ਦੇਹਰਾਦੂਨ 'ਚ ਹਾਦਸੇ 'ਚ 3 ਲੜਕੀਆਂ ਸਮੇਤ 6 ਦੀ ਮੌਤ
By : BikramjeetSingh Gill
ਦੇਹਰਾਦੂਨ : ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਸੋਮਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। 3 ਲੜਕੇ-ਲੜਕੀਆਂ ਨੇ ਆਪਣੀ ਜਾਨ ਗਵਾਈ। ਇਕ ਲੜਕੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ 'ਚ ਇਕ ਲੜਕਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਦੇਹਰਾਦੂਨ ਦੇ ਓਐਨਜੀਸੀ ਚੌਰਾਹੇ 'ਤੇ ਤੜਕੇ 2 ਵਜੇ ਵਾਪਰਿਆ। ਇੱਥੇ ਲੜਕਾ-ਲੜਕੀ ਕਾਰ ਵਿੱਚ ਇਕੱਠੇ ਸੈਰ ਕਰਨ ਲਈ ਨਿਕਲੇ ਸਨ। ਕਾਰ ਵਿਚ ਸਵਾਰ ਸਾਰੇ ਲੋਕ 25 ਸਾਲ ਤੋਂ ਘੱਟ ਉਮਰ ਦੇ ਹਨ। ਪੁਲਿਸ ਨੇ ਦੱਸਿਆ ਕਿ ਇਨੋਵਾ ਕਾਰ ਪਹਿਲਾਂ ਕੰਟੇਨਰ ਅਤੇ ਫਿਰ ਦਰੱਖਤ ਨਾਲ ਜਾ ਟਕਰਾਈ ਅਤੇ ਟੋਟੇ-ਟੋਟੇ ਹੋ ਗਈ। ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਬੋਨਟ ਪਿੱਛੇ ਫਸ ਗਿਆ। ਪੁਲਸ ਨੇ ਕੰਟੇਨਰ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਵਿੱਚ ਗੁਨੀਤ ਪੁੱਤਰੀ ਤੇਜ ਪ੍ਰਕਾਸ਼ ਸਿੰਘ (19), ਕਾਮਾਕਸ਼ੀ ਪੁੱਤਰੀ ਤੁਸ਼ਾਰ ਸਿੰਘਲ (20), ਨਵਿਆ ਗੋਇਲ ਪੁੱਤਰੀ ਪੱਲਵ ਗੋਇਲ (23) ਦੀ ਮੌਤ ਹੋ ਗਈ। ਇਹ ਤਿੰਨੋਂ ਲੜਕੀਆਂ ਦੇਹਰਾਦੂਨ ਦੇ ਵੱਖ-ਵੱਖ ਇਲਾਕਿਆਂ ਦੀਆਂ ਰਹਿਣ ਵਾਲੀਆਂ ਸਨ। ਇਸ ਤੋਂ ਇਲਾਵਾ ਰਿਸ਼ਭ ਜੈਨ ਪੁੱਤਰ ਤਰੁਣ ਜੈਨ (24), ਕੁਨਾਲ ਕੁਕਰੇਜਾ ਪੁੱਤਰ ਜਸਵੀਰ ਕੁਕਰੇਜਾ (23), ਅਤੁਲ ਅਗਰਵਾਲ ਪੁੱਤਰ ਸੁਨੀਲ ਅਗਰਵਾਲ (24) ਸ਼ਾਮਲ ਹਨ। ਮ੍ਰਿਤਕਾਂ 'ਚ ਕੁਨਾਲ ਹਿਮਾਚਲ ਦੇ ਚੰਬਾ ਦਾ ਰਹਿਣ ਵਾਲਾ ਸੀ, ਜਦਕਿ ਬਾਕੀ ਲੋਕ ਦੇਹਰਾਦੂਨ ਦੇ ਰਹਿਣ ਵਾਲੇ ਸਨ।
ਹਾਦਸੇ 'ਚ ਜ਼ਖਮੀ ਨੌਜਵਾਨ ਵੀ ਦੇਹਰਾਦੂਨ ਦਾ ਰਹਿਣ ਵਾਲਾ ਹੈ। ਉਸ ਦੀ ਪਛਾਣ ਸਿਧੇਸ਼ ਅਗਰਵਾਲ ਪੁੱਤਰ ਵਿਪਨ ਅਗਰਵਾਲ ਵਜੋਂ ਹੋਈ ਹੈ। ਫਿਲਹਾਲ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।