ਆਪ ਨੇ ਤੋੜਿਆ ਅਕਾਲੀ ਦਲ ਦਾ 40 ਸਾਲਾਂ ਦਾ ਰਿਕਾਰਡ, ਬਲਾਕ ਸੰਮਤੀ ਕੋਟਲਾ ਗੁੱਜ਼ਰਾਂ ’ਚ ਕੀਤੀ ਜਿੱਤ ਦਰਜ
ਹਲਕਾ ਮਜੀਠਾ ਵਿੱਚ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵੱਡੀ ਸਿਆਸੀ ਕਾਮਯਾਬੀ ਹਾਸਲ ਕਰਦਿਆਂ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਇਲਾਕੇ ਨੂੰ ਫਤਹ ਕਰ ਲਿਆ। ਕੋਟਲਾ ਗੁਜਰਾਂ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਦਵਿੰਦਰ ਸਿੰਘ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਨਤੀਜੇ ਆਉਣ ਤੋਂ ਬਾਅਦ ਯਾਦਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਢੋਲ-ਨਗਾੜਿਆਂ ਨਾਲ ਜਸ਼ਨ ਮਨਾਇਆ ਗਿਆ।

By : Gurpiar Thind
ਮਜੀਠਾ : ਹਲਕਾ ਮਜੀਠਾ ਵਿੱਚ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵੱਡੀ ਸਿਆਸੀ ਕਾਮਯਾਬੀ ਹਾਸਲ ਕਰਦਿਆਂ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਇਲਾਕੇ ਨੂੰ ਫਤਹ ਕਰ ਲਿਆ। ਕੋਟਲਾ ਗੁਜਰਾਂ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਦਵਿੰਦਰ ਸਿੰਘ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਨਤੀਜੇ ਆਉਣ ਤੋਂ ਬਾਅਦ ਯਾਦਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਢੋਲ-ਨਗਾੜਿਆਂ ਨਾਲ ਜਸ਼ਨ ਮਨਾਇਆ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਹ ਜਿੱਤ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਪੰਜਾਂ ਪਿੰਡਾਂ ਦੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਦੱਸਿਆ ਕਿ ਕੋਟਲਾ ਗੁਜਰਾਂ ਜੋਨ ਵਿੱਚ ਭੰਧੇਰ ਕਲਾਂ, ਭਨੇਰਪੁਰ, ਜੋਹਰ, ਮਾਧੂਪੁਰਾ ਅਤੇ ਕੋਟਲਾ ਗੁਜਰਾਂ ਪਿੰਡ ਸ਼ਾਮਲ ਹਨ। ਇਨ੍ਹਾਂ ਸਾਰੇ ਪਿੰਡਾਂ ਦੇ ਲੋਕਾਂ ਨੇ ਦਿਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ “ਅਸੀਂ ਇਹ ਚੋਣ ਦਿਲੋਂ ਲੜੀ ਸੀ ਅਤੇ ਜਦੋਂ ਨੀਅਤ ਸਾਫ਼ ਹੋਵੇ ਤਾਂ ਸੱਚੇ ਪਾਤਸ਼ਾਹ ਵੀ ਕੰਮ ਸਿਰੇ ਚੜ੍ਹਾਉਂਦੇ ਹਨ।”
ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਕਾਬਲਾ ਬਹੁਤ ਨਜ਼ਦੀਕੀ ਰਿਹਾ ਅਤੇ ਉਨ੍ਹਾਂ ਨੂੰ 47 ਵੋਟਾਂ ਦੇ ਫਰਕ ਨਾਲ ਜਿੱਤ ਮਿਲੀ। ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਰਹੇ। ਉਨ੍ਹਾਂ ਕਿਹਾ ਕਿ ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਲੋਕ ਹੁਣ ਪੁਰਾਣੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ ਅਤੇ ਬਦਲਾਅ ਚਾਹੁੰਦੇ ਹਨ।
ਜੇਤੂ ਉਮੀਦਵਾਰ ਨੇ ਕਿਹਾ ਕਿ ਅਕਾਲੀ ਦਲ ਲੰਬੇ ਸਮੇਂ ਤੋਂ ਇਸ ਇਲਾਕੇ ਵਿੱਚ ਦਬਦਬਾ ਬਣਾਈ ਬੈਠਾ ਸੀ, ਪਰ ਕਰੀਬ 40 ਸਾਲਾਂ ਬਾਅਦ ਆਮ ਆਦਮੀ ਪਾਰਟੀ ਨੇ ਇੱਥੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਉਨ੍ਹਾਂ ਇਸ ਜਿੱਤ ਦਾ ਸ੍ਰੇਯ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਨੂੰ ਦਿੱਤਾ।
ਯਾਦਵਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਪਿੰਡਾਂ ਦੇ ਬਾਕੀ ਰਹਿ ਗਏ ਵਿਕਾਸ ਕੰਮ, ਜਿਵੇਂ ਕਿ ਖੇਡ ਮੈਦਾਨ, ਸੜਕਾਂ ਅਤੇ ਬੁਨਿਆਦੀ ਸਹੂਲਤਾਂ, ਸਰਕਾਰ ਨਾਲ ਮਿਲ ਕੇ ਜਲਦ ਪੂਰੇ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਹ ਜਿੱਤ ਉਨ੍ਹਾਂ ਲਈ ਜ਼ਿੰਮੇਵਾਰੀ ਹੈ ਅਤੇ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਲਈ ਪੂਰੀ ਮਿਹਨਤ ਕਰਨਗੇ।


