ਬਰੈਂਪਟਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਤੇ ਸਮੂੰਹ ਸਿੱਖਾਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ' ਸਜਾਇਆ ਗਿਆ

(ਹਰਪ੍ਰੀਤ ਸਿੰਘ ਗਿੱਲ ਝੋਰੜਾਂ )- ਬਰੈਂਪਟਨ ਦੇ ਗੁਰੂਦੁਆਰਾ 'ਗੁਰੂ ਨਾਨਕ ਮਿਸ਼ਨ ਸੈਂਟਰ' ਅਤੇ ਗੁਰੂਦੁਆਰਾ ਜੋਤ ਪ੍ਰਕਾਸ਼ ਸਾਹਿਬ' ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਸਮੂੰਹ ਸਿੱਖਾਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਬਾਅਦ ਦੁਪਿਹਰ 12 ਵਜੇ ਦੇ ਕਰੀਬ ਗੁਰੂਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਅਰਦਾਸ ਕਰਨ ਉਪਰੰਤ ਜੈਕਾਰਿਆ ਦੀ ਗੂੰਜ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਨਿਰਧਾਰਤ ਰੂਟ ਰਾਹੀਂ ਰਵਾਨਾ ਹੋਇਆ। ਜੋ ਦੇਰ ਸ਼ਾਮ 6 ਵਜੇ ਦੇ ਕਰੀਬ ਗੁਰੂਦੁਆਰਾ ਜੋਤ ਪ੍ਰਕਾਸ਼ ਵਿਖੇ ਪਹੁੰਚਿਆ। ਜਿੱਥੇ ਸੰਗਤਾਂ ਦਾ ਵਿਸ਼ਾਲ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲਿਆ ਉੱਥੇ ਹੀ ਸੰਗਤਾਂ ਵਿੱਚ ਵੀ ਗੁਰੂ ਪ੍ਰਤੀ ਸ਼ਰਧਾ ਅਤੇ ਉਤਸ਼ਾਹ ਵੇਖਣ ਵਾਲਾ ਸੀ। ਜਿੱਥੇ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਥਾਂ-ਥਾਂ ਵੱਖ-ਵੱਖ ਪਦਾਰਥਾ ਦੇ ਲੰਗਰ ਅਤੇ ਠੰਡੇ-ਮਿੱਠੇ ਜਲ ਦੀਆਂ ਸ਼ਬੀਲਾਂ ਅਤੇ ਗੁਰੂ ਕੇ ਲੰਗਰਾਂ ਦਾ ਵੀ ਪੂਰਾ ਪ੍ਰਬੰਧ ਵੇਖਣ ਨੂੰ ਮਿਲਿਆ ਅਤੇ ਨੌਜਵਾਨਾਂ ਵੱਲੋਂ ਟਰਾਲੀਆਂ ਰਾਹੀਂ ਕੂੜਾ ਆਦਿ ਚੁੱਕ ਕੇ ਸਾਫ - ਸਫਾਈ ਦਾ ਵੀ ਨਾਲੋ-ਨਾਲ ਪੂਰਾ ਧਿਆਨ ਰੱਖਿਆ ਜਾ ਰਿਹਾ ਸੀ। ਜਿਸਦੀਂ ਵੀ ਹਰ ਪਾਸੇ ਸ਼ਲਾਘਾ ਵੇਖਣ ਨੂੰ ਮਿਲੀ। ਨਗਰ ਕੀਰਤਨ ਦੌਰਾਨ ਜਿੱਥੇ ਗੱਤਕੇ
ਦੀਆਂ ਟੀਮਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਜਾ ਰਹੇ ਸਨ। ਉੱਥੇ ਹੀ ਇਸ ਮੌਕੇ ਕਾਰਾਂ ਜੀਪਾਂ ਅਤੇ ਸਾਇਕਲਾਂ ਤੇ' ਸਵਾਰ ਪੁਲੀਸ ਦੇ ਜਵਾਨ ਵੀ ਲੋਕਾਂ ਦੀ ਸੁਰੱਖਿਆ ਲਈ ਪੂਰੀ ਮੁਸ਼ਤੈਦੀ ਨਾਲ ਡਿਊਟੀ ਨਿਭਾ ਰਹੇ ਸਨ। ਨਗਰ ਕੀਰਤਨ ਦੌਰਾਨ ਰਾਗੀ ਜਥਿਆਂ ਵੱਲੋਂ 'ਜਿੱਥੇ ਰਸ ਭਿੰਨਾਂ ਕੀਰਤਨ ਕਰਦਿਆਂ ਹਾਜ਼ਰੀ ਲੁਆਈ ਗਈ ਉੱਥੇ ਹੀ ਢਾਡੀ ਜਥਿਆਂ ਵੱਲੋਂ ਜ਼ੋਸ਼ੀਲੀਆਂ ਵਾਰਾਂ ਰਾਹੀ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਵੀ ਜਾਣੁ ਕਰਵਾਇਆ ਜਾ ਰਿਹਾ ਸੀ। ਅੰਤ ਵਿੱਚ ਦੋਨਾ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆ ਵੱਲੋ ਇਸ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ ਪੁੱਜਿਆ ਵੱਡੀ ਗਿਣਤੀ ਵਿੱਚ ਸਮੁੱਚੀਆ ਸਿੱਖ ਸੰਗਤਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ।