ਪੱਕਿਆ ਪਕਾਇਆ ਖਾਣ ਨੂੰ ਫਿਰ ਰਹੀ ਭਾਜਪਾ!
ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਵਿਚ ਸਾਰੀਆਂ ਪਾਰਟੀਆਂ ਵੱਲੋਂ ਕਾਫ਼ੀ ਸਮੇਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਨ੍ਹਾਂ ਵਿਚ ਭਾਜਪਾ ਕਿਤੇ ਦਿਖਾਈ ਨਹੀਂ ਸੀ ਦਿੰਦੀ ਪਰ ਜਦੋਂ ਤੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਇਆ ਏ, ਉਦੋਂ ਤੋਂ ਪੂਰੇ ਪੰਜਾਬ ਵਿਚ ਭਾਜਪਾ-ਭਾਜਪਾ ਹੋਈ ਪਈ ਐ ਕਿਉਂਕਿ ਪਟਿਆਲਾ, ਲੁਧਿਆਣਾ ਅਤੇ ਜਲੰਧਰ […]
By : Makhan Shah
ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਵਿਚ ਸਾਰੀਆਂ ਪਾਰਟੀਆਂ ਵੱਲੋਂ ਕਾਫ਼ੀ ਸਮੇਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਨ੍ਹਾਂ ਵਿਚ ਭਾਜਪਾ ਕਿਤੇ ਦਿਖਾਈ ਨਹੀਂ ਸੀ ਦਿੰਦੀ ਪਰ ਜਦੋਂ ਤੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਇਆ ਏ, ਉਦੋਂ ਤੋਂ ਪੂਰੇ ਪੰਜਾਬ ਵਿਚ ਭਾਜਪਾ-ਭਾਜਪਾ ਹੋਈ ਪਈ ਐ ਕਿਉਂਕਿ ਪਟਿਆਲਾ, ਲੁਧਿਆਣਾ ਅਤੇ ਜਲੰਧਰ ਦੇ ਵੱਡੇ ਆਗੂ ਦੂਜੀਆਂ ਪਾਰਟੀਆਂ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਨੇ, ਜਿਹੜੇ ਉਮੀਦਵਾਰਾਂ ਨੂੰ ਕਾਂਗਰਸ ਜਾਂ ਆਪ ਨੇ ਉਮੀਦਵਾਰ ਐਲਾਨਣਾ ਸੀ, ਉਨ੍ਹਾਂ ਨੂੰ ਹੁਣ ਭਾਜਪਾ ਵੱਲੋਂ ਉਮੀਦਵਾਰ ਬਣਾਇਆ ਜਾ ਸਕਦਾ ਏ। ਇਹ ਸਿਲਸਿਲਾ ਹਾਲੇ ਖ਼ਤਮ ਨਹੀਂ ਹੋਇਆ ਬਲਕਿ ਸ਼ੁਰੂ ਹੋਇਐ,,, ਕਿਉਂਕਿ ਆਉਣ ਵਾਲੇ ਦਿਨਾਂ ਵਿਚ ਹੋਰ ਹਲਕਿਆਂ ਤੋਂ ਵੀ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲ ਸਕਦੀਆਂ ਨੇ।
ਗੱਲ ਕਰਦੇ ਆਂ ਸ਼ਾਹੀ ਸ਼ਹਿਰ ਪਟਿਆਲਾ ਦੀ,,, ਜਿਸ ਨੂੰ ਕਾਫ਼ੀ ਅਹਿਮ ਅਤੇ ਹੌਟ ਸੀਟ ਮੰਨਿਆ ਜਾਂਦਾ ਏ। ਇਹ ਹਲਕਾ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਦਾ ਏ, ਜਿੱਥੋਂ ਉਨ੍ਹਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਟਿਕਟ ’ਤੇ ਦੋ ਵਾਰ ਲੋਕ ਸਭਾ ਚੋਣ ਜਿੱਤ ਚੁੱਕੀ ਐ ਪਰ ਮੌਜੂਦਾ ਸਮੇਂ ਉਨ੍ਹਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਏ ਤਾਂ ਕਾਂਗਰਸ ਨੂੰ ਉਮੀਦਵਾਰ ਨਹੀਂ ਲੱਭ ਰਿਹਾ। ਜਦਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ।
ਭਾਜਪਾ ਵੱਲੋਂ ਭਾਵੇਂ ਹਾਲੇ ਰਸਮੀ ਤੌਰ ’ਤੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਕੌਰ ਦਾ ਨਾਮ ਤੈਅ ਮੰਨਿਆ ਜਾ ਰਿਹਾ ਏ। ਮਹਾਰਾਣੀ ਪ੍ਰਨੀਤ ਕੌਰ ਦਾ ਹਲਕੇ ਵਿਚ ਕਾਫ਼ੀ ਜ਼ਿਆਦਾ ਪ੍ਰਭਾਵ ਐ, ਜਿਸ ਦਾ ਫ਼ਾਇਦਾ ਭਾਜਪਾ ਲੈਣਾ ਚਾਹੁੰਦੀ ਐ। ਉਂਝ ਕਾਂਗਰਸ ਵੱਲੋਂ ਵੀ ਮਹਾਰਾਣੀ ਨੂੰ ਟੱਕਰ ਦੇਣ ਦਾ ਤੋੜ ਲੱਭਿਆ ਜਾ ਰਿਹਾ ਏ, ਜਲਦ ਹੀ ਕਾਂਗਰਸ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾਵੋਗਾ।
ਹੁਣ ਗੱਲ ਕਰਦੇ ਆਂ ਪੰਜਾਬ ਦੀ ਆਰਥਿਕ ਨਗਰੀ ਵਜੋਂ ਜਾਣੇ ਜਾਂਦੇ ਲੁਧਿਆਣਾ ਹਲਕੇ ਦੀ,,, ਇਸ ਸੀਟ ਤੋਂ ਹਾਲੇ ਤੱਕ ਕਿਸੇ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਕਾਂਗਰਸ ਵੱਲੋਂ ਉਮੀਦਵਾਰ ਐਲਾਨਣ ਦੀ ਤਿਆਰੀ ਕੀਤੀ ਜਾ ਰਹੀ ਐ ਪਰ ਐਨ ਮੌਕੇ ’ਤੇ ਕਾਂਗਰਸ ਦੇ ਲੁਧਿਆਣਾ ਮੌਜੂਦਾ ਸਾਂਸਦ ਰਵਨੀਤ ਸਿੰਘ ਬਿੱਟੂ ਪਲਟੀ ਮਾਰ ਕੇ ਭਾਜਪਾ ਵਿਚ ਸ਼ਾਮਲ ਹੋ ਗਏ।
ਯਾਨੀ ਭਾਜਪਾ ਨੂੰ ਇੱਥੇ ਵੀ ਉਮੀਦਵਾਰ ਲੱਭਣ ਦੀ ਲੋੜ ਨਹੀਂ ਪਈ, ਉਹ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰ ਸਕਦੀ ਐ। ਉਂਝ ਰਵਨੀਤ ਬਿੱਟੂ ਦੇ ਚੰਡੀਗੜ੍ਹ ਤੋਂ ਚੋਣ ਲੜਨ ਦੀਆਂ ਵੀ ਚਰਚਾਵਾਂ ਸਾਹਮਣੇ ਆ ਰਹੀਆਂ ਨੇ। ਖ਼ੈਰ,,, ਰਵਨੀਤ ਬਿੱਟੂ ਭਾਵੇਂ ਜਿੱਥੋਂ ਮਰਜ਼ੀ ਚੋਣ ਲੜੇ ਪਰ ਬਿੱਟੂ ਦੀ ਐਨ ਮੌਕੇ ’ਤੇ ਮਾਰੀ ਗਈ ਪਲਟੀ ਨੇ ਕਾਂਗਰਸ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਕਿਉਂਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੋਣ ਕਰਕੇ ਰਵਨੀਤ ਬਿੱਟੂ ਦੇ ਪਰਿਵਾਰ ਨੂੰ ਕੱਟੜ ਕਾਂਗਰਸੀ ਪਰਿਵਾਰ ਮੰਨਿਆ ਜਾਂਦਾ ਏ। ਹੁਣ ਕਿਤੇ ਇਹ ਨਾ ਹੋਵੇ ਕਿ ਬਿੱਟੂ ਦੇ ਪਿੱਛੇ ਪਿੱਛੇ ਉਸ ਦਾ ਭਰਾ ਗੁਰਕੀਰਤ ਕੋਟਲੀ ਵੀ ਆ ਜਾਵੇ। ਜੇਕਰ ਅਜਿਹਾ ਹੋਇਆ ਤਾਂ ਕਾਂਗਰਸ ਲਈ ਵਾਕਈ ਇਹ ਮੁਸ਼ਕਲਾਂ ਭਰੀ ਘੜੀ ਹੋਵੇਗੀ।
ਇਸੇ ਤਰ੍ਹਾਂ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਲੋਕ ਸਭਾ ਹਲਕੇ ਤੋਂ ਵੀ ਭਾਜਪਾ ਨੂੰ ਬਣਿਆ ਬਣਾਇਆ ਉਮੀਦਵਾਰ ਸੁਸ਼ੀਲ ਰਿੰਕੂ ਲੱਭ ਗਿਆ, ਜਿਸ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਪੱਲਾ ਫੜ ਲਿਆ। ਹੈਰਾਨੀ ਦੀ ਗੱਲ ਇਹ ਐ ਕਿ ਆਮ ਆਦਮੀ ਪਾਰਟੀ ਵੱਲੋਂ ਸੁਸ਼ੀਲ ਰਿੰਕੂ ਨੂੰ ਆਪਣੀ ਪਹਿਲੀ ਸੂਚੀ ਵਿਚ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਐਨ ਮੌਕੇ ’ਤੇ ਆ ਕੇ ਭਾਜਪਾ ਵਿਚ ਡੱਡੂ ਛੜੱਪਾ ਮਾਰ ਦਿੱਤਾ ਅਤੇ ਜਾਂਦੇ ਜਾਂਦੇ ਆਪ ਦੇ ਇਕ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੀ ਨਾਲ ਲੈ ਗਏ।
ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ 92 ਨਹੀਂ ਬਲਕਿ 91 ਵਿਧਾਇਕ ਰਹਿ ਚੁੱਕੇ ਨੇ ਅਤੇ ਉਨ੍ਹਾਂ ਦਾ ਇਕਲੌਤਾ ਸਾਂਸਦ ਸੁਸ਼ੀਲ ਰਿੰਕੂ ਵੀ ਐਨ ਮੌਕੇ ’ਤੇ ਪਾਰਟੀ ਦਾ ਸਾਥ ਛੱਡ ਗਿਆ। ਭਾਜਪਾ ਵੱਲੋਂ ਕੁੱਝ ਹੋਰ ਆਗੂ ਵੀ ਉਮੀਦਵਾਰ ਬਣਨ ਦੀ ਆਸ ਲਗਾਈ ਬੈਠੇ ਸੀ ਪਰ ਭਾਜਪਾ ਆਗੂਆਂ ਦੀ ਇਕ ਸਿਫ਼ਤ ਜ਼ਰੂਰ ਐ ਕਿ ਹਾਈਕਮਾਨ ਦੇ ਫ਼ੈਸਲੇ ਅੱਗੇ ਕੋਈ ਚੂੰ ਤੱਕ ਨਹੀਂ ਕਰਦਾ।
ਉਂਝ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਕਾਂਗਰਸ ਕੋਲੋਂ ਖੋਹਿਆ ਸੀ, ਹੁਣ ਆਮ ਆਦਮੀ ਪਾਰਟੀ ਤੋਂ ਭਾਜਪਾ ਨੇ ਖੋਹ ਲਿਆ। ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਭਾਜਪਾ ਵੱਲੋਂ ਟਿਕਟ ਮਿਲਣੀ ਤੈਅ ਐ ਅਤੇ ਮੌਜੂਦਾ ਸਥਿਤੀ ਨੂੰ ਲੈ ਕੇ ਭਾਜਪਾ ਕਾਫ਼ੀ ਖ਼ੁਸ਼ ਵੀ ਦਿਖਾਈ ਦੇ ਰਹੀ ਐ।
ਹੁਣ ਗੱਲ ਕਰਦੇ ਆਂ ਗੁਰੂ ਨਗਰੀ ਅੰਮ੍ਰਿਤਸਰ ਦੀ,,, ਇਹ ਸੀਟ ਵੀ ਪੰਜਾਬ ਦੀ ਅਹਿਮ ਅਤੇ ਹੌਟ ਸੀਟ ਮੰਨੀ ਜਾਂਦੀ ਐ। ਉਂਝ ਇੱਥੋਂ ਭਾਜਪਾ ਵੱਲੋਂ ਸਾਬਕਾ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਨੇ ਜ਼ੋਰ ਫÇੜਆ ਹੋਇਆ ਏ ਪਰ ਅਜੇ ਵੀ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਕਿਸ ਸਮੇਂ ਕੀ ਹੋ ਜਾਵੇ।
ਲੋਕਾਂ ਵਿਚ ਚਰਚਾ ਚੱਲ ਰਹੀ ਐ ਕਿ ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਜਾ ਰਿਹਾ ਏ ਜੋ ਅੱਜਕੱਲ੍ਹ ਸਿਆਸਤ ਤੋਂ ਦੂਰ ਹੋ ਕੇ ਬੈਠੇ ਹੋਏ ਨੇ। ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂਆਂ ਨਾਲ ਨਵਜੋਤ ਸਿੰਘ ਸਿੱਧੂ ਦੀ ਦਾਲ਼ ਨਹੀਂ ਗਲ਼ਦੀ, ਜਿਸ ਕਰਕੇ ਸਿੱਧੂ ਦਾ ਭਾਜਪਾ ਵਿਚ ਜਾਣਾ ਕੋਈ ਹੈਰਾਨੀਜਨਕ ਨਹੀਂ ਹੋਵੇਗਾ ਕਿਉਂਕਿ ਨਵਜੋਤ ਸਿੱਧੂ ਪਹਿਲਾਂ ਵੀ ਅੰਮ੍ਰਿਤਸਰ ਤੋਂ ਦੋ ਵਾਰ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਪਾ ਚੁੱਕੇ ਨੇ। ਉਂਝ ਇਹ ਸਿਰਫ਼ ਲੋਕਾਂ ਦੀਆਂ ਜ਼ੁਬਾਨਾਂ ਦੇ ਭੇੜ ਨੇ,,, ਅਸਲ ਸੱਚਾਈ ਕੀ ਐ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।
ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਭਾਜਪਾ ਕੋਲ ਚੋਣਾਂ ਵਿਚ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ, ਜਿਸ ਕਰਕੇ ਭਾਜਪਾ ਵੱਲੋਂ ਪੱਕਿਆ ਪਕਾਇਆ ਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਰਵਨੀਤ ਬਿੱਟੂ, ਸੁਸ਼ੀਲ ਰਿੰਕੂ ਅਤੇ ਮਹਾਰਾਣੀ ਪ੍ਰਨੀਤ ਕੌਰ ਵਰਗੇ ਜਿਹੜੇ ਕੁੱਝ ਆਗੂ ਭਾਜਪਾ ਵਿਚ ਸ਼ਾਮਲ ਹੋਏ ਨੇ, ਇਹ ਸਾਰੇ ਦੂਜੀਆਂ ਪਾਰਟੀਆਂ ਵਿਚ ਸਾਂਸਦ ਸਨ ਅਤੇ ਅੱਗੋਂ ਵੀ ਉਮੀਦਵਾਰੀ ਦੇ ਦਾਅਵੇਦਾਰ ਸਨ, ਬਲਕਿ ਰਿੰਕੂ ਦੇ ਨਾਂਅ ਦਾ ਤਾਂ ਐਲਾਨ ਹੋ ਚੁੱਕਿਆ ਸੀ।
ਸੋ ਇਨ੍ਹਾਂ ਆਗੂਆਂ ਦੇ ਡੱਡੂ ਛੜੱਪਿਆਂ ਨਾਲ ਭਾਜਪਾ ਦੇ ਉਮੀਦਵਾਰ ਤਾਂ ਬੇਸ਼ੱਕ ਪੂਰੇ ਹੋ ਜਾਣਗੇ ਪਰ ਸਭ ਤੋਂ ਵੱਡਾ ਸਵਾਲ ਇਹ ਐ,, ਕੀ ਭਾਜਪਾ ਦੇ ਲੋਕ ਐਨ ਮੌਕੇ ’ਤੇ ਪਾਰਟੀ ਛੱਡਣ ਵਾਲੇ ਇਨ੍ਹਾਂ ਦਲ ਬਦਲੂਆਂ ਨੂੰ ਮੂੰਹ ਲਗਾਉਣਗੇ ਜਾਂ ਨਹੀਂ?