‘‘ਸਿੱਖਾਂ ਤੋਂ ਬਿਨਾਂ ਅਧੂਰੀ ਐ ਭਾਜਪਾ ਸਰਕਾਰ’’
ਟੋਰਾਂਟੋ, 19 ਫਰਵਰੀ : ਕਿਸਾਨੀ ਮੁੱਦਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਏ, ਜਿਸ ਵਿਚ ਉਨ੍ਹਾਂ ਵੱਲੋਂ ਜਿੱਥੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਏ, ਉਥੇ ਹੀ ਉਨ੍ਹਾਂ ਇਹ ਵੀ ਆਖਿਆ ਕਿ ਅਗਲੀ ਵਾਰ ਫਿਰ ਤੋਂ ਦੇਸ਼ ਵਿਚ ਭਾਜਪਾ ਦੀ ਸਰਕਾਰ ਬਣੇਗੀ, ਜਿਸ […]
By : Makhan Shah
ਟੋਰਾਂਟੋ, 19 ਫਰਵਰੀ : ਕਿਸਾਨੀ ਮੁੱਦਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਏ, ਜਿਸ ਵਿਚ ਉਨ੍ਹਾਂ ਵੱਲੋਂ ਜਿੱਥੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਏ, ਉਥੇ ਹੀ ਉਨ੍ਹਾਂ ਇਹ ਵੀ ਆਖਿਆ ਕਿ ਅਗਲੀ ਵਾਰ ਫਿਰ ਤੋਂ ਦੇਸ਼ ਵਿਚ ਭਾਜਪਾ ਦੀ ਸਰਕਾਰ ਬਣੇਗੀ, ਜਿਸ ਵਿਚ ਸਿੱਖਾਂ ਦਾ ਅਹਿਮ ਯੋਗਦਾਨ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਨੇ ਇਹ ਬਿਆਨ ਅਮਰੀਕੀ ਸਿੱਖ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਅਮਿਤ ਸ਼ਾਹ ਨਾਲ ਕੀਤੀ ਗਈ ਮੁਲਾਕਾਤ ਦੌਰਾਨ ਦਿੱਤਾ ਗਿਆ। ਜਿਸ ਦਾ ਖ਼ੁਲਾਸਾ ਖ਼ੁਦ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ ਏ। ਕਿਸਾਨਾਂ ਅਤੇ ਸਿੱਖਾਂ ਨੂੰ ਲੈ ਕੇ ਹੋਰ ਕੀ ਆਖਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ,
ਅਮਰੀਕੀ ਸਿੱਖ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਦੇ ਨਾਮ ਤੋਂ ਹਰ ਪੰਜਾਬੀ ਚੰਗੀ ਤਰ੍ਹਾਂ ਜਾਣੂ ਐ, ਜਿਨ੍ਹਾਂ ਵੱਲੋਂ ਕਿਸਾਨਾਂ ਦੀ ਹਰ ਪੱਖੋਂ ਮਦਦ ਕੀਤੀ ਜਾਂਦੀ ਐ। ਬੀਤੇ ਦਿਨੀਂ ਦਰਸ਼ਨ ਸਿੰਘ ਧਾਲੀਵਾਲ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਅਮਰੀਕਾ ਦੇ ਮਿਲਵਾਕੀ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੇ ਸੀ। ਇਸ ਮੌਕੇ ਦਰਸ਼ਨ ਸਿੰਘ ਧਾਲੀਵਾਲ ਦੇ ਨਾਲ ਉਨ੍ਹਾਂ ਦੇ ਭਰਾ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਚਰਨਜੀਤ ਸਿੰਘ ਧਾਲੀਵਾਲ ਵੀ ਮੌਜੂਦ ਸਨ। ਤਿੰਨੇ ਭਰਾਵਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਕਰੀਬ ਡੇਢ ਘੰਟੇ ਤੱਕ ਗੱਲਬਾਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨਗੇ। ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਪੰਜਾਬ ਵਾਸੀਆਂ ਦੀ ਤਾਰੀਫ਼ ਕਰਦਿਆਂ ਆਖਿਆ ਕਿ ਦੇਸ਼ ਦੀ ਆਜ਼ਾਦੀ ਅਤੇ ਹਰੀ ਕ੍ਰਾਂਤੀ ਲਿਆਉਣ ਵਿਚ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦਾ ਵਡਮੁੱਲਾ ਯੋਗਦਾਨ ਐ, ਜਿਸ ਨੂੰ ਦੇਸ਼ ਕਦੇ ਭੁਲਾ ਨਹੀਂ ਸਕਦਾ।
ਉਨ੍ਹਾਂ ਸਿੱਖਾਂ ਦੀ ਤਾਰੀਫ਼ ਕਰਦਿਆਂ ਆਖਿਆ ਕਿ ਸਿੱਖ ਕੌਮ ਨੇ ਦੇਸ਼ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ, ਜਿਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਦੇਸ਼ ਵਿਚ ਅਗਲੀ ਵਾਰ ਵੀ ਭਾਜਪਾ ਦੀ ਸਰਕਾਰ ਬਣੇਗੀ ਪਰ ਇਹ ਸਿੱਖਾਂ ਤੋਂ ਬਿਨਾਂ ਅਧੂਰੀ ਹੋਵੇਗੀ, ਇਸ ਲਈ ਭਾਜਪਾ ਸਿੱਖਾਂ ਨੂੰ ਹਮੇਸ਼ਾਂ ਨਾਲ ਲੈ ਕੇ ਚੱਲੇਗੀ।
ਹਮਦਰਦ ਟੀਵੀ ਵੱਲੋਂ ਦਰਸ਼ਨ ਸਿੰਘ ਧਾਲੀਵਾਲ ਨਾਲ ਇਹ ਗੱਲਬਾਤ ਉਸ ਵੇਲੇ ਕੀਤੀ ਗਈ ਜਦੋਂ ਉਹ ਦਿੱਲੀ ਤੋਂ ਟੋਰਾਂਟੋ ਹਵਾਈ ਅੱਡੇ ਪੁੱਜੇ ਸੀ ਅਤੇ ਅੱਗੇ ਉਨ੍ਹਾਂ ਮਿਲਵਾਕੀ ਜਾਣਾ ਸੀ। ਜਦੋਂ ਦਰਸ਼ਨ ਸਿੰਘ ਧਾਲੀਵਾਲ ਨੂੰ ਇਹ ਪੁੱਛਿਆ ਗਿਆ ਕਿ ਕੀ ਇਸ ਮੁਲਾਕਾਤ ਦੌਰਾਨ ਅਕਾਲੀ ਭਾਜਪਾ ਵਿਚਾਲੇ ਗਠਜੋੜ ਬਾਰੇ ਵੀ ਕੋਈ ਗੱਲਬਾਤ ਹੋਈ ਐ, ਤਾਂ ਉਨ੍ਹਾਂ ਆਖਿਆ ਕਿ ਉਹ ਸਿਰਫ਼ ਕਿਸਾਨਾਂ ਦੇ ਮੁੱਦੇ ’ਤੇ ਗੱਲਬਾਤ ਕਰਨ ਲਈ ਗਏ ਸੀ, ਇਹ ਅਜਿਹੀ ਗੱਲਬਾਤ ਕਰਨ ਦਾ ਮੌਕਾ ਨਹੀਂ ਸੀ। ਉਨ੍ਹਾਂ ਲਈ ਸਿਰਫ਼ ਕਿਸਾਨੀ ਮੁੱਦਿਆਂ ਦਾ ਹੱਲ ਹੋਣਾ ਹੀ ਪ੍ਰਮੁੱਖ ਐ।
ਦੱਸ ਦਈਏ ਕਿ ਦਰਸ਼ਨ ਸਿੰਘ ਧਾਲੀਵਾਲ ਦਾ ਨਾਮ ਅਮਰੀਕਾ ਦੇ ਪ੍ਰਮੁੱਖ ਅਰਬਪਤੀਆਂ ਵਿਚ ਸ਼ੁਮਾਰ ਹੁੰਦਾ ਏ। ਪਿਛਲੇ ਕਿਸਾਨੀ ਅੰਦੋਲਨ ਵਿਚ ਉਨ੍ਹਾਂ ਨੇ ਕਿਸਾਨਾਂ ਦੀ ਮਦਦ ਲਈ ਕਰੋੜਾਂ ਰੁਪਏ ਖ਼ਰਚ ਕਰ ਦਿੱਤੇ ਸਨ, ਪੂਰਾ ਸਾਲ ਉਨ੍ਹਾਂ ਨੇ ਸਿੰਘੂ ਬਾਰਡਰ ’ਤੇ ਕਿਸਾਨਾਂ ਲਈ ਕਈ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਗਾਇਆ ਹੋਇਆ ਸੀ।
ਅਮਰੀਕਾ ਵਿਚ ਉਨ੍ਹਾਂ ਦੇ ਲਗਭਗ ਇਕ ਹਜ਼ਾਰ ਪਟਰੌਲ ਪੰਪ ਅਤੇ ਗੈਸ ਸਟੇਸ਼ਨ ਨੇ, ਜਦਕਿ ਇਸ ਤੋਂ ਇਲਾਵਾ ਉਹ ਸੈਂਕੜਿਆਂ ਦੀ ਗਿਣਤੀ ਵਿਚ ਬ੍ਰਾਂਡਡ ਕੰਪਨੀਆਂ ਦੇ ਸ਼ੋਅਰੂਮਾਂ ਦੇ ਵੀ ਮਾਲਕ ਨੇ। ਉਨ੍ਹਾਂ ਕੋਲ ਆਪਣੇ ਖ਼ੁਦ ਦੇ ਜਹਾਜ਼ ਵੀ ਨੇ ਪਰ ਉਨ੍ਹਾਂ ਵਿਚ ਨਿਮਰਤਾ ਇੰਨੀ ਜ਼ਿਆਦਾ ਏ ਕਿ ਉਹ ਕਿਸੇ ਦੀ ਮਦਦ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ। ਫਿਲਹਾਲ ਕੇਂਦਰ ਸਰਕਾਰ ਦੀ ਕਿਸਾਨਾਂ ਦੇ ਨਾਲ ਗੱਲਬਾਤ ਚੱਲ ਰਹੀ ਐ, ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਕਦੋਂ ਪੂਰੀਆਂ ਕਰਦੀ ਐ।