Begin typing your search above and press return to search.

ਨਹੀਂ ਰਹੇ 114 ਸਾਲਾ ਮੈਰਾਥੋਨ ਦੌੜਾਕ ਫੌਜਾ ਸਿੰਘ, ਸੜਕ ਹਾਦਸੇ 'ਚ ਮੌਤ

ਨਹੀਂ ਰਹੇ 114 ਸਾਲਾ ਮੈਰਾਥੋਨ ਦੌੜਾਕ ਫੌਜਾ ਸਿੰਘ, ਸੜਕ ਹਾਦਸੇ ਚ ਮੌਤ
X

Sandeep KaurBy : Sandeep Kaur

  |  15 July 2025 1:00 AM IST

  • whatsapp
  • Telegram

ਪੰਜਾਬ ਅਤੇ ਯੂਕੇ ਦੇ 114 ਸਾਲਾ ਮਹਾਨ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਸੋਮਵਾਰ ਸ਼ਾਮ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਸੋਮਵਾਰ ਸ਼ਾਮ ਨੂੰ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਹ 114 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਫ਼ੌਜਾ ਸਿੰਘ ਸੋਮਵਾਰ ਦੁਪਹਿਰ ਲਗਪਗ 3:30 ਵਜੇ ਆਪਣੇ ਪਿੰਡ ਬਿਆਸ ਪਿੰਡ ਨੇੜੇ ਪਠਾਨਕੋਟ-ਜਲੰਧਰ ਰਾਸ਼ਟਰੀ ਰਾਜਮਾਰਗ 'ਤੇ ਸੈਰ ਕਰਨ ਲਈ ਗਏ ਸਨ। ਪੈਦਲ ਚੱਲਦੇ ਹੋਏ ਉਹ ਸੜਕ ਪਾਰ ਕਰਕੇ ਦੂਜੇ ਪਾਸੇ ਜਾਣ ਲੱਗੇ, ਜਿਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਵਾਲਾ ਡਰਾਈਵਰ ਮੌਕੇ ਤੋਂ ਗੱਡੀ ਸਮੇਤ ਭੱਜ ਗਿਆ। ਬਿਆਸ ਪਿੰਡ ਦੇ ਕੁਝ ਨੌਜਵਾਨਾਂ ਨੇ ਫ਼ੌਜਾ ਸਿੰਘ ਨੂੰ ਸੜਕ ਕਿਨਾਰੇ ਜ਼ਖ਼ਮੀ ਹਾਲਤ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਸ਼੍ਰੀਮਾਨ ਹਸਪਤਾਲ ਲੈ ਗਏ। ਉੱਥੇ ਇਲਾਜ ਦੌਰਾਨ ਸ਼ਾਮ ਲਗਭਗ 6:30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਬਿਆਸ ਪਿੰਡ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਲਗਪਗ 3:30 ਵਜੇ ਜਲੰਧਰ ਜਾਣ ਲਈ ਪਿੰਡ ਤੋਂ ਕਾਰ ਵਿੱਚ ਸਵਾਰ ਹੋ ਕੇ ਨਿਕਲੇ ਸਨ।

ਜਿਵੇਂ ਹੀ ਉਹ ਪਿੰਡ ਦੇ ਐਂਟਰੀ ਪੁਆਇੰਟ 'ਤੇ ਪਹੁੰਚੇ, ਉਨ੍ਹਾਂ ਦੇਖਿਆ ਕਿ ਫ਼ੌਜਾ ਸਿੰਘ ਸੜਕ ਦੇ ਵਿਚਕਾਰ ਪਏ ਸਨ। ਪਿੰਡ ਦੇ ਦੋ ਤੋਂ ਤਿੰਨ ਨੌਜਵਾਨ ਉਸਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਫ਼ੌਜਾ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਖੂਨ ਵਹਿ ਰਿਹਾ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਦਾਖਲ ਕੀਤਾ ਅਤੇ ਇਲਾਜ ਸ਼ੁਰੂ ਕਰ ਦਿੱਤਾ। ਇਸ ਦੌਰਾਨ, ਐਕਸ-ਰੇ ਕੀਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਖੱਬੇ ਪਾਸੇ ਦੀਆਂ ਪਸਲੀਆਂ ਟੁੱਟ ਗਈਆਂ ਸਨ। ਰੀੜ੍ਹ ਦੀ ਹੱਡੀ ਵਿੱਚ ਵੀ ਡੂੰਘੀ ਸੱਟ ਲੱਗੀ ਸੀ। ਸੜਕ ਦੇ ਵਿਚਕਾਰ ਡਿੱਗਣ ਕਾਰਨ, ਉਨ੍ਹਾਂ ਦੇ ਸਿਰ ਵਿੱਚ ਇੱਕ ਜਗ੍ਹਾ 'ਤੇ ਗੰਭੀਰ ਸੱਟ ਲੱਗੀ ਸੀ। ਗੁਰਪ੍ਰੀਤ ਨੇ ਦੱਸਿਆ ਕਿ ਹਸਪਤਾਲ ਵਿੱਚ ਵੀ ਫ਼ੌਜਾ ਸਿੰਘ ਡਾਕਟਰਾਂ ਨੂੰ ਜਵਾਬ ਦੇ ਰਹੇ ਸਨ। ਸ਼ਾਮ ਨੂੰ ਲਗਭਗ 6:30 ਵਜੇ ਪਤਾ ਲੱਗਾ ਕਿ ਫ਼ੌਜਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਚਸ਼ਮਦੀਦਾਂ ਅਨੁਸਾਰ, ਜਿਸ ਕਾਰ ਨੇ ਫ਼ੌਜਾ ਸਿੰਘ ਨੂੰ ਟੱਕਰ ਮਾਰੀ ਸੀ ਉਹ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਕਾਰ ਦੀ ਟੱਕਰ ਕਾਰਨ ਫੌਜਾ ਸਿੰਘ ਹਵਾ ਵਿੱਚ ਪੰਜ ਤੋਂ ਛੇ ਫੁੱਟ ਉੱਪਰ ਛਾਲ ਮਾਰ ਗਏ ਸਨ ਅਤੇ ਫਿਰ ਸੜਕ 'ਤੇ ਡਿੱਗ ਪਏ। ਫ਼ੌਜਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਘਰੋਂ ਚਾਹ ਪੀ ਕੇ ਸੈਰ ਕਰਨ ਗਏ ਸਨ। ਉਨ੍ਹਾਂ ਦਾ ਘਰ ਨੈਸ਼ਨਲ ਹਾਈਵੇਅ ਦੇ ਕਿਨਾਰੇ ਹੈ।

ਫੌਜਾ ਸਿੰਘ ਦੀ ਅਧਿਕਾਰਤ ਜੀਵਨੀ ਲਿਖਣ ਵਾਲੇ ਚੰਡੀਗੜ੍ਹ ਦੇ ਲੇਖਕ ਖੁਸ਼ਵੰਤ ਸਿੰਘ ਨੇ ਫੇਸਬੁੱਕ 'ਤੇ ਪੋਸਟ ਕੀਤਾ, "ਮੇਰੇ ਸਭ ਤੋਂ ਸਤਿਕਾਰਯੋਗ, ਸ. ਫੌਜਾ ਸਿੰਘ ਦੇ ਦੇਹਾਂਤ 'ਤੇ ਬਹੁਤ ਦੁੱਖ ਸਾਂਝਾ ਕਰ ਰਿਹਾ ਹਾਂ।" "ਮੇਰਾ ਪੱਗ ਵਾਲਾ ਟੋਰਨਾਡੋ ਹੁਣ ਨਹੀਂ ਰਿਹਾ।" ਲੇਖਕ ਖੁਸ਼ਵੰਤ ਸਿੰਘ ਨੇ ਇੱਕ ਵੀਡੀਓ ਸ਼ਰਧਾਂਜਲੀ ਵੀ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਫੌਜਾ ਸਿੰਘ ਨੂੰ 'ਟਰਬਨੇਡ ਟੋਰਨਾਡੋ', 'ਰਨਿੰਗ ਬਾਬਾ', ਅਤੇ 'ਸਿੱਖ ਸੁਪਰਮੈਨ' ਦੇ ਉਪਨਾਮਾਂ ਨਾਲ ਜਾਣਿਆ ਜਾਂਦਾ ਸੀ। ਮੈਰਾਥਨ ਦੌੜਾਕ ਫੌਜਾ ਸਿੰਘ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ’ਚ 1 ਅਪ੍ਰੈਲ 1911 ਨੂੰ ਹੋਇਆ। ਫੌਜਾ ਸਿੰਘ ਪੜ੍ਹੇ-ਲਿਖੇ ਨਹੀਂ ਸਨ ਅਤੇ ਪੰਜਾਬੀ ਬੋਲਣੀ ਜਾਣਦੇ ਸਨ ਪਰ ਪੜ੍ਹਨੀ ਨਹੀਂ। ਉਹ ਚਾਰ ਬੱਚਿਆਂ ’ਚ ਸਭ ਤੋਂ ਛੋਟੇ ਸਨ। ਉਨ੍ਹਾਂ ਦੀਆਂ ਲੱਤਾਂ ਬਹੁਤ ਪਤਲੀਆਂ ਅਤੇ ਕਮਜ਼ੋਰ ਹੋਣ ਕਰਕੇ ਉਹ ਪੰਜ ਸਾਲ ਤੱਕ ਤੁਰਨ ਤੋਂ ਅਸਮਰੱਥ ਰਹੇ ਸਨ ਅਤੇ ਥੋੜ੍ਹਾ ਤੁਰ ਕੇ ਥੱਕ ਜਾਂਦੇ ਸਨ। ਜਵਾਨ ਹੋਣ ’ਤੇ ਉਨ੍ਹਾਂ ’ਚ ਦੌੜਨ ਦਾ ਸ਼ੌਕ ਪੈਦਾ ਹੋ ਗਿਆ ਪਰ 1947 ’ਚ ਭਾਰਤ ਦੀ ਵੰਡ ਕਾਰਨ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ। 16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਘੰਟੇ 11 ਮਿੰਟ ਅਤੇ 6 ਸਕਿੰਟ ’ਚ ਪੂਰੀ ਕਰਕੇ ਉਹ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਸਨ ਪਰ ਗਿੰਨੀਜ਼ ਵਰਲਡ ਰਿਕਾਰਡਜ਼ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਕੋਲ ਜਨਮ ਸਰਟੀਫਿਕੇਟ ਨਹੀਂ ਸੀ।

ਬਾਅਦ ’ਚ ਉਨ੍ਹਾਂ ਨੇ ਆਪਣਾ ਬ੍ਰਿਟਿਸ਼ ਪਾਸਪੋਰਟ ਅਤੇ ਮਹਾਰਾਣੀ ਐਲਿਜ਼ਬੇਥ ਵਲੋਂ 100ਵੇਂ ਜਨਮ ਦਿਨ ’ਤੇ ਭੇਜੀ ਚਿੱਠੀ ਦਿਖਾਈ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡਜ਼ ’ਚ ਦਰਜ ਹੋਇਆ। ਫੌਜਾ ਸਿੰਘ ਨੇ 2000 ਵਿਚ 89 ਸਾਲ ਦੀ ਉਮਰ ’ਚ ਲੰਡਨ ਮੈਰਾਥਨ ਤੋਂ ਦੌੜਨ ਦੀ ਸ਼ੁਰੂਆਤ ਕੀਤੀ ਸੀ। 2003 ’ਚ 92 ਸਾਲ ਦੀ ਉਮਰ ’ਚ ਉਨ੍ਹਾਂ ਨੇ 90 ਸਾਲਾਂ ਤੋਂ ਉਪਰ ਬਾਬਿਆਂ ਦੀ ਦੌੜ ’ਚ ਹਿੱਸਾ ਲਿਆ ਅਤੇ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਬਾਅਦ 2003 ’ਚ ਲੰਡਨ ਮੈਰਾਥਨ ਉਨ੍ਹਾਂ ਨੇ 6 ਘੰਟੇ 2 ਮਿੰਟ ’ਚ ਪੂਰੀ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮੈਰਾਥਨਜ਼ ’ਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 2012 ਤਕ ਉਨ੍ਹਾਂ ਨੇ 6 ਲੰਡਨ ਮੈਰਾਥਨਜ਼ ਹਿੱਸਾ ਲਿਆ। ਦੋ ਕੈਨੇਡੀਆਈ ਮੈਰਾਥਨਜ਼, ਨਿਊਯਾਰਕ ਮੈਰਾਥਨਜ਼ ਅਤੇ ਅਨੇਕਾਂ ਹਾਫ ਮੈਰਾਥਨਜ਼ ’ਚ ਹਿੱਸਾ ਲਿਆ। ਉਨ੍ਹਾਂ ਦੀਆਂ ਮੈਰਾਥਨਜ਼ ਦੇ ਖੇਤਰ ’ਚ ਪ੍ਰਾਪਤੀਆਂ ਦੀ ਬਦੌਲਤ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲ ਐਥਨਿਕ ਕੋਲੇਸ਼ਨ ਨੇ ‘ਏਲਿਸ ਆਈਲੈਂਡ ਮੈਡਲ ਆਫ ਆਨਰ’ ਨਾਲ ਸਨਮਾਨਿਤ ਕੀਤਾ ਸੀ। ਇਸ ਤੋਂ ਬਾਅਦ ਯੂ. ਕੇ. ਆਧਾਰਿਤ ਇਕ ਸੰਗਠਨ ਵਲੋਂ ਉਨ੍ਹਾਂ ਨੂੰ ‘ਪ੍ਰਾਈਡ ਆਫ ਇੰਡੀਆ’ਦਾ ਖਿਤਾਬ ਵੀ ਦਿੱਤਾ ਗਿਆ।

ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ, “ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਉਨ੍ਹਾਂ ਨੇ ਅੱਜ ਇੱਕ ਦੁਖਦਾਈ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ ਦਿੱਤੀ।” "114 ਸਾਲ ਦੀ ਉਮਰ ਵਿੱਚ ਵੀ, ਉਹ ਆਪਣੀ ਤਾਕਤ ਅਤੇ ਵਚਨਬੱਧਤਾ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹੇ। ਮੈਨੂੰ ਦਸੰਬਰ 2024 ਵਿੱਚ ਉਨ੍ਹਾਂ ਦੇ ਪਿੰਡ ਬਿਆਸ, ਜ਼ਿਲ੍ਹਾ ਜਲੰਧਰ ਤੋਂ ਦੋ ਦਿਨਾਂ 'ਨਸ਼ਾ ਮੁਕਤ: ਰੰਗਲਾ ਪੰਜਾਬ' ਮਾਰਚ ਦੌਰਾਨ ਉਨ੍ਹਾਂ ਦੇ ਨਾਲ ਚੱਲਣ ਦਾ ਸਨਮਾਨ ਮਿਲਿਆ। ਫਿਰ ਵੀ, ਉਨ੍ਹਾਂ ਦੀ ਮੌਜੂਦਗੀ ਨੇ ਅੰਦੋਲਨ ਨੂੰ ਬੇਮਿਸਾਲ ਊਰਜਾ ਅਤੇ ਭਾਵਨਾ ਨਾਲ ਭਰ ਦਿੱਤਾ।" ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਜਿਉਂਦੀ ਰਹੇਗੀ ਜੋ ਇੱਕ ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ ਲਈ ਲੜ ਰਹੇ ਹਨ।

Next Story
ਤਾਜ਼ਾ ਖਬਰਾਂ
Share it