One dead in Brampton stabbing

By : Upjit Singh
ਬਰੈਂਪਟਨ : ਬਰੈਂਪਟਨ ਵਿਖੇ ਵੀਰਵਾਰ ਦੇਰ ਰਾਤ ਹੋਈ ਛੁਰੇਬਾਜ਼ੀ ਦੌਰਾਨ ਇਕ ਜਣੇ ਦੀ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮੈਕਮਰਚੀ ਐਵੇਨਿਊ ਅਤੇ ਪੇਜਬਰੂਕ ਕੋਰਟ ਇਲਾਕੇ ਵਿਚ ਛੁਰੇਬਾਜ਼ੀ ਦੀ ਵਾਰਦਾਤ ਬਾਰੇ ਇਤਲਾਹ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਅਫ਼ਸਰਾ ਨੂੰ ਇਕ ਸ਼ਖਸ ਨਾਜ਼ੁਕ ਹਾਲਤ ਵਿਚ ਮਿਲਿਆ ਜਿਸ ਨੂੰ ਮੌਕੇ ’ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਸ਼ੱਕੀ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਫ਼ਿਲਹਾਲ ਉਨ੍ਹਾਂ ਦਾ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ।
ਪੀਲ ਰੀਜਨਲ ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ
ਪੀਲ ਪੁਲਿਸ ਮੁਤਾਬਕ ਛੁਰੇਬਾਜ਼ੀ ਦੀ ਅਸਲ ਜਗ੍ਹਾ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ ਪਰ ਵਾਰਦਾਤ 440 ਮੈਕਮਰਚੀ ਐਵੇਨਿਊ ਦੀਆਂ ਬਹੁਮੰਜ਼ਿਲਾ ਇਮਾਰਤਾਂ ਦੇ ਬਾਹਰ ਵਾਪਰੀ। ਦੱਸ ਦੇਈਏ ਕਿ ਬਰੈਂਪਟਨ ਅਤੇ ਮਿਸੀਸਾਗਾ ਵਿਚ ਪਿਛਲੇ 24 ਘੰਟੇ ਦੌਰਾਨ ਗੋਲੀਬਾਰੀ ਅਤੇ ਛੁਰੇਬਾਜ਼ੀ ਦੀ ਇਹ ਚੌਥੀ ਵਾਰਦਾਤ ਹੈ। ਬੁੱਧਵਾਰ ਰਾਤ ਬਰੈਂਪਟਨ ਦੇ ਇਕ ਘਰ ਵਿਚ ਗੋਲੀਆਂ ਚੱਲੀਆਂ ਜਦਕਿ ਵੀਰਵਾਰ ਸਵੇਰੇ ਮਿਸੀਸਾਗਾ ਵਿਖੇ ਲੁੱਟ ਦੀ ਵਾਰਦਾਤ ਦੌਰਾਨ ਇਕ ਜਣਾ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਪਹਿਲਾਂ ਮਿਸੀਸਾਗਾ ਦੇ ਸਾਊਥ ਮਿਲਵੇਅ ਸ਼ੌਪਿੰਗ ਸੈਂਟਰ ਵਿਚ 15 ਸਾਲਾ ਅੱਲ੍ਹੜ ਦੇ ਗਰਦਨ ਅਤੇ ਪੇਟ ਵਿਚ ਛੁਰੇ ਨਾਲ ਵਾਰ ਕਰਨ ਦਾ ਮਾਮਲਾ ਸਾਹਮਣੇ ਆਇਆ।


