5 ਨਾਜਾਇਜ਼ ਪਿਸਤੌਲਾਂ ਸਮੇਤ 3 ਤਸਕਰ ਗ੍ਰਿਫਤਾਰ
By : BikramjeetSingh Gill
ਜਲੰਧਰ : ਸੀ.ਆਈ.ਏ ਸਟਾਫ ਨੇ ਤਰਨਤਾਰਨ, ਹੁਸ਼ਿਆਰਪੁਰ ਅਤੇ ਜਲੰਧਰ ਤੋਂ 3 ਹਥਿਆਰ ਸਮੱਗਲਰਾਂ ਨੂੰ 5 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੇ ਚਾਰ ਨਾਜਾਇਜ਼ ਪਿਸਤੌਲ ਅਤੇ ਕਰੀਬ 12 ਜਿੰਦਾ ਕਾਰਤੂਸ, 30 ਬੋਰ ਦਾ ਇੱਕ ਪਿਸਤੌਲ ਅਤੇ ਕਰੀਬ 3 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਕਰਮ ਸਿੰਘ ਵਾਸੀ ਪਿੰਡ ਬੋਪਾਰਾਏ ਕਲਾਂ ਜ਼ਿਲ੍ਹਾ ਨਕੋਦਰ, ਹਰਸ਼ਦੀਪ ਸਿੰਘ ਪੁੱਤਰ ਹਰਜਾਪ ਸਿੰਘ ਵਾਸੀ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸ਼ੇਖਰ ਪੁੱਤਰ ਸ਼ਾਮ ਵਾਸੀ ਮੁਰਾਦਪੁਰ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਦੇ ਪੁਲੀਸ ਕਮਿਸ਼ਨਰ ਸਪਵਨ ਸ਼ਰਮਾ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰੇਲਵੇ ਕਲੋਨੀ ਨੇੜੇ ਉਕਤ ਮੁਲਜ਼ਮਾਂ ਦੀ ਹਰਕਤ ਦੇਖੀ ਗਈ ਹੈ। ਸੂਚਨਾ ਦੇ ਆਧਾਰ ’ਤੇ ਸੀਆਈਏ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੇ ਆਪਣੀ ਪੁਲੀਸ ਪਾਰਟੀ ਸਮੇਤ ਰੇਲਵੇ ਕਲੋਨੀ ਵਿੱਚ ਛਾਪਾ ਮਾਰ ਕੇ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਚੈਕਿੰਗ ਦੌਰਾਨ ਪੁਲੀਸ ਨੇ ਉਕਤ ਮੁਲਜ਼ਮਾਂ ਕੋਲੋਂ ਪੰਜ ਨਾਜਾਇਜ਼ ਅਸਲੇ ਅਤੇ 15 ਦੇ ਕਰੀਬ ਜਿੰਦਾ ਕਾਰਤੂਸ ਬਰਾਮਦ ਕੀਤੇ।
ਗ੍ਰਿਫ਼ਤਾਰੀ ਤੋਂ ਬਾਅਦ ਉਕਤ ਮੁਲਜ਼ਮਾਂ ਨੂੰ ਤੁਰੰਤ ਥਾਣੇ ਲਿਆਂਦਾ ਗਿਆ ਅਤੇ ਸੀਆਈਏ ਵੱਲੋਂ ਕੀਤੀ ਗਈ ਰਿਪੋਰਟ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਨਵੀ ਬਾਰਾਦਰੀ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਸਾਂਝੀ ਕਰੇਗੀ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲੀਸ ਵੱਲੋਂ ਮੁਲਜ਼ਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ।