450 ਕਰੋੜ ਰੁਪਏ ਦੀ ਲਾਗਤ ਵਿਕਾਸ ਕਾਰਜ ਆਰੰਭੇ –ਡਾ. ਰਵਜੋਤ ਸਿੰਘ
ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਉੱਚ-ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਤਪਰ ਹੈ। ਇਸੇ ਕੜੀ ਤਹਿਤ ਕਰਮਚਾਰੀ ਰਾਜ ਬੀਮਾ ਨਿਗਮ
By : BikramjeetSingh Gill
* ਮਾਲੇਰਕੋਟਲਾ ਵਿਖੇ 325 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਅਤੇ 111 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਹੀ ਉਸਾਰਿਆ ਜਾਵੇਗਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ– ਡਾ ਰਵਜੋਤ ਸਿੰਘ
* ਆਜ਼ਾਦੀ ਘੁਲਾਟੀਆਂ ,ਕਾਰਗਿਲ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਅਤੇ ਵਿਸ਼ੇਸ ਸ਼ਖਸੀਅਤਾਂ ਦਾ ਕੀਤਾ ਸਨਮਾਨ
* ਸਾਰੇ ਮਹਾਨ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆ ਡਾ ਰਵਜੋਤ ਨੇ ਪੰਜਾਬ ਅਤੇ ਦੇਸ਼ ਦੀ ਖ਼ੁਸ਼ਹਾਲੀ ਤੇ ਤਰੱਕੀ ਦੀ ਕੀਤੀ ਕਾਮਨਾ
ਚੰਡੀਗੜ੍ਹ/ਮਲੇਰਕੋਟਲਾ 26 ਜਨਵਰੀ :
ਗਣਤੰਤਰ ਦਿਵਸ ਦੇ ਜ਼ਿਲਾ ਪੱਧਰੀ ਸਮਾਗਮ ਮੌਕੇ ਸਥਾਨਕ ਸਰਕਾਰ ਅਤੇ ਸੰਸਦੀ ਮਾਮਲੇ ਕੈਬਨਿਟ ਮੰਤਰੀ,ਪੰਜਾਬ ਡਾਕਟਰ ਰਵਜੋਤ ਸਿੰਘ ਨੇ ਸਥਾਨਕ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਉਨ੍ਹਾਂ ਪਰੇਡ ਦਾ ਨਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ । ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ ਅਤੇ ਐਸ.ਐਸ.ਪੀ. ਗਗਨ ਅਜੀਤ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ ।
ਇਸ ਮੌਕੇ ਸਮਾਗਮ ਦੌਰਾਨ ਵਿਧਾਇਕ ਮਾਲੇਰਕੋਟਲਾ ਜਮੀਲ ਉਰ ਰਹਿਮਾਨ, ਵਿਧਾਇਕ ਅਮਰਗੜ੍ਹ ਪ੍ਰੋਫੈਸ਼ਰ ਜਸਵੰਤ ਸਿੰਘ ਗੱਜਣ ਮਾਜਰਾ,ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਸਾਕਿਬ ਅਲੀ ਰਾਜਾ, ਚੇਅਰਮੈਨ ਮਾਰਕਿਟ ਕਮੇਟੀ ਕਰਮਜੀਤ ਸਿੰਘ ਕੁਠਾਲਾ, ਪ੍ਰਧਾਨ ਘੱਟ ਗਿਣਤੀ ਦਲ ਜਾਫਿਰ ਅਲੀ,ਐਸ.ਡੀ.ਐਮ. ਗੁਰਮੀਤ ਕੁਮਾਰ ਬਾਂਸਲ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਸ੍ਰੀਮਤੀ ਰੂਪਾ ਧਾਲੀਵਾਲ ਤੋਂ ਇਲਾਵਾ ਸਿਵਲ,ਪੁਲਿਸ ਅਤੇ ਜੂਡੀਸ਼ਲ ਪ੍ਰਸਾਸ਼ਨ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਡਾ ਰਵਜੋਤ ਸਿੰਘ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਤੇ ਮਹਾਨ ਸੁਤੰਤਰਤਾ ਸੰਗਰਾਮੀਆਂ ਨੂੰ ਨਮਨ ਕਰਦਿਆਂ 76ਵੇਂ ਗਣਤੰਤਰ ਦਿਵਸ ਮੌਕੇ ਦੇਸ਼-ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖ਼ਾਸ ਤੌਰ `ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ ।
ਮਾਲੇਰਕੋਟਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕੁੱਲ ਆਜ਼ਾਦੀ ਘੁਲਾਟੀਆਂ ਵਿਚ ਵੱਡਾ ਯੋਗਦਾਨ ਪੰਜਾਬੀਆਂ ਦਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸਾਡੇ ਮਹਾਨ ਸ਼ਹੀਦਾਂ ਦੇ ਸਦਕਾ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਜ਼ਿੰਦਗੀ ਬਿਤਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ-ਘਾੜਿਆਂ ਵੱਲੋਂ ਭਾਰਤ ਦੇ ਸੁਨਹਿਰੀ ਭਵਿੱਖ ਬਾਰੇ ਲਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਦਿਵਾਉਂਦਾ ਹੈ ਅਤੇ ਆਪਣੀ ਸਮੁੱਚੀ ਕਾਰਗੁਜ਼ਾਰੀ `ਤੇ ਝਾਤ ਮਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਕੈਬਨਿਟ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਮੁੱਚੇ ਸ਼ਹਿਰਾਂ ਦੇ ਚਹੁਮੁਖੀ ਵਿਕਾਸ ਲਈ ਵੀ ਸਾਡੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਦੀਆਂ ਨਗਰ ਨਿਗਮਾਂ ਕੋਲ ਉਪਲਬੱਧ ਫੰਡਾਂ ਦੇ ਨਾਲ ਨਾਲ ਮੌਜੂਦਾ ਵਿੱਤੀ ਸਾਲ ਦੌਰਾਨ ਅਲਾਟ ਕੀਤੀ 450 ਕਰੋੜ ਰੁਪਏ ਦੀ ਰਾਸ਼ੀ ਨਾਲ ਸ਼ਹਿਰੀ ਸਥਾਨਕ ਇਕਾਈਆ ਵਿੱਚ ਮਹੱਤਵਪੂਰਨ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਚਾਲੂ ਸਾਲ ਦੌਰਾਨ ਸੀਵਰੇਜ ਟਰੀਟਮੈਂਟ ਸਮੱਰਥਾ ਵਿੱਚ 2634 ਐਮ.ਐਲ.ਡੀ. ਤੱਕ ਦਾ ਕੀਤਾ ਵਾਧਾ ਕੀਤਾ ਗਿਆ ਹੈ।ਇਸ ਪਹਿਲਕਦਮੀ ਤਹਿਤ ਸ਼ਹਿਰੀ ਥਾਂਵਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ, ਨਾਗਰਿਕ ਸਹੂਲਤਾਂ ਵਿੱਚ ਸੁਧਾਰ ਹੋਵੇਗਾ ਅਤੇ ਨਿਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਇਤਾ ਮਿਲੇਗੀ।
ਕੈਬਨਿਟ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਂ ਉਤੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣ ਉਪਰੰਤ ਹੁਣ ਪੰਜਾਬ ਸਰਕਾਰ ਨੇ ਉਥੇ ਸ਼ਹੀਦ-ਏ-ਆਜ਼ਮ ਦਾ ਬੁੱਤ ਸਥਾਪਤ ਕੀਤਾ ਹੈ। ਸਾਡੀ ਸਰਕਾਰ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਵੀ ਦ੍ਰਿੜ੍ਹ ਸੰਕਲਪ ਹੈ। ਰਾਜ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ। ਸਾਡੀ ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਅਧੀਨ ਅਗਨੀਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਰੋਜ਼ਗਾਰ, ਸਿਹਤ, ਸਿੱਖਿਆ, ਮੁਫਤ ਬਿਜਲੀ ਅਤੇ ਹੋਰ ਪ੍ਰਸ਼ਾਸ਼ਕੀ ਸੁਧਾਰ ਸਾਡੀ ਸਰਕਾਰ ਦੇ ਮੁੱਖ ਏਜੰਡੇ ਹਨ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦਿਆਂ ਸਾਡੀ ਸਰਕਾਰ ਵੱਲੋਂ ਪਿਛਲੇ ਕਰੀਬ 34 ਮਹੀਨਿਆਂ ਦੌਰਾਨ 50 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਉਂਦਿਆਂ ਸਾਡੀ ਸਰਕਾਰ ਨੇ ਹੁਣ ਤੱਕ 881 ਆਮ ਆਦਮੀ ਕਲੀਨਿਕ ਚਲਾ ਦਿੱਤੇ ਹਨ, ਜਿੱਥੇ ਰੋਜ਼ਾਨਾ ਲੱਖਾਂ ਲੋਕ ਮੁਫਤ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿਖੇ ਮਰੀਜ਼ਾਂ ਲਈ 80 ਕਿਸਮਾਂ ਦੀਆਂ ਦਵਾਈਆਂ ਅਤੇ 38 ਕਿਸਮਾਂ ਦੇ ਡਾਇਗਨੌਸਟਿਕ ਟੈਸਟ ਮੁਫ਼ਤ ਉਪਲੱਬਧ ਹਨ।ਉਨ੍ਹਾਂ ਕਿਹਾ ਹੁਣ ਤੱਕ ਜ਼ਿਲ੍ਹਾ ਮਾਲੇਰਕੋਟਲਾ ਦੇ ਕਰੀਬ ਦੋ ਲੱਖ ਜਰੂਰਤਮੰਦ ਲੋਕ ਆਪਣਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ । ਸਾਡੀ ਸਰਕਾਰ ਨੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ 14 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੀਆਂ 58 ਹੋਰ ਨਵੀਆਂ ਹਾਈਟੈੱਕ ਐਂਬੂਲੈਂਸਾਂ ਪਿਛਲੇ ਦਿਨੀਂ ਲੋਕਾਂ ਨੂੰ ਸਮਰਪਿਤ ਕੀਤੀਆਂ ਹਨ ਜਿਸ ਪਿੱਛੋਂ ਸੂਬੇ ਵਿੱਚ ਕੁੱਲ 325 ਹਾਈ-ਟੈਕ ਐਂਬੂਲੈਂਸਾਂ ਲੋਕਾਂ ਦੀ ਸੇਵਾ ਵਿੱਚ ਤਾਇਨਾਤ ਹਨ।
ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਧਰਮ ਨਿਰਪੱਖਤਾ ਅਤੇ ਮਿਹਨਤਕਸ਼ ਲੋਕਾਂ ਸਦਕਾ ਦੁਨਿਆ ਵਿੱਚ ਆਪਣੀ ਨਵੇਕਲੀ ਪਛਾਣ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਦੇਣ ਅਤੇ ਲੋਕਾਂ ਨੂੰ ਮਿਆਰੀ ਡਾਕਟਰੀ ਸਹੂਲਤਾਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮਾਲੇਰਕੋਟਲਾ ਵਿਖੇ ਕਰੀਬ 325 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਕੋਲ ਰਹਿ ਕੇ ਪੜ੍ਹਨ ਦਾ ਮੌਕਾ ਮਿਲ ਸਕੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਕੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਜ਼ਿਲ੍ਹੇ ਵਿੱਚ ਕਰੀਬ 111 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਉਸਾਰਿਆ ਜਾਵੇਗਾ ।
ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਉੱਚ-ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਤਪਰ ਹੈ। ਇਸੇ ਕੜੀ ਤਹਿਤ ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਕਰਮੀਆਂ ਦੀ ਸਹੂਲਤ ਲਈ ਮਾਲੇਰਕੋਟਲਾ ਵਿਖੇ 07 ਏਕੜ ਰਕਬੇ ਵਿੱਚ ਉਸਾਰੇ ਜਾਣ ਵਾਲੇ 150 ਬਿਸਤਰਿਆਂ ਦੇ ਈ.ਐਸ.ਆਈ ਹਸਪਤਾਲ ਨੂੰ ਇਨ-ਪ੍ਰਿੰਸੀਪਲ ਮਨਜ਼ੂਰੀ ਪ੍ਰਾਪਤ ਹੋ ਚੁੱਕੀ ਹੈ । 150 ਬਿਸਤਰਿਆਂ ਦਾ ਇਹ ਈ.ਐਸ.ਆਈ ਹਸਪਤਾਲ ਜ਼ਿਲ੍ਹੇ ਦੇ ਨਾਲ ਦੇ ਇਲਾਕਿਆਂ ਦੇ ਲੋਕਾਂ ਲਈ ਵੀ ਸਿਹਤ ਸੇਵਾਵਾਂ ਦੇ ਖੇਤਰ ਵਿਚ ਵਰਦਾਨ ਸਾਬਤ ਹੋਵੇਗਾ ।