ਪੰਜਾਬੀ ਯੂਨੀਵਰਸਿਟੀ ਵਿਖੇ ਹਿਮਾਲਿਆ ਪਰਬਤ ਵਿੱਚ ਰਹਿਣ ਵਾਲ਼ੀਆਂ ਕੀੜੀਆਂ ਬਾਰੇ ਹੋਇਆ ਅਧਿਐਨ
ਇਹ ਖੋਜ ਕਾਰਜ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਤੋਂ ਪ੍ਰੋ. ਹਿਮੇਂਦਰ ਭਾਰਤੀ ਦੀ ਨਿਗਰਾਨੀ ਹੇਠ ਖੋਜਾਰਥੀ ਡਾ. ਜਸਪ੍ਰੀਤ ਕੌਰ ਵੱਲੋਂ ਕੀਤਾ ਗਿਆ। ਜ਼ਿਕਰਯੋਗ

By : Gill
ਪੰਜਾਬੀ ਯੂਨੀਵਰਸਿਟੀ ਵਿਖੇ ਹਿਮਾਲਿਆ ਪਰਬਤ ਵਿੱਚ ਰਹਿਣ ਵਾਲ਼ੀਆਂ ਕੀੜੀਆਂ ਬਾਰੇ ਹੋਇਆ ਅਧਿਐਨ
-ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਏ ਖੋਜ ਨਤੀਜੇ
-ਯੂਨੀਵਰਸਿਟੀ ਵਿੱਚ ਅਜਿਹੇ ਖੋਜ ਕਾਰਜਾਂ ਨੂੰ ਹੋਰ ਪ੍ਰਫੁੱਲਤ ਕੀਤੇ ਜਾਣ ਵਾਲ਼ੇ ਬਿਹਤਰ ਅਕਾਦਮਿਕ ਮਾਹੌਲ ਲਈ ਕੀਤੇ ਜਾਣਗੇ ਯਤਨ : ਡਾ. ਜਗਦੀਪ ਸਿੰਘ
ਪਟਿਆਲਾ, 25 ਮਈ
ਪੰਜਾਬੀ ਯੂਨੀਵਰਸਿਟੀ ਦੇ ਇੱਕ ਤਾਜ਼ਾ ਅਧਿਐਨ ਰਾਹੀਂ ਹਿਮਾਲਿਆ ਪਰਬਤ ਉੱਤੇ ਰਹਿਣ ਵਾਲੀਆਂ ਕੀੜੀਆਂ ਦੀਆਂ ਪ੍ਰਜਾਤੀਆਂ ਅਤੇ ਉਨ੍ਹਾਂ ਦੀਆਂ ਵਿਲੱਖਣਤਾਵਾਂ ਬਾਰੇ ਪਤਾ ਲਗਾਇਆ ਗਿਆ ਹੈ।
ਇਹ ਖੋਜ ਕਾਰਜ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਤੋਂ ਪ੍ਰੋ. ਹਿਮੇਂਦਰ ਭਾਰਤੀ ਦੀ ਨਿਗਰਾਨੀ ਹੇਠ ਖੋਜਾਰਥੀ ਡਾ. ਜਸਪ੍ਰੀਤ ਕੌਰ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਖੋਜ ਕਾਰਜ ਦੇ ਨਤੀਜੇ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਸਿੱਧ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਵਿਗਾਸਵਾਦੀ ਜੀਵ ਵਿਗਿਆਨ ਵਿੱਚ ਇਹ ਅਪਣੀ ਤਰ੍ਹਾਂ ਦਾ ਪਹਿਲਾ ਉਪਰਾਲਾ ਹੈ।
ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਅਧਿਐਨ ਤਹਿਤ ਇਨ੍ਹਾਂ ਕੀੜੀਆਂ ਬਾਰੇ ਵੱਖ-ਵੱਖ ਤਰ੍ਹਾਂ ਦੇ ਨਵੇਂ ਤੱਥ ਅਤੇ ਅੰਕੜੇ ਜੁਟਾਏ ਜਾਣਾ ਅਤੇ ਉਨ੍ਹਾਂ ਤੱਥਾਂ ਅਤੇ ਅੰਕੜਿਆਂ ਦਾ ਬਰੀਕੀ ਨਾਲ਼ ਅਧਿਐਨ ਕੀਤੇ ਜਾਣਾ ਸੰਭਵ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੀੜੀਆਂ ਬਹੁਤ ਜ਼ਿਆਦਾ ਠੰਢ ਵਾਲ਼ੀਆਂ ਸਥਿਤੀਆਂ ਦੇ ਅਨੁਕੂਲ ਹਨ ਅਤੇ ਜ਼ੀਰੋ ਤੋਂ ਹੇਠਾਂ ਤਾਪਮਾਨ ਵਿੱਚ ਵੀ ਜੀਵਿਤ ਰਹਿੰਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਕੀੜੀਆਂ ਨੇ ਲਗਭਗ 50-60 ਮਿਲੀਅਨ ਵਰ੍ਹੇ ਪਹਿਲਾਂ ਹਿਮਾਲਿਆ ਦੇ ਗਠਨ ਦੌਰਾਨ ਹਿਮਾਲਿਆ ਖੇਤਰਾਂ ਵਿੱਚ ਆਪਣੀ ਪ੍ਰਜਾਤੀ ਦੀ ਅਜਿਹੀ ਵਿਲੱਖਣਤਾ ਹਾਸਿਲ ਕੀਤੀ ਜਿਸ ਨਾਲ਼ ਇਹ ਵੱਡੇ ਪੱਧਰ 'ਤੇ ਇਸ ਖੇਤਰ ਵਿੱਚ ਰਹਿਣ ਵਾਲ਼ੇ ਸਥਾਨਕ ਗੁਣ ਪ੍ਰਾਪਤ ਕਰ ਸਕੀ। ਉਨ੍ਹਾਂ ਦੱਸਿਆ ਕਿ ਅਧਿਐਨ ਰਾਹੀਂ ਸਾਹਮਣੇ ਆਇਆ ਹੈ ਕਿ ਅਜਿਹੇ ਸਖ਼ਤ ਵਾਤਾਵਰਣ ਵਿੱਚ ਜੀਵਿਤ ਰਹਿਣ ਲਈ ਇਹ ਕੀੜੀਆਂ ਨਿਰੰਤਰ ਵਿਗਸਦੀਆਂ ਰਹੀਆਂ ਹਨ ਜਿਸ ਤਹਿਤ ਇਨ੍ਹਾਂ ਨੇ ਆਪਣੇ ਸਰੀਰ ਵਿੱਚ ਕੁਝ ਨਵੀਆਂ ਵਿਗਾਸਵਾਦੀ ਵਿਸ਼ੇਸ਼ਤਾਵਾਂ ਵਿਕਸਿਤ ਕੀਤੀਆਂ ਹਨ।
ਪ੍ਰੋ. ਹਿਮੇਂਦਰ ਭਾਰਤੀ ਨੇ ਦੱਸਿਆ ਕਿ ਹਿਮਾਲਿਆ ਤੋਂ ਇਸ ਤਰ੍ਹਾਂ ਦੀਆ 15 ਪ੍ਰਜਾਤੀਆਂ ਦੀ ਜਨਮ ਪ੍ਰਕਿਰਿਆ ਵਿਚਲੇ ਅਪ੍ਰਪੱਕ ਪੜਾਵਾਂ ਦੇ ਵਿਗਾਸਵਾਦੀ ਰਹੱਸਾਂ ਨੂੰ ਸੂਖਮ ਤਰੀਕੇ ਨਾਲ਼ ਸਕੈਨਿੰਗ ਇਲੈਕਟ੍ਰੋਨ ਮਾਈਕ੍ਰੋਸਕੋਪੀ ਰਾਹੀਂ ਘੋਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਦੇ ਅਧਾਰ 'ਤੇ ਇਨ੍ਹਾਂ ਪ੍ਰਜਾਤੀਆਂ ਦੇ ਵਿਗਾਸਵਾਦੀ ਸੰਬੰਧਾਂ ਨੂੰ ਵੀ ਸਮਝਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖੋਜ ਦੇ ਨਤੀਜੇ ਪੂਰੀ ਤਰ੍ਹਾਂ ਖੇਤਰੀ ਜੀਵ ਵਿਗਿਆਨ (ਫੀਲਡ ਬਾਈਓਲੋਜੀ) ਅਤੇ ਕੁਦਰਤੀ ਇਤਿਹਾਸ (ਨੈਚੁਰਲ ਹਿਸਟਰੀ) ਉੱਤੇ ਅਧਾਰਤ ਹਨ, ਜੋ ਕਿ ਅੱਜ ਕੱਲ੍ਹ ਇੱਕ ਦੁਰਲੱਭ ਅਨੁਸ਼ਾਸਨ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੀੜੀਆਂ ਦੀ ਪੈਦਾਇਸ਼ ਨਾਲ਼ ਜੁੜਿਆ ਲਾਰਵਾ ਪੱਧਰ , ਜੋ ਕਿ ਇਸ ਖੇਤਰ ਦੀਆਂ ਸਖ਼ਤ ਹਾਲਤਾਂ ਵਿੱਚੋਂ ਲੰਘਦਾ ਅਤੇ ਬਹੁਤ ਭਿਆਨਕ ਸਰਦੀਆਂ ਨੂੰ ਝਲਦਾ ਹੈ, ਵਿੱਚ ਕਮਾਲ ਦੀਆਂ ਵਾਤਾਵਰਣਕ ਵਿਲੱਖਣਤਾਵਾਂ ਵੇਖਣ ਨੂੰ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਖੇਤਰ ਵਿੱਚ ਅਨੁਕੂਲ ਹੋਣ ਨਾਲ਼ ਜੁੜੀਆਂ ਅਜਿਹੀਆਂ ਵਿਲੱਖਣਤਾਵਾਂ ਅਤੇ ਉਨ੍ਹਾਂ ਦੇ ਇਸ ਪੱਧਰ ਤੱਕ ਵਿਗਸਣ ਦੇ ਸਫ਼ਰ ਨੂੰ ਸਮਝਣਾ ਇਸ ਅਧਿਐਨ ਦਾ ਮੁੱਖ ਮਨੋਰਥ ਸੀ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਨਾਲ਼ ਨਾਲ਼ ਵਿਗਿਆਨ ਅਤੇ ਤਕਨਾਲੌਜੀ ਜਿਹੇ ਖੇਤਰਾਂ ਵਿੱਚ ਹੋ ਰਹੇ ਇਸ ਪੱਧਰ ਦੇ ਅਧਿਐਨ ਇਸ ਗੱਲ ਦਾ ਪ੍ਰਮਾਣ ਹਨ ਕਿ ਯੂਨੀਵਰਸਿਟੀ ਵਿਸ਼ਵ ਪੱਧਰ ਦੇ ਗਿਆਨ ਰੁਝਾਨਾਂ ਨਾਲ਼ ਬਰ ਮੇਚ ਕੇ ਤੁਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖੋਜ ਕਾਰਜਾਂ ਨੂੰ ਹੋਰ ਪ੍ਰਫੁੱਲਤ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਯੂਨੀਵਰਸਿਟੀ ਵਿੱਚ ਅਜਿਹੇ ਅਕਾਦਮਿਕ ਮਾਹੌਲ ਦੀ ਉਸਾਰੀ ਹੋਵੇ ਜਿੱਥੇ ਅਜਿਹੇ ਹੋਰ ਬਹੁਤ ਸਾਰੇ ਖੋਜ ਕਾਰਜ ਸੰਭਵ ਹੋ ਸਕਣ।


