵੇਂ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸਨ, ਪਰ ਸੀਬੀਆਈ ਜਾਂਚ 'ਚ ਇਹ ਕਹਾਣੀ ਝੂਠੀ ਸਾਬਤ ਹੋਈ।
ਅਦਾਲਤ ਦਾ ਫੈਸਲਾ ਅਤੇ ਸਜ਼ਾਵਾਂ
ਸੀਤਾ ਰਾਮ ਨੂੰ ਧਾਰਾ 302 (ਕਤਲ), 201 (ਸਬੂਤ ਮਿਟਾਉਣਾ) ਅਤੇ 218 (ਝੂਠਾ ਰਿਕਾਰਡ ਤਿਆਰ ਕਰਨਾ) ਤਹਿਤ ਦੋਸ਼ੀ ਕਰਾਰ ਦਿੱਤਾ ਗਿਆ। ਰਾਜ ਪਾਲ ਨੂੰ ਧਾਰਾ 201 ਅਤੇ 120-ਬੀ (ਸਾਜ਼ਿਸ਼) ਤਹਿਤ ਦੋਸ਼ੀ ਪਾਇਆ ਗਿਆ। ਜਿਸ ਦੀ ਸਜ਼ਾ ਅੱਜ ਸੁਣਾਈ ਜਾਵੇਗੀ। ਦੋਸ਼ੀ ਠਹਿਰਾਏ ਗਏ ਲੋਕਾਂ ਵਿੱਚ ਪੱਟੀ, ਤਰਨਤਾਰਨ ਵਿੱਚ ਤਾਇਨਾਤ ਤਤਕਾਲੀ ਪੁਲਿਸ ਅਧਿਕਾਰੀ ਸੀਤਾ ਰਾਮ (80) ਅਤੇ ਐਸਐਚਓ ਪੱਟੀ ਰਾਜ ਪਾਲ (57) ਸ਼ਾਮਲ ਹਨ
ਪੰਜ ਹੋਰ ਪੁਲਿਸ ਅਧਿਕਾਰੀ ਸ਼ੱਕ ਦਾ ਲਾਭ ਮਿਲਣ ਕਾਰਨ ਬਰੀ ਹੋ ਗਏ।
ਜਾਂਚ ਦੀ ਲੰਬੀ ਲੜਾਈ
1995: ਸੀਬੀਆਈ ਨੇ ਸੁਪਰੀਮ ਕੋਰਟ ਦੇ ਹੁਕਮ 'ਤੇ ਜਾਂਚ ਸ਼ੁਰੂ ਕੀਤੀ।
2000: 11 ਪੁਲਿਸ ਅਧਿਕਾਰੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ।
2001-2021: ਪੰਜਾਬ ਡਿਸਟਰਬਡ ਏਰੀਆਜ਼ ਐਕਟ ਕਾਰਨ ਮੁਕੱਦਮੇ 'ਤੇ ਰੋਕ ਲੱਗੀ ਰਹੀ।
2023: ਘਟਨਾ ਤੋਂ 30 ਸਾਲ ਬਾਅਦ ਪਹਿਲੇ ਸਰਕਾਰੀ ਗਵਾਹ ਦਾ ਬਿਆਨ ਦਰਜ ਹੋਇਆ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਨਿਆਂ ਲਈ 32 ਸਾਲ ਦੀ ਲੰਬੀ ਲੜਾਈ ਲੜੀ। ਉਨ੍ਹਾਂ ਦਾ ਕਹਿਣਾ ਹੈ ਕਿ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ-ਹਰਿਆਣਾ ਹਾਈ ਕੋਰਟ 'ਚ ਅਪੀਲ ਕਰਣਗੇ।
ਇਹ ਮਾਮਲਾ ਪੁਲਿਸ ਵਲੋਂ ਅਤਿਅਚਾਰ ਅਤੇ ਭ੍ਰਿਸ਼ਟਾਚਾਰ ਦਾ ਭਿਆਨਕ ਚਿਹਰਾ ਸਾਹਮਣੇ ਲਿਆਉਂਦਾ ਹੈ, ਜਿਸ ਨੇ ਦੋ ਨੌਜਵਾਨਾਂ ਦੀ ਜ਼ਿੰਦਗੀ ਖੋਹ ਲਈ।


