Russia-Ukraine war 'ਚ ਹੁਣ ਤਕ ਮਾਰੇ ਗਏ 32 Indian youth killed
ਅਮਰੀਕਾ ਤੇ ਇਰਾਨ ਵਿਚਾਲੇ ਪਿਛਲੇ 40 ਦਿਨਾਂ ਤੋਂ ਚਲਦੀ ਆ ਰਹੀ ਭਿਆਨਕ ਜੰਗ ’ਤੇ ਆਖ਼ਰਕਾਰ 14 ਦਿਨਾਂ ਲਈ ਰੋਕ ਲੱਗ ਗਈ ਹੈ ਪਰ ਪਿਛਲੇ ਕਰੀਬ 4 ਸਾਲਾਂ ਤੋਂ...

By : Kavya Sharma
ਮਾਸਕੋ, 9 ਅਪ੍ਰੈਲ : ਅਮਰੀਕਾ ਤੇ ਇਰਾਨ ਵਿਚਾਲੇ ਪਿਛਲੇ 40 ਦਿਨਾਂ ਤੋਂ ਚਲਦੀ ਆ ਰਹੀ ਭਿਆਨਕ ਜੰਗ ’ਤੇ ਆਖ਼ਰਕਾਰ 14 ਦਿਨਾਂ ਲਈ ਰੋਕ ਲੱਗ ਗਈ ਹੈ ਪਰ ਪਿਛਲੇ ਕਰੀਬ 4 ਸਾਲਾਂ ਤੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਹਾਲੇ ਵੀ ਚਲਦੀ ਜਾ ਰਹੀ ਹੈ। ਭਾਰਤੀ ਨੌਜਵਾਨ, ਜਿਨ੍ਹਾਂ ਨੂੰ ਇੱਥੋਂ ਰੂਸ ’ਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਲਿਜਾਇਆ ਗਿਆ ਸੀ, ਨੂੰ ਜ਼ਬਰਦਸਤੀ ਯੂਕ੍ਰੇਨ ਵਿਰੁਧ ਜੰਗ ’ਚ ਧੱਕ ਦਿਤਾ ਗਿਆ। ਇਸ ਜੰਗ ’ਚ ਹੁਣ ਤਕ ਰੂਸੀ ਫ਼ੌਜ ਵਲੋਂ ਲੜ ਰਹੇ 32 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।
35 ਹੋਰ ਭਾਰਤੀ ਫਰੰਟ ਲਾਈਨ ‘ਤੇ ਤਾਇਨਾਤ
ਅਧਿਕਾਰੀਆਂ ਨੇ ਦਸਿਆ ਕਿ 35 ਹੋਰ ਭਾਰਤੀਆਂ ਨੂੰ ਰੂਸੀ ਫ਼ੌਜ ਤੋਂ ਮੁਕਤ ਕਰਵਾਉਣ ਅਤੇ ਵਾਪਸ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅਧਿਕਾਰੀਆਂ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਅਜੇ ਵੀ ਏਜੰਟਾਂ ਵਲੋਂ ਕਈ ਬਹਾਨਿਆਂ ਨਾਲ ਲਾਲਚ ਦਿਤਾ ਜਾ ਰਿਹਾ ਹੈ। ਇਨ੍ਹਾਂ ਵਿਚ ਮੋਟੀਆਂ ਤਨਖ਼ਾਹਾਂ, ਭਾਰੀ ਬੋਨਸ ਅਤੇ ਰੂਸੀ ਨਾਗਰਿਕਤਾ ਦਿਵਾਉਣ ਦੇ ਝੂਠੇ ਵਾਅਦੇ ਸ਼ਾਮਲ ਹਨ। ਭਾਰਤੀ ਨਾਗਰਿਕਾਂ ਦੀ ਰੂਸੀ ਫ਼ੌਜ ਵਿਚ ਭਰਤੀ ਨਵੀਂ ਦਿੱਲੀ ਅਤੇ ਮਾਸਕੋ ਦੇ ਮਜ਼ਬੂਤ ਸਬੰਧਾਂ ਵਿਚ ਇਕ ਵੱਡੀ ਰੁਕਾਵਟ ਬਣੀ ਹੋਈ ਹੈ।
ਭਾਰਤ-ਰੂਸ ਸੰਬੰਧਾਂ ‘ਤੇ ਅਸਰ
ਭਾਰਤ ਸਰਕਾਰ ਨੇ ਕਈ ਵਾਰ ਰੂਸ ਕੋਲ ਇਹ ਮੁੱਦਾ ਉਠਾਇਆ ਹੈ ਕਿ ਭਾਰਤੀਆਂ ਨੂੰ ਜੰਗ ਦੇ ਮੈਦਾਨ ਵਿਚੋਂ ਤੁਰਤ ਵਾਪਸ ਭੇਜਿਆ ਜਾਵੇ। ਜਾਣਕਾਰੀ ਅਨੁਸਾਰ 35 ਦੇ ਕਰੀਬ ਭਾਰਤੀ ਅਜੇ ਵੀ ਰੂਸੀ ਫ਼ੌਜ ਦੀਆਂ ਫ਼ਰੰਟ ਲਾਈਨਾਂ ’ਤੇ ਤਾਇਨਾਤ ਹਨ। ਭਾਰਤ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਰੂਸੀ ਅਧਿਕਾਰੀਆਂ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਵਾਰ-ਵਾਰ ਭਾਰਤੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਵਿਚ ਵਧੀਆ ਨੌਕਰੀਆਂ ਦੇ ਨਾਂ ’ਤੇ ਦਿਤੇ ਜਾਣ ਵਾਲੇ ਝਾਂਸੇ ’ਚ ਨਾ ਫਸਣ।
ਅਕਸਰ ਨੌਜਵਾਨਾਂ ਨੂੰ ਇਹ ਕਹਿ ਕੇ ਲਿਜਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਰੂਸ ’ਚ ਚੰਗੀ ਨੌਕਰੀ, ਜਿਵੇਂ ਹੋਟਲ, ਮਾਲ ਜਾਂ ਫ਼ੈਕਟਰੀ ਆਦਿ ’ਚ ਲਵਾਇਆ ਜਾਵੇਗਾ ਪਰ ਬਾਅਦ ਵਿਚ ਉਨ੍ਹਾਂ ਨੂੰ ਜੰਗੀ ਮੋਰਚਿਆਂ ’ਤੇ ਤਾਇਨਾਤ ਕਰ ਦਿਤਾ ਜਾਂਦਾ ਹੈ।


