75 ਪਾਰ-ਮੋਦੀ ਸਰਕਾਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੀ 17 ਸਤੰਬਰ, 2025 ਨੂੰ 75 ਸਾਲ ਪਾਰ ਹੋਣ ਦੇ ਬਾਵਜੂਦ ਭਾਰਤ ਦੇਸ਼ ਦੀ ਐੱਨ.ਡੀ.ਏ. ਸਰਕਾਰ ਦੇ ਮੁੱਖੀ ਵਜੋਂ ਅਗਵਾਈ ਕਰਦੇ ਰਹਿਣਗੇ।

By : Gill
75 ਪਾਰ-ਮੋਦੀ ਸਰਕਾਰ
-ਦਰਬਾਰਾ ਸਿੰਘ ਕਾਹਲੋਂ
ਅਕਸਰ ਮੰਨਿਆ ਜਾਂਦਾ ਹੈ ਕਿ ਸੰਘ ਪਰਿਵਾਰ ਦਾ ਸਦਾਚਾਰ, ਸਿਧਾਂਤ ਅਤੇ ਅਮਲ ਇਸ ਹਕੀਕਤ ਦਾ ਪ੍ਰਮਾਣ ਹਨ ਕਿ ਉਹ ਆਪਣੇ ਫੈਸਲਿਆਂ, ਸੰਕਲਪਾਂ ਅਤੇ ਸਿਧਾਂਤਾਂ ਪ੍ਰਤੀ ਕਿੰਨੇ ਪ੍ਰਤੀਬੱਧ ਅਤੇ ਵਚਨਬੱਧ ਹਨ।
ਪਰ ਜਦੋਂ ਆਰ.ਐੱਸ.ਐੱਸ. ਸੁਪਰੀਮੋ ਸ਼੍ਰੀ ਮੋਹਨ ਭਾਗਵਤ 13 ਸਤੰਬਰ, 2025 ਨੂੰ 75 ਸਾਲ ਪੂਰੇ ਕਰਨ ਦੇ ਬਾਵਜੂਦ ਇਸ ਮਹਾਨ ਸੰਸਥਾ ਦੇ ਮੁੱਖੀ ਬਣੇ ਰਹੇ ਤਾਂ ਸਪਸ਼ਟ ਹੋ ਗਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੀ 17 ਸਤੰਬਰ, 2025 ਨੂੰ 75 ਸਾਲ ਪਾਰ ਹੋਣ ਦੇ ਬਾਵਜੂਦ ਭਾਰਤ ਦੇਸ਼ ਦੀ ਐੱਨ.ਡੀ.ਏ. ਸਰਕਾਰ ਦੇ ਮੁੱਖੀ ਵਜੋਂ ਅਗਵਾਈ ਕਰਦੇ ਰਹਿਣਗੇ।
ਦੁਸ਼ ਪ੍ਰਚਾਰ : ਪਿੱਛਲੇ ਕੁੱਝ ਸਮੇਂ ਤੋਂ ਭਾਰਤ ਅੰਦਰ ਵਿਰੋਧੀ ਧਿਰ ਇੱਕ ਯੋਜਨਾਬੱਧ, ਪ੍ਰਭਾਵਸ਼ਾਲੀ ਅਤੇ ਤਰਕਸ਼ੀਲ ਢੰਗ ਨਾਲ ਰਾਸ਼ਟਰੀ, ਲੋਕਤੰਤਰੀ ਅਤੇ ਸੰਸਥਾਤਮਿਕ ਪੱਧਰ ’ਤੇ ਪ੍ਰਚਾਰ ਅਭਿਯਾਨ ਚਲਾ ਰਹੀ ਸੀ ਕਿ ਸ਼੍ਰੀ ਨਰੇਂਦਰ ਮੋਦੀ ਨੂੰ ਸੰਨ 2013 ਵਿਚ ਪ੍ਰੋਢ ਭਾਜਪਾ ਆਗੂਆਂ ਜਿਵੇਂ ਸ਼੍ਰੀ ਲਾਲ ਕਿਰਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਜਸਵੰਤ ਸਿੰਘ ਆਦਿ ਨੂੰ ਲਾਂਭੇ ਕਰਕੇ ਜੋ 75 ਸਾਲ ਦੀ ਉਮਰ ਪਾਰ ਕਰ ਚੁੱਕੇ ਸਨ, ਨਵੀਂ ਪੀੜ੍ਹੀ ਦੀ ਅਗਵਾਈ ਕਰਨ ਲਈ ਅੱਗੇ ਲਿਆਂਦਾ ਗਿਆ ਸੀ। ਇਹ ਵੀ ਪ੍ਰਚਾਰਿਆ ਗਿਆ ਕਿ ਸ਼੍ਰੀ ਅੱਡਵਾਨੀ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਬਣਾ ਦਿਤਾ ਜਾਵੇ ਪਰ ਉਨ੍ਹਾਂ ਨੂੰ ਇਸ ਕਰਕੇ ਨਹੀਂ ਬਣਾਇਆ ਗਿਆ ਤਾਂ ਕਿ ਉਹ ਸ਼੍ਰੀ ਮੋਦੀ ਲਈ ਸੰਵਿਧਾਨਿਕ ਅੜਿੱਕੇ ਜਾਂ ਸਮੱਸਿਆਵਾਂ ਪੈਦਾ ਕਰਕੇ ਉਨ੍ਹਾਂ ਅੱਗੇ ਰਾਜਨੀਤਕ ਮੁਸੀਬਤਾਂ ਪੈਦਾ ਨਾ ਕਰਨ।
75 ਸਾਲ ਦੀ ਉਮਰ ਬਾਅਦ ਸੰਘ ਪਰਿਵਾਰ ਅੰਦਰ ਰਾਜਨੀਤਕ ਨੇਤਾਵਾਂ ਨੂੰ ਰਾਜਨੀਤੀ ਤੋਂ ਰਿਟਾਇਰ ਕਰਨ ਦੀ ਸਮਾਂ ਸੀਮਾਂ ਮਿੱਥੀ ਜਾਣ ਦਾ ਪ੍ਰਭਾਵ ਉਦੋਂ ਪ੍ਰਪੱਕ ਹੋਇਆ ਜਦੋਂ ਸੰਨ 2019 ਵਿਚ ਲੋਕ ਸਭਾ ਚੋਣਾਂ ਵਿਚ ਐਸੇ 20 ਤੋਂ ਵੱਧ ਆਗੂਆਂ ਜਿਵੇਂ ਐੱਲ ਕੇ ਅੱਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਮਿੱਤਰਾ ਮਹਾਜਨ (ਲੋਕ ਸਭਾ ਸਪੀਕਰ), ਕਲਰਾਜ ਮਿਸ਼ਰਾ, ਬੀ.ਐੱਸ.ਕੋਸ਼ੀਆਰੀ, ਬੀ.ਸੀ. ਖੰਡੂਰੀ, ਕਾਰੀਆ ਮੁੰਡਾ, ਸ਼ਾਂਤਾ ਕੁਮਾਰ, ਹੁੱਕਮ ਦੇਵ ਨਰਾਇਣ ਯਾਦਵ, ਸੂਰੀਆ ਨਰਾਇਣ ਜਾਤੀਆ ਆਦਿ ਨੂੰ ਟਿੱਕਟਾਂ ਨਾ ਦਿਤੀਆਂ ਗਈਆਂ। ਇਸ ਸਮੇਂ ਹੁੱਕਮ ਦੇਵ ਨਰਾਇਣ ਯਾਦਵ ਨੇ ਸ਼੍ਰੀ ਰਾਮਮਨੋਹਰ ਲੋਹੀਆ ਜੋ ਤਾਕਤਵਰ ਸੋਸ਼ਲਿਸਟ ਅਤੇ ਰਾਸ਼ਟਰਵਾਦੀ ਆਗੂ ਰਹੇ ਦੇ ਸਿਧਾਂਤ ਦਾ ਵਰਨਣ ਕੀਤਾ। ਜਿਸ ਅਨੁਸਾਰ 75 ਸਾਲ ਬਾਅਦ ਰਾਜਨੀਤੀਵਾਨਾਂ ਨੂੰ ਰਾਜਨੀਤੀ ਤੋਂ ਲਾਂਭੇ ਹੋ ਜਾਣ ਬਾਰੇ ਕਿਹਾ ਗਿਆ ਸੀ। ਪਰ ਇਥੇ ਸੰਘ ਪਰਿਵਾਰ ਦਾ ਦੋਹਰਾ ਮਖੌਟਾ ਉਦੋਂ ਜੱਗ ਜ਼ਾਹਿਰ ਹੋ ਗਿਆ ਸੀ ਜਦੋਂ ਮੱਥੁਰਾ ਤੋਂ ਹੇਮਾ ਮਾਲਿਨੀ ਐਕਟਰੈਸ ਨੂੰ ਟਿੱਕਟ ਦਿਤੀ ਗਈ ਜਿਸਨੇ ਸੰਲ 2026 ਵਿਚ 75 ਸਾਲ ਦੀ ਹੋਣਾ ਹੈ। ਦੂਸਰੇ ਕਰਨਾਟਕ ਦੇ ਵਿਵਾਦਤ ਆਗੂ ਬੀ.ਐੱਸ. ਯੈਦੀ ਯੁਰੱਧਾ ਨੂੰ 75 ਸਾਲ ਦੀ ਉਮਰ ਦੇ ਹੋਣ ਦੇ ਬਾਵਜੂਦ ਰਾਜ ਦਾ ਮੁੱਖ ਮੰਤਰੀ ਬਣਾਇਆ ਗਿਆ।
ਵਾਅਦੇ ਠੁੱਸਾ : ਵਿਰੋਧੀ ਧਿਰ ਨੇ ਸ਼੍ਰੀ ਮੋਦੀ ਦੀ ਲੀਡਰਸ਼ਿਪ ’ਤੇ ਵੱਡੇ ਹਮਲੇ ਬੋਲਦਿਆਂ ਉਨਾਂ ਵੱਲੋਂ ਭਾਰਤੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਨੋਂ ਨਾਕਾਮ ਰਹਿਣ ਦੇ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਸੀ ਸ਼੍ਰੀ ਮੋਦੀ ਦੇ ਵਾਧੇ ਅਧੂਰੇ, ਝੂਠੇ, ਸਮਰਥਾਹੀਨ ਅਤੇ ਖੋਖਲੇ ਹਨ। ਉਨ੍ਹਾਂ ਵੱਲੋਂ ਸਾਲਾਨਾ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਠੁੱਸ ਹੋ ਗਿਆ। ਕੀਮਤਾਂ ਵਿਚ ਕਟੌਤੀ ਦੀ ਥਾਂ ਮਹਿੰਗਾਈ ਲੋਕਾਂ ਦਾ ਲੱਕ ਤੋੜਦੀ ਰਹੀ। ਰੁਪਏ ਵਿਰੁੱਧ ਡਾਲਰ ਮਹਿੰਗਾ ਹੁੰਦਾ ਗਿਆ ਜਿਸ ਬਾਰੇ ਉਹ ਅਕਸਰ ਡਾੱ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਦੇ ਰਹੇ ਹਨ। ਔਰਤ ਸ਼ਕਤੀਕਰਨ ਨਿਰਾ ਸ਼ਗੂਫਾ ਸਾਬਿਤ ਹੋਇਆ। ਸੰਨ 2027 ਤੱਕ ਭਾਰਤ ਨੂੰ ‘ਵਿਕਸਤ ਰਾਸ਼ਟਰ’ ਵਜੋਂ ਸਥਾਪਿਤ ਕਰਨਾ ਨਿਰਾ ਆਟੇ ਵਿਚ ਲੂਣ ਗੁੰਨਣ ਸਮਾਨ ਝੂਠਾ ਵਾਅਦਾ ਹੈ। 82 ਕਰੋੜ, ਭਾਰਤੀ ਸਰਕਾਰ ਵੱਲੋਂ ਮੁਹੱਈਆ ਕੀਤੇ ਜਾ ਰਹੇ ਮੁਫ਼ਤ ਰਾਸ਼ਨ ਤੇ ਅਪਾਹਜ ਜੀਵਨ ਜਿਉਣ ਲਈ ਮਜ਼ਬੂਰ ਹਨ, ਕੀ ਇਹ ‘ਵਿਕਸਤ ਭਾਰਤ’ ਦੀ ਤਸਵੀਰ ਹੈ?’ ਵਿਦੇਸ਼ਾਂ ਵਿਚ ਅੱਜ ਵੀ 5000 ਬਿਲੀਅਨ ਡਾਲਰ ਭਾਰਤੀ ਕਾਲਾ ਧੰਨ ਜਮਾਂ ਹੈ, ਕੀ ਵਿਰੋਧੀਆਂ ਨੂੰ ਡਰਾਉਣ-ਧਮਕਾਉਣ ਲਈ ਈ.ਡੀ., ਸੀ.ਬੀ.ਆਈ. ਅਤੇ ਐੱਨ.ਆਈ.ਏ. ਜਿਹਿਆਂ ਸੰਸਥਾਵਾਂ ਹਨ? ਪ੍ਰਧਾਨ ਮੰਤਰੀ ਦੇ ਸਲਾਹਕਾਰ ਏਨੇ ਕਮਜੋਰ ਅਤੇ ਹੀਨ ਬੁੱਧੀ ਵਾਲੇ ਹਨ ਕਿ ਜਿੰਨਾਂ ਕਰਕੇ ਭਾਰਤ ਨੂੰ ਕੌਮਾਂਤਰੀ ਤੌਰ ’ਤੇ ਸ਼ਰਮਸ਼ਾਰ ਹੋਣਾ ਪਿਆ।
ਭਾਰਤ ਪਾਕਿਸਤਾਨ ਚਾਰ ‘ਰੋਜ਼ਾ ਯੁੱਧ ਵਿਚ ਕੌਣ ਜਿੱਤਿਆ? ਯੁੱਧ ਬੰਦੀ ਕਿਉਂ ਕਰਨੀ ਪਈ? ਭਾਰਤੀਆਂ ਨੂੰ ਬੇੜੀਆਂ ਪਾ ਕੇ ਡਿਪੋਰਟ ਕਰਨ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਜ਼ੁਅਰਤ ਕਿਵੇਂ ਪਈ, ਜਦਕਿ ਬ੍ਰਾਜ਼ੀਲ ਅਤੇ ਕੋਲੰਬੀਆ ਵਰਗੇ ਰਾਸ਼ਟਰਾਂ ਨੇ ਰਾਸ਼ਟਰੀ ਸਵੈ ਮਾਣ ਵਿਖਾਉਂਦੇ ਅਮਰੀਕੀ ਹਵਾਈ ਜਹਾਜ਼ ਸਮੇਤ ਡਿਪੋਰਟਾਂ ਦੇ ਵਾਪਸ ਭੇਜ ਦਿਤੇ। ਭਾਰਤੀ ਚੋਣ ਕਮਿਸ਼ਨ ਦੀ ਨਿਰਪੱਖਤਾ ਤੇ ਸੁਪਰੀਮ ਕੋਰਟ ਪ੍ਰਸ਼ਨ ਉਠਾ ਰਹੀ ਹੈ। ਇਸ ਦੀ ਐੱਸ.ਆਈ.ਆਰ. ਪ੍ਰਿਆ ਸ਼ੱਕ ਦੇ ਘੇਰਿਆ ਵਿਚ ਹੈ। ਗਾਜ਼ਾ ਅਤੇ ਯੂਕ੍ਰੇਨ ਜੰਗਾਂ ਸਬੰਧੀ ਭਾਰਤ ਗੁੱਟ ਨਿਰਲੇਪਤਾ ਕਾਲ ਵਾਲਾ ਸਟੈਂਡ ਨਹੀਂ ਦੁਹਰਾ ਸਕਿਆ।
ਅਯੋਗ ਅਗਵਾਈ : ਵਿਰੋਧੀ ਧਿਰ ਦਾ ਸਭ ਤੋਂ ਵੱਡਾ ਹਮਲਾ ਮੋਦੀ ਦੀ ਇਸ ਨਾਕਾਮੀ ਤੇ ਹੋ ਰਿਹਾ ਸੀ ਕਿ ਉਹ ਸੰਘ ਪਰਿਵਾਰ ਲਈ ਇਕ ਜੇਤੂ ਚੋਣ ਨਾਇਕ ਨਹੀਂ ਰਹੇ। ਸੰਨ 2024 ਦੀਆਂ ਲੋਕ ਸਭਾ ਚੋਣਾਂ ਸਮੇਂ ਉਨ੍ਹਾਂ ਨਾਅਰਾ ਦਿਤਾ ਸੀ ‘ਅਬ ਕੀ ਬਾਰ, 400 ਪਾਰ’, ਪਰ ਚੋਣਾਂ ਦੇ ਨਤੀਜ਼ਿਆਂ ਵਿਚ ਉਹ ਭਾਜਪਾ ਨੂੰ ਬਹੁਮੱਤ ਪ੍ਰਾਪਤ ਕਰਵਾਉਣੋਂ ਨਾਕਾਮ ਰਹੇ। ਭਜਾਪਾ 543 ਵਿਚੋਂ 240 ਸੀਟਾਂ ਜਿੱਤ ਸਕੀ। ਜੇਕਰ ਪਾਰਟੀ ਉੜੀਸਾ ਵਿਚ ਜਿੱਤ ਹਾਸਿਲ ਨਾ ਕਰਦੀ ਤਾਂ ਅੱਜ ਵਿਰੋਧੀ ਧਿਰ ਸਭਾ ਵਿਚ ਹੁੰਦੀ।
ਫਜ਼ੂਲ ਅਧਾਰ : ਲੇਕਿਨ ਅਸੀਂ ਵੇਖ ਰਹੇ ਹਾਂ ਕਿ ਵਿਰੋਧੀ ਧਿਰ 75 ਸਾਲ ਦੀ ਉਮਰ ਨੂੰ ਆਰ.ਐੱਸ.ਐੱਸ. ਅਤੇ ਭਾਜਪਾ ਵੱਲੋਂ ਰਾਜਨੀਤੀਵਾਨਾਂ ਨੂੰ ਰਿਟਾਇਰ ਹੋ ਜਾਣ ਦੇ ਸਿਧਾਂਤ ਨੂੰ ਫਜੂਲ ਅਧਾਰ ਬਣਾ ਕੇ ਭਾਰਤੀ ਜਨਤਾ, ਭਾਰਤੀ ਲੋਕਤੰਤਰ ਅਤੇ ਰਾਸ਼ਟਰ ਨੂੰ ਗੁੰਮਰਾਹ ਕਰਦੀ ਰਹੀ। ਆਰ.ਐੱਸ.ਐੱਸ. ਸੰਗਠਨ ਵਿਚ ਕਦੋਂ ਕਿਸੇ ਆਗੂ ਨੇ ਰਿਟਾਇਰ ਹੋਣਾ ਹੈ, ਇਸ ਬਾਰੇ ਉਸ ਸੰਗਠਨ ਨੇ ਫੈਸਲਾ ਲੈਣਾ ਹੁੰਦਾ ਹੈ। ਆਰ.ਐੱਸ.ਐੱਸ. ਸੁਪਰੀਮੋ ਸ਼੍ਰੀ ਮੋਹਨ ਭਾਗਵਤ ਨੇ ਸਪਸ਼ਟ ਕਰ ਦਿਤਾ ਸੀ ਕਿ ਇਸ ਮਹਾਨ ਸੰਗਠਨ ਦੇ ਸੰਵਿਧਾਨ ਵਿਚ 75 ਸਾਲ ਦੀ ਉਮਰ ਵਿਚ ਰਿਟਾਇਰ ਹੋਣ ਬਾਰੇ ਕਿੱਧਰੇ ਦਰਜ ਨਹੀਂ।
ਇਵੇਂ ਹੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਪਸ਼ਟ ਕਰ ਦਿਤਾ ਸੀ ਕਿ ਸ਼੍ਰੀ ਨਰੇਂਦਰ ਮੋਦੀ ਜੀ ਮਈ, 2029 ਤੱਕ ਦੇਸ਼ ਦੀ ਅਗਵਾਈ ਕਰਦੇ ਰਹਿਣਗੇ। ਇਸ ਲਈ ਉਨ੍ਹਾਂ ਨੂੰ ਲੋਕ ਫ਼ਤਵਾ ਹਾਸਿਲ ਹੈ, ਭਾਜਪਾ ਸੰਵਿਧਾਨ ਵਿਚ 75 ਸਾਲ ਦੀ ਉਮਰ ਵਿਚ ਰਿਟਾਇਰ ਹੋਣ ਬਾਰੇ ਕੋਈ ਧਾਰਾ ਮੌਜੂਦ ਨਹੀਂ। ਸ਼੍ਰੀ ਅਟਲ ਬਿਹਾਰੀ ਵਾਜਪਾਈ ਸੰਨ 1999 ਵਿਚ 75 ਸਾਲ ਦੇ ਸਨ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ 78 ਸਾਲ ਦੇ ਸਨ ਜਦੋਂ ਰਾਸ਼ਟਰਪਤੀ ਬਣੇ। ਅਜੌਕੇ ਤੇਜ਼ ਤਰਾਰ ਅਤੇ ਕੌਮਾਂਤਰੀ ਪੱਧਰ ’ਤੇ ਪਧਾੜੇਬਾਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 79ਵੇਂ ਸਾਲ ਵਿਚ 47ਵੇਂ ਰਾਸ਼ਟਰਪਤੀ ਬਣੇ।
ਸਾਬਕਾ ਮੱਧ ਪ੍ਰਦੇਸ਼ ਮੰਤਰੀ ਗੌਰੀ ਸ਼ੰਕਰ ਬਿਸ਼ਨ ਦਾ ਕਹਿਣਾ ਹੈ, ‘‘ਭਾਰਤ ਨੂੰ ਨਰੇਂਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਅਜੇ ਤੱਕ ਨਹੀਂ ਮਿਲਿਆ। ਉਹ ਪੂਰੀ ਤਰ੍ਹਾਂ ਤੰਦਰੁਸਤ ਹਨ। ਉਸਦੀ ਅਗਵਾਈ ਵਿਚ ਦੇਸ਼ ਨੇ ਕਈ ਨਵੇਂ ਮੀਲ ਪੱਥਰ ਗੱਡੇ ਹਨ। ਉਮਰ ਦਾ ਨਿਯਮ ਉਨ੍ਹਾਂ ’ਤੇ ਲਾਗੂ ਨਹੀਂ ਹੁੰਦਾ।’
ਸ਼ਾਨਾਮੱਤੀਆਂ ਪ੍ਰਾਪਤੀਆਂ : ਰਾਸ਼ਟਰਾਂ ਦੇ ਕਈ ਵਾਰ ਹਲਾਤ ਹੀ ਐਸੇ ਹੁੰਦੇ ਹਨ ਕਿ ਅਕਸਰ ਵਧੀਆ ਤੋਂ ਵਧੀਆ ਆਗੂ ਵੀ ਉਹ ਵਾਅਦੇ ਪੂਰੇ ਨਹੀਂ ਕਰ ਪਾਉਂਦੇ ਜੋ ਉਨ੍ਹਾਂ ਨੇ ਆਪਣੇ ਲੋਕਾਂ ਨਾਲ ਚੋਣ ਮੁਹਿੰਮ ਵੇਲੇ ਚੋਣ ਮੈਨੀਫੈਸਟੋ ਵਿਚ ਕੀਤੇ ਹੁੰਦੇ ਹਨ। ਭਾਰਤ ਵਰਗੇ ਵਿਸ਼ਵ ਦੇ ਸਭ ਤੋਂ ਵੱਡੀ 140 ਕਰੋੜ ਦੀ ਅਬਾਦੀ ਵਾਲੇ ਦੇਸ਼ ਵਿਚ ਅਜਿਹਾ ਸੰਭਵ ਨਹੀਂ ਹੁੰਦਾ, ਫਿਰ ਵੀ ਜੇਕਰ ਸ਼੍ਰੀ ਮੋਦੀ ਦੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਮਈ 2014 ਤੋਂ ਹੁਣ ਤੱਕ 11 ਸਾਲ ਤੋਂ ਵੱਧ ਕਾਰਜਕਾਲ ’ਤੇ ਝਾਤ ਮਾਰੀ ਜਾਏ ਤਾਂ ਉਨ੍ਹਾਂ ਦੀਆਂ ਅਨੇਕ ਸ਼ਾਨਾਮਤੀਆਂ ਪ੍ਰਾਪਤੀਆਂ ’ਤੇ ਮਾਣ ਮਹਿਸੂਸ ਕਰਦੇ ਹਨ।
56 ਇੰਚ ਸੀਨਾ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਟੈਰਰ ਅੱਗੇ ਕੋਈ ਵੀ ਦੁਨੀਆਂ ਦਾ ਆਗੂ ਅੱੜ ਨਾ ਸਕਿਆ ਇੱਥੋਂ ਤੱਕ ਕਿ ਚੀਨ ਦੇ ਸ਼ੀ ਜਿੰਨ ਪਿੰਗ ਅਤੇ ਰੂਸ ਦੇ ਵਲਾਦੀਮੀਰ ਪੂਤਿਨ ਵਰਗੇ ਤਾਕਤਵਰ ਆਗੂ ਵੀ। ਪਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਸਦੀ ਜ਼ਰਾ ਪ੍ਰਵਾਹ ਨਾ ਕਰਦਿਆਂ 56 ਇੰਚ ਸੀਨੇ ਅਤੇ ਸਾਹਸ ਦਾ ਪ੍ਰਗਟਾਵਾ ਕੀਤਾ। ਉਸਦੇ ਫੋਨਾਂ ਦੀ ਪ੍ਰਵਾਹ ਨਾ ਕੀਤੀ। ਉਸ ਨੂੰ ਟੇਬਲ ’ਤੇ ਬੈਠਣ ਲਈ ਮਜ਼ਬੂਰ ਕੀਤਾ।
ਜੀ7 ਸੰਮੇਲਨ : ਭਾਰਤ ਦੀ ਵਿਸ਼ਵ ਵਿਚ ਸਭ ਤੋਂ ਵੱਡੀ ਆਰਥਿਕ ਮੰਡੀ ਨੂੰ ਸਵੀਕਾਰਦਿਆਂ, ਕੈਨੇਡਾ ਦੇ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰੀ ਨੇ ਉਨ੍ਹਾਂ ਨੂੰ ਜੀ7 ਸਿੱਖਰ ਸੰਮੇਲਨ, ਅਲਬਰਟਾ (ਕੈਨੇਡਾ) ਵਿਚ ਸਨਮਾਨ ਸਹਿਤ ਬੁਲਾਇਆ। ਭਾਰਤ-ਕੈਨੇਡਾ ਡਿਪਲੋਮੈਟਿਕ ਸਬੰਧ ਖਾਲਿਸਤਾਨੀਆਂ ਸਬੰਧੀ ਭਾਰਤ ਦੇ ਵਿਚਾਰਾਂ ਦੀ ਕਦਰ ਕਰਦੇ ਮੁੜ੍ਹ ਤੋਂ ਬਹਾਲ ਕੀਤੇ।
ਚੌਥੀ ਵੱਡੀਆ ਆਰਥਿਕਤਾ : ਉਨ੍ਹਾਂ ਦੀ ਅਗਵਾਈ ਵਿਚ ਭਾਰਤ ਵਿਸ਼ਵ ਦੀ ਚੌਥੀ ਵੱਡੀ ਆਰਥਿਕਤਾ ਸਥਾਪਿਤ ਹੋਇਆ ਹੈ ਜੋ ਗਲੋਬਲ ਸੰਸਥਾ ਮਾਰਗਨ ਸਟਾਨਲੇ ਅਨੁਸਾਰ ਸੰਨ 2028 ਵਿਚ ਅਮਰੀਕਾ, ਚੀਨ ਬਾਅਦ ਤੀਸਰੀ ਵੱਡੀ ਆਰਥਿਕਤਾ ਸਥਾਪਿਤ ਹੋ ਜਾਵੇਗਾ। ਇਹ ਭਾਰਤ ਦੀ 6.5 ਤੋਂ 7 ਪ੍ਰਤੀਸ਼ਤ ਸਲਾਨਾ ਵਿਕਾਸਦਰ ਦੇ ਸ਼ਮੇ ਕਰਕੇ ਸੰਭਵ ਹੋਵੇਗਾ। ਭਾਰਤ 30 ਟ੍ਰਿਲੀਅਨ ਡਾਲਰ ਦੀਆਂ ਆਰਥਿਕਤਾ ਬਣ ਸਕੇਗਾ।
ਉਨ੍ਹਾਂ ਦੀ ਅਗਵਾਈ ਵਿਚ ਭਾਰਤ ਨੇ ਸੰਨ 2011 ਅਤੇ 2023 ਦਰਮਿਆਨ 171 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਉਪਰ ਉਠਾਏ ਹਨ। ਇਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਕਰਕੇ ਸੰਭਵ ਹੋ ਸਕਿਆ।
ਬੇਟੀ ਬਚਾਉ ਬੇਟੀ ਪੜਾਉ : ਇਸ ਯੋਜਨਾ ਅਧੀਨ ਔਰਤਾਂ ਦੇ ਸਵੈ ਗਰੁੱਪ ਗਠਤ ਕਰਕੇ ਤਰੱਕੀ ਦੇ ਮਾਰਗ ’ਤੇ ਤੋਰਿਆ ਔਰਤਾਂ ਨੂੰ ਲੋਕ ਸਭਾ, ਵਿਧਾਨ ਸਭਾਵਾਂ ਵਿਚ 33 ਪ੍ਰਤੀਸ਼ਤ ਰਾਖਵਾਂਕਰਨ, ਤੀਨ ਤਲਾਕ ਤੋਂ ਅਜ਼ਾਦੀ, ਜਨਧਨ, ਮੁਦਰਾ ਲੋਨ ਨੀਤੀਆਂ ਰਾਹੀਂ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਯੋਗ ਬਣਾਇਆ।
ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 4 ਕਰੋੜ ਲੋਕਾਂ ਨੂੰ ਛੱਤ, ਉਜਵਲਾ ਯੋਜਨਾ ਤਹਿਤ 9 ਕਰੋੜ ਔਰਤਾਂ ਨੂੰ ਗੈਸ ਸਿਲੰਡਰ, ਆਯੂਸ਼ਮਾਨ ਯੋਜਨਾ ਤਹਿਤ 5 ਕਰੋੜ ਪਰਿਵਾਰਾਂ ਨੂੰ 5 ਲੱਖ ਸਿਹਤ ਸਹਾਇਤਾ ਨਾਲ ਜੋੜਨ, ਅਫਸਰਸ਼ਾਹੀ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨਾ ਵੱਡੀਆਂ ਪ੍ਰਾਪਤੀਆ ਹਨ। ਉਨ੍ਹਾਂ ਦੀ ਤਿੱਖੀ ਨਜ਼ਰ ਕਰਕੇ ਉਨ੍ਹਾਂ ਦੀ ਸਰਕਾਰ ਸਕੈਂਡਲ ਰਹਿਤ ਰਹੀ ਹੈ। ਸੁਅਛ ਭਾਰਤ ਯੋਜਨਾ ਤਹਿਤ 11 ਕਰੋੜ ਸ਼ੌਚਾਲੇ ਬਣਾਏ ਗਏ। ਜਲਜੀਵਨ ਮਿਸ਼ਨ ਹੇਠ 15 ਕਰੋੜ ਘਰਾਂ ਨੂੰ ਸਵੱਛ ਪੀਣ ਵਾਲਾ ਪਾਣੀ ਉਪਲੱਬਧ ਕਰਾਇਆ ਗਿਆ।
ਕਿਸਾਨੀ : ਪ੍ਰਧਾਨ ਮੰਤਰੀ ਕਿਸਾਨ ਸਾਮਾਨ ਨਿੱਧੀ ਯੋਜਨਾ ਤਹਿਤ 11 ਕਰੋੜ ਛੋਟੇ ਕਿਸਾਨਾਂ ਨੂੰ ਛਿਮਾਹੀ ਕਿਸ਼ਤਾਂ ਸਿੱਧੇ ਖਾਤਿਆਂ ਵਿਚ ਜਾਂਦੀਆਂ ਹਨ ਹੁਣ ਤੱਕ 3.9 ਲੱਖ ਕਰੋੜ ਰੁਪਏ ਦਿਤੇ ਜਾ ਚੁੱਕੇ ਹਨ। ਫਸਲੀ ਵਿਭਿਨੰਤਾ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਸਿੰਜਾਈ, ਸ਼ੁੱਧ ਬੀਜ, ਦਵਾਈਆ, ਸਹਾਇਕ ਧੰਦਿਆਂ ਵੱਲ ਧਿਆਨ ਕੇਂਦਰਤ ਕਰਕੇ ਉਨ੍ਹਾਂ ਦੀ ਆਮਦਨ ਵਧਾਈ ਜਾ ਰਹੀ ਹੈ।
‘ਮੰਨ ਕੀ ਬਾਤ : ਇਸ ਹਰਮਨ ਪਿਆਰੇ ਪ੍ਰੋਗਰਾਮ ਨਾਲ ਉਹ ਸਿੱਧੇ ਭਾਰਤੀ ਲੋਕਾਂ ਨਾਲ ਜੁੜਦੇ ਹਨ ਉਹ ਇੱਕ ਆਮ ਘਰ ਵਿਚ ਉੱਠ ਕੇ ਪਰਿਵਾਰ ਦਾ ਤਿਆਗ ਕਰਕੇ ਭਾਰਤ ਦੀ ਸੇਵਾ ਅਤੇ ਇਸ ਰਾਸ਼ਟਰ ਨੂੰ ਵਿਸ਼ਵ ਗੁਰੂ ਸਥਾਪਿਤ ਦੀ ਸੱਚੀ-ਸੁੱਚੀ ਚੇਸ਼ਠਾ ਕਰਕੇ 140 ਕਰੋੜ ਭਾਰਤੀਆ ਲਈ ਅਸੀਸਮਾਣ ਦਾ। ਪ੍ਰਤੀਕ ਹਨ। ‘ਕਾਵਾਂ ਗੁਜ਼ਰ ਗਿਆ, ਗੁਬਾਹ ਦੇਖਤੇ ਰਹੇ’ ਵਿਰੋਧੀ ਅੱਖਾਂ ਮਲਦੀ ਰਹਿ ਗਈ। 75 ਸਾਲ ਗੁਜ਼ਰ ਗਏ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰ ਬੁਲੰਦੀ ਕਾਇਮ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ,
ਕਿੰਗਸਟਨਕੈਨੇਡਾ।
+12898292929


