ਅਮਰੀਕਾ ਦੇ ਇਕ ਸਕੂਲ ਵਿਚ ਵਿਦਿਆਰਥੀ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ ਵਿਦਿਆਰਥਣ ਦੀ ਮੌਤ ਤੇ 2 ਹੋਰ ਜਖਮੀ
* ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਕੀਤੀ ਖੁਦਕੁੱਸ਼ੀ
By : Sandeep Kaur
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਟੇਨੇਸੀ ਰਾਜ ਦੇ ਸ਼ਹਿਰ ਨੈਸ਼ਵਿਲੇ ਦੇ ਇਕ ਸਕੂਲ ਵਿਚ ਇਕ 17 ਸਾਲਾ ਵਿਦਿਆਰਥੀ ਵੱਲੋਂ ਕੀਤੀ ਗੋਲੀਬਾਰੀ ਵਿੱਚ ਇਕ ਵਿਦਿਆਰਥਣ ਦੀ ਮੌਤ ਹੋਣ ਤੇ 2 ਹੋਰ ਵਿਦਿਆਰਥੀਆਂ ਦੇ ਜਖਮੀ ਹੋ ਜਾਣ ਦੀ ਖਬਰ ਹੈ। ਮੈਟਰੋ ਨੈਸ਼ਵਿਲੇ ਪੁਲਿਸ ਦੇ ਬੁਲਾਰੇ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਘਟਨਾ ਸਵੇਰੇ 11.09 ਵਜੇ ਐਨਟੀਓਕ ਹਾਈ ਸਕੂਲ ਵਿਚ ਵਾਪਰੀ। ਵਿਦਿਆਰਥੀ ਜਿਸ ਦੀ ਪਛਾਣ ਸੋਲੋਮੋਨ ਹੈਂਡਰਸਨ ਵਜੋਂ ਹੋਈ ਹੈ, ਨੇ ਪਿਸਤੌਲ ਵਿਚੋਂ ਕਈ ਗੋਲੀਆਂ ਚਲਾਈਆਂ। ਪੁਲਿਸ ਅਨੁਸਾਰ ਸੋਲੋਮੋਨ ਨੇ ਆਪਣੀ ਸਾਥੀ ਵਿਦਿਆਰਥੀਆਂ ਉਪਰ ਗੋਲੀਆਂ ਚਲਾਉਣ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ ਤੇ ਉਹ ਮੌਕੇ ਉਪਰ ਹੀ ਦਮ ਤੋੜ ਗਿਆ। ਜਖਮੀ ਹੋਏ ਵਿਦਿਆਰਥੀ ਦੇ ਬਾਂਹ 'ਤੇ ਗੋਲੀ ਵੱਜੀ ਹੈ ਤੇ ਉਸ ਦੀ ਹਾਲਤ ਸਥਿੱਰ ਹੈ। ਪੁਲਿਸ ਅਨੁਸਾਰ ਇਸ ਘਟਨਾ ਵਿਚ ਇਕ ਤੀਸਰਾ ਵਿਦਿਆਰਥੀ ਵੀ ਜ਼ਖਮੀ ਹੋਇਆ ਹੈ ਪਰੰਤੂ ਉਹ ਗੋਲੀ ਵੱਜਣ ਨਾਲ ਜਖਮੀ ਨਹੀਂ ਹੋਇਆ। ਪੁਲਿਸ ਨੇ ਮ੍ਰਿਤਕ ਵਿਦਿਆਰਥਣ ਤੇ ਜਖਮੀ ਵਿਦਿਆਰਥੀਆਂ ਦੇ ਨਾਂ ਜਾਰੀ ਨਹੀਂ ਕੀਤੇ ਹਨ। ਸਕੂਲ ਨੂੰ ਇਸ ਹਫਤੇ ਦੇ ਬਾਕੀ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਨਵੇਂ ਸਾਲ 2025 ਵਿਚ ਕਿਸੇ ਸਕੂਲ ਵਿੱਚ ਹੋਈ ਗੋਲੀਬਾਰੀ ਦੀ ਇਹ ਪਹਿਲੀ ਘਟਨਾ ਹੈ। ਪਿਛਲੇ ਸਾਲ ਅਮਰੀਕਾ ਦੇ ਸਕੂਲਾਂ ਵਿਚ ਗੋਲੀਬਾਰੀ ਦੀਆਂ 83 ਘਟਨਾਵਾਂ ਵਾਪਰੀਆਂ ਸਨ।