ਮਿਸੀਸਾਗਾ ਦੇ ਮੇਅਰ ਦੀ ਜ਼ਿੰਮੇਵਾਰੀ ਤੋਂ ਲਾਂਭੇ ਹੋਣਗੇ ਬੌਨੀ ਕਰੌਂਬੀ
ਮਿਸੀਸਾਗਾ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਕੁਝ ਸਮੇਂ ਲਈ ਮੇਅਰ ਦੀਆਂ ਜ਼ਿੰਮੇਵਾਰੀਆਂ ਤੋਂ ਲਾਂਭੇ ਹੋਣ ਦਾ ਐਲਾਨ ਕੀਤਾ ਹੈ। ਉਨਟਾਰੀਓ ਵਿਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਬੌਨੀ ਕਰੌਂਬੀ ਦੀ ਛੁੱਟੀ 7 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਸਿਟੀ ਕੌਂਸਲ ਵੱਲੋਂ ਕਾਰਜਕਾਰੀ ਮੇਅਰ ਨਿਯੁਕਤ ਕੀਤਾ ਜਾਵੇਗਾ। ਜੂਨ ਵਿਚ ਰਸਮੀ […]
By : Hamdard Tv Admin
ਮਿਸੀਸਾਗਾ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਕੁਝ ਸਮੇਂ ਲਈ ਮੇਅਰ ਦੀਆਂ ਜ਼ਿੰਮੇਵਾਰੀਆਂ ਤੋਂ ਲਾਂਭੇ ਹੋਣ ਦਾ ਐਲਾਨ ਕੀਤਾ ਹੈ। ਉਨਟਾਰੀਓ ਵਿਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਬੌਨੀ ਕਰੌਂਬੀ ਦੀ ਛੁੱਟੀ 7 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਸਿਟੀ ਕੌਂਸਲ ਵੱਲੋਂ ਕਾਰਜਕਾਰੀ ਮੇਅਰ ਨਿਯੁਕਤ ਕੀਤਾ ਜਾਵੇਗਾ।
ਜੂਨ ਵਿਚ ਰਸਮੀ ਤੌਰ ’ਤੇ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਐਲਾਨ ਕਰਨ ਵਾਲੀ ਬੌਨੀ ਕਰੌਂਬੀ ਨੇ ਦਾਅਵਾ ਕੀਤਾ ਸੀ ਕਿ ਮੇਅਰ ਦਾ ਕੰਮਕਾਜ ਬਿਲਕੁਲ ਪ੍ਰਭਾਵਤ ਨਹੀਂ ਹੋਵੇਗਾ ਅਤੇ ਉਹ ਛੁੱਟੀ ਵਾਲੇ ਦਿਨਾਂ ਦੌਰਾਨ ਲੀਡਰਸ਼ਿਪ ਦੌੜ ਨਾਲ ਸਬੰਧਤ ਰੁਝੇਵੇਂ ਨਿਪਟਾਇਆ ਕਰਨਗੇ।
ਉਸ ਵੇਲੇ ਉਨਟਾਰੀਓ ਦੇ ਪ੍ਰੀਮੀਅਰ ਡੋਗ ਫੋਰਡ ਨੇ ਕਿਹਾ ਸੀ ਕਿ ਬੌਨੀ ਕਰੌਂਬੀ ਨੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਕੇ ਮਿਸੀਸਾਗਾ ਵਾਸੀਆਂ ਦੇ ਮੂੰਹ ’ਤੇ ਚਪੇੜ ਮਾਰੀ ਹੈ।
2008 ਤੋਂ 2011 ਦਰਮਿਆਨ ਲਿਬਰਲ ਪਾਰਟੀ ਵੱਲੋਂ ਐਮ.ਪੀ. ਰਹਿ ਚੁੱਕੀ ਬੌਨੀ ਕਰੌਂਬੀ 2014 ਵਿਚ ਪਹਿਲੀ ਵਾਰ ਮਿਸੀਸਾਗਾ ਦੀ ਮੇਅਰ ਚੁਣੀ ਗਈ ਜਦੋਂ ਹੇਜ਼ਲ ਮਕੈਲੀਅਨ ਨੇ ਕਈ ਦਹਾਕਿਆਂ ਦੀ ਸੇਵਾ ਮਗਰੋਂ ਸੇਵਾ ਮੁਕਤ ਹੋਣ ਦਾ ਐਲਾਨ ਕਰ ਦਿਤਾ। 2018 ਅਤੇ 2022 ਵਿਚ ਉਹ ਮੁੜ ਮੇਅਰ ਦੀ ਚੋਣ ਜਿੱਤਣ ਵਿਚ ਸਫਲ ਰਹੇ ਪਰ ਅਚਾਨਕ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ।
ਹਾਲਾਂਕਿ ਟੋਰਾਂਟੋ ਸਟਾਰ ਦੀ ਰਿਪੋਰਟ ਵਿਚ ਬੌਨੀ ਕਰੌਂਬੀ ਦੇ ਲੀਡਰਸ਼ਿਪ ਦੌੜ ਵਿਚ ਸ਼ਾਮਲ ਦੇ ਇਰਾਦਿਆਂ ਬਾਰੇ ਪਹਿਲਾਂ ਹੀ ਦੱਸ ਦਿਤਾ ਗਿਆ ਸੀ ਪਰ ਉਸ ਵੇਲੇ ਮਿਸੀਸਾਗਾ ਦੀ ਮੇਅਰ ਜ਼ੋਰਦਾਰ ਤਰੀਕੇ ਨਾਲ ਇਸ ਗੱਲ ਤੋਂ ਇਨਕਾਰ ਕੀਤਾ। ਲਿਬਰਲ ਪਾਰਟੀ ਦੀ ਮੈਂਬਰ 25 ਅਤੇ 26 ਨਵੰਬਰ ਨੂੰ ਵੋਟਾਂ ਪਾਉਣਗੇ ਅਤੇ ਨਤੀਜਿਆਂ ਦਾ ਐਲਾਨ 2 ਦਸੰਬਰ ਨੂੰ ਕੀਤਾ ਜਾਵੇਗਾ।
ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਬੌਨੀ ਕਰੌਂਬੀ ਵੋਟਿੰਗ ਹੋਣ ਤੱਕ ਛੁੱਟੀ ’ਤੇ ਰਹਿਣਗੇ ਅਤੇ ਜੇਤੂ ਰਹਿਣ ਦੀ ਸੂਰਤ ਵਿਚ ਅਸਤੀਫੇ ਦਾ ਐਲਾਨ ਹੋ ਸਕਦਾ ਹੈ। ਇਸ ਮਗਰੋਂ ਮਿਸੀਸਾਗਾ ਵਾਸੀਆਂ ਨੂੰ ਜ਼ਿਮਨੀ ਚੋਣ ਦੌਰਾਨ ਨਵੇਂ ਮੇਅਰ ਦੀ ਚੋਣ ਕਰਨੀ ਹੋਵੇਗੀ।