‘‘ਪੁਲਿਸ ਨਹੀਂ, ਦਰਸ਼ਨਕਾਰੀਆਂ ਨੇ ਚਲਾਈ ਸੀ ਗੋਲੀ’’
ਚੰਡੀਗੜ੍ਹ, 17 ਸਤੰਬਰ : ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਐਸਆਈਟੀ ਵੱਲੋਂ ਕੀਤੀ ਗਈ ਜਾਂਚ ਵਿਚ ਸਨਸਨੀਖੇਜ਼ ਖ਼ੁਲਾਸਾ ਸਾਹਮਣੇ ਆਇਆ ਏ, ਜਿਸ ਵਿਚ ਸ਼ੱਕ ਜਤਾਇਆ ਜਾ ਰਿਹਾ ਏ ਕਿ ਕੋਟਕਪੂਰਾ ਵਿਖੇ ਗੋਲੀ ਪੁਲਿਸ ਵੱਲੋਂ ਨਹੀਂ ਬਲਕਿ ਕਿਸੇ ਹੋਰ ਪ੍ਰਦਰਸ਼ਨਕਾਰੀ ਵੱਲੋਂ ਚਲਾਈ ਗਈ ਜਾਪਦੀ ਐ। ਸਿੱਟ ਦੇ ਚਲਾਨ ਵਿਚ ਪੇਸ਼ ਕੀਤੇ ਗਏ ਇਸ ਤੱਥ ਇਸ ਮਾਮਲੇ ਵਿਚ […]
By : Hamdard Tv Admin
ਚੰਡੀਗੜ੍ਹ, 17 ਸਤੰਬਰ : ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਐਸਆਈਟੀ ਵੱਲੋਂ ਕੀਤੀ ਗਈ ਜਾਂਚ ਵਿਚ ਸਨਸਨੀਖੇਜ਼ ਖ਼ੁਲਾਸਾ ਸਾਹਮਣੇ ਆਇਆ ਏ, ਜਿਸ ਵਿਚ ਸ਼ੱਕ ਜਤਾਇਆ ਜਾ ਰਿਹਾ ਏ ਕਿ ਕੋਟਕਪੂਰਾ ਵਿਖੇ ਗੋਲੀ ਪੁਲਿਸ ਵੱਲੋਂ ਨਹੀਂ ਬਲਕਿ ਕਿਸੇ ਹੋਰ ਪ੍ਰਦਰਸ਼ਨਕਾਰੀ ਵੱਲੋਂ ਚਲਾਈ ਗਈ ਜਾਪਦੀ ਐ। ਸਿੱਟ ਦੇ ਚਲਾਨ ਵਿਚ ਪੇਸ਼ ਕੀਤੇ ਗਏ ਇਸ ਤੱਥ ਇਸ ਮਾਮਲੇ ਵਿਚ ਨਵਾਂ ਮੋੜ ਲਿਆ ਦਿੱਤਾ ਏ। ਦੇਖੋ ਪੂਰੀ ਖ਼ਬਰ।
ਕੋਟਕਪੂਰਾ ਗੋਲੀ ਕਾਂਡ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਵਿੱਚ ਦਰਜ ਮਾਮਲੇ ਦੀ ਐਸਆਈਟੀ ਵੱਲੋਂ ਕੀਤੀ ਗਈ ਜਾਂਚ ਦੌਰਾਨ ਨਵੇਂ ਤੱਥ ਸਾਹਮਣੇ ਆਏ ਨੇ। ਦਰਅਸਲ ਐਸਆਈਟੀ ਵੱਲੋਂ ਆਪਣੇ ਚਲਾਨ ਸਮੇਤ ਜੋ ਸਬੂਤ ਪੇਸ਼ ਕੀਤੇ ਗਏ ਨੇ, ਉਨ੍ਹਾਂ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਏ ਕਿ ਗੋਲੀ ਪੁਲਿਸ ਵੱਲੋਂ ਨਹੀਂ ਸਗੋਂ ਕਿਸੇ ਹੋਰ ਪ੍ਰਦਰਸ਼ਨਕਾਰੀ ਵੱਲੋਂ ਚਲਾਈ ਗਈ ਜਾਪਦੀ ਐ।
ਦੱਸਣਯੋਗ ਐ ਕਿ ਕੋਟਕਪੂਰਾ ਗੋਲੀ ਕਾਂਡ ਦੌਰਾਨ ਪ੍ਰਦਰਸ਼ਨਕਾਰੀ ਅਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਐਫਆਈਆਰ ਨੰਬਰ 129 ਦਰਜ ਕੀਤੀ ਗਈ ਸੀ ਅਤੇ ਉਸ ਵਿੱਚ ਅਜੀਤ ਸਿੰਘ ਨੇ ਖ਼ੁਦ ਦੱਸਿਆ ਸੀ ਕਿ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚੋਂ ਇੱਕ ਗੋਲੀ ਉਸਦੀ ਲੱਤ ਵਿੱਚ ਲੱਗੀ ਸੀ ਪਰ ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਏ।
ਇਸ ਮਾਮਲੇ ਵਿੱਚ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਇਸ ਸਬੰਧੀ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਦੇ ਨਾਲ ਉਸ ਸਮੇਂ ਦੀ ਸੀਸੀਟੀਵੀ ਫੁਟੇਜ ਦੀ ਸੀਡੀ ਵੀ ਸਬੂਤ ਵਜੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਐ, ਜਿਸ ਵਿੱਚ ਉਸ ਸਮੇਂ ਦੇ ਚੌਕ ਦੇ ਨਾਲ ਲੱਗਦੀ ਮੁਕਤਸਰ ਰੋਡ ਅਤੇ ਜੈਤੋ ਰੋਡ ਦੀ ਫੁਟੇਜ ਦਿਖਾਈ ਗਈ ਐ, ਜਿੱਥੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਇੱਥੇ ਹੀ ਬਸ ਨਹੀਂ, ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਮੁਤਾਬਕ ਗੋਲੀਬਾਰੀ ਸਮੇਂ ਪ੍ਰਦਰਸ਼ਨਕਾਰੀਆਂ ਨੇ ਹੈੱਡ ਕਾਂਸਟੇਬਲ ਰਸ਼ਪਾਲ ਸਿੰਘ ਅਤੇ ਕਾਂਸਟੇਬਲ ਕੁਲਵਿੰਦਰ ਸਿੰਘ ਤੋਂ ਦੋ ਐਸਐਲਆਰ ਖੋਹ ਲਈਆਂ ਸਨ, ਸੀਸੀਟੀਵੀ ਵਿੱਚ ਦੋ ਵਿਅਕਤੀ ਉਨ੍ਹਾਂ ਨੂੰ ਚੁੱਕਦੇ ਹੋਏ ਵੀ ਦਿਖਾਈ ਦੇ ਰਹੇ ਨੇ।
ਇਸ ਤੋਂ ਇਲਾਵਾ ਐਸਆਈਟੀ ਵੱਲੋਂ ਪੇਸ਼ ਕੀਤੇ ਗਏ ਚਲਾਨ ਦੇ ਪੰਨਾ ਨੰਬਰ 257 ’ਤੇ ਸਪੱਸ਼ਟ ਕੀਤਾ ਗਿਆ ਕਿ ਫੁਟੇਜ ਦੇ ਅਨੁਸਾਰ, ਇਹ ਐਸਐਲਆਰ ਬੀਟ ਬਾਕਸ ਵਿੱਚ ਖੜ੍ਹੇ ਦੋ ਪੁਲਿਸ ਮੁਲਾਜ਼ਮਾਂ ਤੋਂ ਪ੍ਰਦਰਸ਼ਨਕਾਰੀਆਂ ਨੇ ਖੋਹੀਆਂ ਸੀ, ਇਨ੍ਹਾਂ ਵਿੱਚੋਂ ਇੱਕ ਵਿਅਕਤੀ ਸਵੇਰੇ 6 ਵੱਜ ਕੇ 49 ਮਿੰਟ ਅਤੇ 4 ਸੈਕਿੰਡ ਅਤੇ ਦੂਜੇ ਵਿਅਕਤੀ ਨੂੰ ਸਵੇਰੇ 6 ਵੱਜ ਕੇ 49 ਮਿੰਟ ਤੇ 8 ਸੈਕਿੰਡ ’ਤੇ ਐਸਐਲਆਰ ਨਾਲ ਫੁਟੇਜ ਵਿੱਚ ਦੇਖਿਆ ਗਿਆ ਏ।
ਇਨ੍ਹਾਂ ਵਿੱਚੋਂ ਇੱਕ ਪ੍ਰਦਰਸ਼ਨਕਾਰੀ ਨੀਲੇ ਕੱਪੜੇ ਅਤੇ ਪੀਲੇ ਦਸਤਾਨੇ ਪਹਿਨੇ ਐਸਐਲਆਰ ਲੈ ਕੇ ਮੁਕਤਸਰ ਰੋਡ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਨੇ, ਜਦਕਿ ਨੀਲੇ ਰੰਗ ਦਾ ਰੁਮਾਲ, ਭਗਵਾ ਰੁਮਾਲ ਅਤੇ ਪੀਲੀ ਪੱਗ ਬੰਨ੍ਹ ਕੇ ਇੱਕ ਪ੍ਰਦਰਸ਼ਨਕਾਰੀ ਐਸਐਲਆਰ ਲੈ ਕੇ ਫਰੀਦਕੋਟ ਰੋਡ ਵੱਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਏ, ਜਦਕਿ ਦੂਜੇ ਪਾਸੇ ਬਾਕੀ ਧਰਨਾਕਾਰੀ ਮੁਕਤਸਰ ਰੋਡ ਵੱਲ ਭੱਜ ਰਹੇ ਸਨ। ਇਸ ਦੇ ਨਾਲ ਹੀ ਵੀਡੀਓ ਵਿਚ ਇਕ ਪਾਸੇ ਜ਼ਖ਼ਮੀ ਹੋਣ ਤੋਂ ਬਾਅਦ ਜ਼ਮੀਨ ’ਤੇ ਡਿੱਗਦੇ ਅਜੀਤ ਸਿੰਘ ਵੀ ਨਜ਼ਰ ਆ ਰਹੇ ਨੇ।
ਐਸਆਈਟੀ ਮੁਤਾਬਕ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਅਜੀਤ ਸਿੰਘ ਨੂੰ ਗੋਲੀ ਮਾਰੀ ਗਈ ਤਾਂ ਉਸ ਦੀ ਖੱਬੀ ਲੱਤ ਪੁਲਿਸ ਵੱਲ ਸੀ ਜਦਕਿ ਸੱਜੀ ਲੱਤ ਮੁਕਤਸਰ ਰੋਡ ਵੱਲ ਸੀ, ਜਿੱਥੇ ਪ੍ਰਦਰਸ਼ਨਕਾਰੀ ਖੜ੍ਹੇ ਹੋਏ ਸਨ। ਇਸ ਤੋਂ ਬਾਅਦ ਉਸ ਦੀ ਸੱਜੀ ਲੱਤ ਵਿੱਚ ਵੀ ਗੋਲੀ ਲੱਗੀ ਜੋ ਮੁਕਤਸਰ ਰੋਡ ਵਾਲੇ ਪਾਸੇ ਤੋਂ ਆਈ ਸੀ ਤੇ ਸਾਰੇ ਪ੍ਰਦਰਸ਼ਨਕਾਰੀ ਉਸੇ ਪਾਸੇ ਖੜ੍ਹੇ ਹੋਏ ਸਨ।
ਇਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਏ ਕਿ ਗੋਲੀ ਐਸ.ਐਲ.ਆਰ ਤੋਂ ਚਲਾਈ ਗਈ ਸੀ, ਜਿਸ ਨੂੰ ਲੈ ਕੇ ਪ੍ਰਦਰਸ਼ਨਕਾਰੀ ਭੱਜ ਗਿਆ ਸੀ ਤੇ ਅਜੀਤ ਸਿੰਘ ਉਸ ਗੋਲੀ ਨਾਲ ਜ਼ਖ਼ਮੀ ਹੋ ਗਏ ਸਨ।
ਦੱਸ ਦਈਏ ਕਿ ਐਸਆਈਟੀ ਦੀ ਇਸ ਜਾਂਚ ਨੇ ਇਸ ਮਾਮਲੇ ਵਿੱਚ ਨਵਾਂ ਮੋੜ ਲਿਆ ਦਿੱਤਾ ਏ, ਪਰ ਅਜੇ ਵੀ ਜਾਂਚ ਜਾਰੀ ਐ ਅਤੇ ਮਾਮਲੇ ਦਾ ਪੂਰਾ ਸੱਚ ਸਾਹਮਣੇ ਆਉਣਾ ਹਾਲੇ ਬਾਕੀ ਐ।