ਡਿਕਸੀ ਗੁਰੂ ਘਰ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਹਰ ਸਾਲ ਕੀਤੀ ਜਾਂਦੀ ਨਿਸ਼ਾਨ ਸਾਹਿਬ ਦੀ ਸੇਵਾ 'ਚ ਸੰਗਤਾਂ ਦਾ ਭਾਰੀ ਇਕੱਠ
ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਕੀਤਾ ਜਾਪ

By : Sandeep Kaur
ਵਿਸਾਖੀ ਸਿੱਖਾਂ ਲਈ ਬਸੰਤ ਦੀ ਫਸਲ ਦਾ ਤਿਉਹਾਰ ਹੈ। ਇਹ ਆਮ ਤੌਰ 'ਤੇ ਹਰ ਸਾਲ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ। 1699 ਈਸਵੀ 'ਚ ਸਿੱਖ ਧਰਮ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ। ਵਿਸਾਖੀ ਇੱਕ ਪ੍ਰਮੁੱਖ ਸਿੱਖ ਤਿਉਹਾਰ ਵਜੋਂ ਖਾਲਸੇ ਦੇ ਹੁਕਮ ਦੇ ਜਨਮ ਨੂੰ ਦਰਸਾਉਂਦੀ ਹੈ। ਖਾਲਸਾ ਸਾਜਨਾ ਦਿਵਸ ਦੇ ਖਾਸ ਮੌਕੇ 'ਤੇ ਓਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਨਿਭਾਈ ਗਈ, ਜਿੱਥੇ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ।
ਜ਼ਿਕਰਯੋਗ ਹੈ ਕਿ ਹਰ ਸਾਲ ਖਾਲਸਾ ਸਾਜਨਾ ਦਿਵਸ ਮੌਕੇ ਨਿਸ਼ਾਨ ਸਾਹਿਬ ਦੀ ਸੇਵਾ ਨਿਭਾਈ ਜਾਂਦੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਗਈ ਅਤੇ ਪ੍ਰਧਾਨ ਹਰਪਾਲ ਸਿੰਘ ਨੇ ਨਿਸ਼ਾਨ ਸਾਹਿਬ ਦੀ ਕੀਤੀ ਜਾਂਦੀ ਸੇਵਾ ਦੀ ਮਰਿਯਾਦਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨਿਸ਼ਾਨ ਸਾਹਿਬ ਅਕਸਰ ਸਿੱਖਾਂ ਦੇ ਸਤਿਕਾਰ ਦਾ ਹੁਕਮ ਦਿੰਦਾ ਹੈ ਕਿਉਂਕਿ ਇਹ ਗੁਰਦੁਆਰੇ ਦਾ ਚਿੰਨ੍ਹ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਗੁਰੂ ਘਰ 'ਚ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਜਿਸ ਕਾਰਨ ਉਸ ਦਿਨ ਇਹ ਸੇਵਾ ਨਿਭਾਉਣੀ ਮੁਸ਼ਕਿਲ ਹੋ ਜਾਂਦੀ ਹੈ, ਇਸੀ ਕਾਰਨ ਹੀ ਹਰ ਸਾਲ ਇੱਕ ਹਫਤਾ ਪਹਿਲਾਂ ਇਹ ਸੇਵਾ ਨਿਭਾ ਲਈ ਜਾਂਦੀ ਹੈ।
ਓਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਵੀ ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੰਗਤ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਦੱਸਿਆ ਕਿ ਉਨ੍ਹਾਂ ਨੂੰ ਇਸ ਸੇਵਾ 'ਚ ਸ਼ਾਮਲ ਹੋ ਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਕਾਫੀ ਸਾਰੀਆਂ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੀਆਂ ਸਨ ਅਤੇ ਜਦੋਂ ਉਨ੍ਹਾਂ ਦੇਖਿਆ ਕਿ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਹੈ ਤਾਂ ਉਹ ਵੀ ਸੇਵਾ 'ਚ ਸ਼ਾਮਲ ਹੋਣ ਲਈ ਰੁੱਕ ਗਏ। ਕੁੱਝ ਸੰਗਤਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸੀ ਗੁਰੂ ਘਰ 'ਚ ਨਤਮਸਤਕ ਹੋਣ ਲਈ ਪਹੁੰਚਦੇ ਹਨ ਕਿਉਂਕਿ ਉਹ ਇਸ ਗੁਰੂ ਘਰ ਪਹੁੰਚ ਕੇ ਬਹੁਤ ਹੀ ਸ਼ਾਂਤੀ ਮਹਿਸੂਸ ਕਰਦੇ ਹਨ। ਸੰਗਤਾਂ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀ ਵੀ ਕਾਫੀ ਸ਼ਲਾਘਾ ਕੀਤੀ।


