ਕੋਲੰਬੀਆ: ਰਾਸ਼ਟਰਪਤੀ ਉਮੀਦਵਾਰ ਮਿਗੁਏਲ ਉਰੀਬੇ 'ਤੇ ਚੋਣ ਪ੍ਰਚਾਰ ਦੌਰਾਨ ਗੋਲੀਬਾਰੀ
ਹਮਲੇ 'ਚ ਉਰੀਬੇ ਦੀ ਪਿੱਠ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

By : Gill
ਹਾਲਤ ਨਾਜ਼ੁਕ
ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿੱਚ ਚੋਣੀ ਹਿੰਸਾ ਨੇ ਨਵਾਂ ਰੂਪ ਧਾਰ ਲਿਆ ਜਦੋਂ ਰਾਸ਼ਟਰਪਤੀ ਉਮੀਦਵਾਰ ਅਤੇ ਸੀਨੇਟਰ ਮਿਗੁਏਲ ਉਰੀਬੇ 'ਤੇ ਚੋਣ ਪ੍ਰਚਾਰ ਦੌਰਾਨ ਗੋਲੀ ਚਲਾਈ ਗਈ। ਇਹ ਹਮਲਾ ਰਾਜਧਾਨੀ ਬੋਗੋਟਾ ਦੇ ਫੋਂਟੀਬੋਨ ਖੇਤਰ ਵਿੱਚ ਉਸ ਸਮੇਂ ਹੋਇਆ ਜਦੋਂ ਉਰੀਬੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਹਮਲੇ 'ਚ ਉਰੀਬੇ ਦੀ ਪਿੱਠ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਹਮਲਾਵਰ ਗ੍ਰਿਫ਼ਤਾਰ, ਸ਼ਹਿਰ ਦੇ ਹਸਪਤਾਲ ਅਲਰਟ 'ਤੇ
ਬੋਗੋਟਾ ਦੇ ਮੇਅਰ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੂਰੇ ਸ਼ਹਿਰ ਦੇ ਹਸਪਤਾਲਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ, ਤਾਂ ਜੋ ਜ਼ਰੂਰਤ ਪੈਣ 'ਤੇ ਉਰੀਬੇ ਨੂੰ ਕਿਸੇ ਹੋਰ ਹਸਪਤਾਲ 'ਚ ਭੇਜਿਆ ਜਾ ਸਕੇ। ਕੋਲੰਬੀਆ ਦੀ ਸਰਕਾਰ ਅਤੇ ਰਾਸ਼ਟਰਪਤੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਦੀ ਪੂਰੀ ਜਾਂਚ ਹੋਵੇਗੀ।
ਕੌਣ ਹਨ ਮਿਗੁਏਲ ਉਰੀਬੇ?
39 ਸਾਲਾ ਮਿਗੁਏਲ ਉਰੀਬੇ ਵਿਰੋਧੀ ਸੈਂਟਰੋ ਡੈਮੋਕ੍ਰੇਟਿਕੋ ਕੰਜ਼ਰਵੇਟਿਵ ਪਾਰਟੀ ਦੇ ਸੀਨੇਟਰ ਹਨ ਅਤੇ 2026 ਚੋਣਾਂ ਲਈ ਮੁੱਖ ਉਮੀਦਵਾਰ ਮੰਨੇ ਜਾਂਦੇ ਹਨ। ਉਰੀਬੇ ਦੀ ਮਾਂ, ਪ੍ਰਸਿੱਧ ਪੱਤਰਕਾਰ ਡਾਇਨਾ ਟਰਬੇ, 1991 ਵਿੱਚ ਡਰੱਗ ਮਾਫੀਆ ਪਾਬਲੋ ਐਸਕੋਬਾਰ ਦੇ ਕਾਰਟੇਲ ਵੱਲੋਂ ਅਗਵਾ ਕਰਨ ਦੌਰਾਨ ਮਾਰੀ ਗਈ ਸੀ।
ਸਿਆਸੀ ਹਲਕਿਆਂ 'ਚ ਚਿੰਤਾ
ਇਸ ਹਮਲੇ ਨੇ ਕੋਲੰਬੀਆ ਦੀ ਚੋਣੀ ਸਿਆਸਤ ਅਤੇ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਮਲੇ ਤੋਂ ਬਾਅਦ, ਰਾਜਨੀਤਿਕ ਪਾਰਟੀਆਂ ਅਤੇ ਸਰਕਾਰ ਵੱਲੋਂ ਸਖ਼ਤ ਨਿੰਦਾ ਆ ਰਹੀ ਹੈ ਅਤੇ ਚੋਣੀ ਮੁਹੌਲ ਨੂੰ ਸੁਰੱਖਿਅਤ ਬਣਾਉਣ ਦੀ ਮੰਗ ਹੋ ਰਹੀ ਹੈ।


