ਰੌਲਾ ਪੈਣ ਮਗਰੋਂ ਗਿਆਨੀ ਰਘਬੀਰ ਸਿੰਘ ਨੇ ਪਟੀਸ਼ਨ ਵਾਪਸ ਲਈ

ਗਿਆਨੀ ਰਘਬੀਰ ਸਿੰਘ ਨੇ ਹਾਈ ਕੋਰਟ ਵਿੱਚੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ
ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ, ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਗਿਆਨੀ ਰਘਬੀਰ ਸਿੰਘ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵਜੋਂ ਕਿਸੇ ਵੀ ਸਮੇਂ ਸੇਵਾ ਮੁਕਤ ਕੀਤਾ ਜਾ ਸਕਦਾ ਹੈ। ਇਸ ਲਈ, ਉਨ੍ਹਾਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ SGPC ਨੂੰ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਤੋਂ ਰੋਕਿਆ ਜਾਵੇ।
ਪਟੀਸ਼ਨ ਵਿੱਚ ਗਿਆਨੀ ਰਘਬੀਰ ਸਿੰਘ ਨੇ ਇਹ ਵੀ ਦਰਸਾਇਆ ਕਿ SGPC ਵੱਲੋਂ ਪਹਿਲਾਂ ਹੀ ਉਨ੍ਹਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਹੈਡ ਗ੍ਰੰਥੀ ਦੀ ਪੋਸਟ ਵੀ ਖਤਰੇ 'ਚ ਹੈ। ਉਨ੍ਹਾਂ ਪਾਸੋਂ ਵਕੀਲ ਨਵੀਨ ਸ਼ਰਮਾ ਵੱਲੋਂ ਲਗਾਈ ਗਈ ਪਟੀਸ਼ਨ ਵਿੱਚ ਇਹ ਵੀ ਦਰਸਾਇਆ ਗਿਆ ਸੀ ਕਿ SGPC ਨੇ 1925 ਦੇ ਐਕਟ ਅਤੇ ਸਰਵਿਸ ਨਿਯਮਾਂ ਅਧੀਨ ਹੀ ਅਹੁਦੇ ਬਦਲਣ ਜਾਂ ਹਟਾਉਣ ਦੇ ਪੂਰੇ ਅਧਿਕਾਰ ਰੱਖਦੇ ਹਨ।
SGPC ਦੇ ਕਾਨੂੰਨੀ ਸਲਾਹਕਾਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹਾਲੇ ਤੱਕ ਹਾਈ ਕੋਰਟ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ, ਪਰ ਇਹ ਪੱਕਾ ਹੋ ਗਿਆ ਹੈ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। SGPC ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸੰਸਥਾ ਚੁਣੀ ਹੋਈ ਹੈ ਅਤੇ ਸਰਵਿਸ ਨਿਯਮਾਂ ਅਨੁਸਾਰ ਹੀ ਕਿਸੇ ਵੀ ਮੁਲਾਜ਼ਮ ਬਾਰੇ ਫੈਸਲਾ ਲਿਆ ਜਾਂਦਾ ਹੈ।
ਹੁਣ ਖਬਰ ਆਈ ਹੈ ਕਿ ਚਾਰੇ ਪਾਸੇ ਰੌਲਾ ਪੈਣ ਮਗਰੋਂ ਜਥੇਦਾਰ ਰਘਬੀਰ ਸਿੰਘ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।
ਇਹ ਮਾਮਲਾ ਸਿੱਖ ਧਾਰਮਿਕ ਅਤੇ ਪ੍ਰਬੰਧਕੀ ਸਰਚਾ ਵਿੱਚ ਨਵਾਂ ਮੋੜ ਲੈ ਆਇਆ ਹੈ, ਜਿਸ 'ਤੇ ਹੁਣ ਹਾਈ ਕੋਰਟ ਦਾ ਫੈਸਲਾ ਅਹਿਮ ਹੋਵੇਗਾ।